ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਠਵੀਂ ਫੇਲ੍ਹ ਕੁੜੀ ਦਾ। ਇਸ ਕੁੜੀ ਨੂੰ ਤਾਂ ਹੁਣ ਐਸਾ ਵੈਸਾ ਹੀ ਕੋਈ ਮੁੰਡਾ ਮਿਲੇਗਾ, ਉਹ ਸੋਚਦਾ।

ਕੁੜੀ ਵਿਚਾਰੀ ਦਾ ਵੀ ਕੋਈ ਕਸੂਰ ਨਹੀਂ ਸੀ। ਕੁੜੀ ਦੀ ਮਾਂ ਦੋ ਸਾਲ ਪੇਟ ਦੀ ਬੀਮਾਰੀ ਨਾਲ ਮੰਜੇ ਉੱਤੇ ਪਈ ਰਹੀ। ਘਰ ਦਾ ਸਾਰਾ ਕੰਮ ਇਸ ਕੁੜੀ ਦੇ ਸਿਰ ਆ ਪਿਆ। ਘਰ ਦਾ ਕੰਮ ਕਰੇ ਜਾਂ ਸਕੂਲ ਜਾਵੇ। ਕਦੇ ਸਕੂਲ ਜਾਂਦੀ, ਕਦੇ ਨਾ ਜਾਂਦੀ। ਅਖੀਰ ਅਠਵੀਂ ਵਿੱਚੋਂ ਫੇਲ੍ਹ ਹੋ ਕੇ ਘਰ ਬੈਠ ਗਈ। ਮਾਂ ਵੀ ਨਾ ਬਚੀ, ਪੇਟ ਦੀ ਬੀਮਾਰੀ ਦਾ ਕੋਈ ਇਲਾਜ ਨਾ ਹੋ ਸਕਿਆ। ਲੁਧਿਆਣੇ ਜਾ ਕੇ ਪਤਾ ਲੱਗਿਆ ਕਿ ਇਹ ਤਾਂ ਕੈਂਸਰ ਹੈ। ਕੈਂਸਰ ਦਾ ਕੀ ਇਲਾਜ ਹੁੰਦਾ। ਕੈਂਸਰ ਤਾਂ ਮੌਤ ਦਾ ਦੂਜਾ ਨਾਉਂ ਹੁੰਦਾ ਹੈ। ਉਹਦੇ ਪੇਟ ਦਾ ਅਪਰੇਸ਼ਨ ਕੀਤਾ ਗਿਆ ਤੇ ਉਹ ਓਥੇ ਹਸਪਤਾਲ ਵਿੱਚ ਹੀ ਮਰ ਗਈ। ਰਾਮ ਕਿਸ਼ਨ ਪਤਨੀ ਦੀ ਲੋਥ ਚੁੱਕ ਕੇ ਘਰ ਲੈ ਆਇਆ ਸੀ।

ਤੇ ਹੁਣ ਘਰ ਵਿੱਚ ਇਹ ਤਿੰਨ ਕੁੜੀਆਂ ਸਨ ਤੇ ਜਾਂ ਰਾਮ ਕਿਸ਼ਨ ਦੀ ਬੁੱਢੀ ਮਾਂ। ਪਤਨੀ ਦੀ ਮੌਤ ਬਾਅਦ ਉਹ ਆਪਣੀ ਮਾਂ ਨੂੰ ਪਿੰਡ ਤੋਂ ਲੈ ਆਇਆ ਸੀ। ਮਾਂ ਪਿੰਡ ਛੋਟੇ ਮੁੰਡਿਆਂ ਕੋਲ ਰਹਿੰਦੀ ਹੁੰਦੀ ਸੀ। ਕੁੜੀਆਂ ਦਾ ਮਾਮਲਾ ਸੀ, ਉਹ ਇਕੱਲੀਆਂ ਰਹਿ ਗਈਆਂ ਸਨ, ਘਰ ਵਿੱਚ ਬੁੜ੍ਹੀ ਤਾਂ ਕੋਈ ਜ਼ਰੂਰੀ ਸੀ। ਹੁਣ ਤਾਂ ਉਹਦੀ ਜ਼ਿੰਦਗੀ ਦਾ ਇਹੀ ਆਖ਼ਰੀ ਮਕਸਦ ਰਹਿ ਗਿਆ ਸੀ। ਕਿ ਉਹ-ਤਿੰਨੇ ਕੁੜੀਆਂ ਨੂੰ ਘਰੋਂ ਤੋਰੇ ਤੇ ਸੁਰਖ਼ਰੂ ਹੋ ਕੇ ਬਾਕੀ ਜ਼ਿੰਦਗੀ ਬਤੀਤ ਕਰੇ।

ਇੱਕ ਦਿਨ ਉਹਨੇ ਸਵੇਰ ਦੀ ਹੀ ਗੱਡੀ ਫੜੀ ਤੇ ਬਠਿੰਡੇ ਪਹੁੰਚ ਗਿਆ। ਬਠਿੰਡੇ ਤੋਂ ਬੱਸ ਲੈ ਕੇ ਮਲੋਟ ਜਾ ਉੱਤਰਿਆ। ਮੰਡੀ ਦੇ ਵਿਚਕਾਰ ਜਿਹੇ ਜਾ ਕੇ ਉਹਨੇ ਮੁਹੱਲੇ ਦਾ ਨਾਉਂ ਲੈ ਕੇ ਇੱਕ ਦੁਕਾਨਦਾਰ ਤੋਂ ਸਤਪਾਲ ਦਾ ਮਕਾਨ ਪੁੱਛਿਆ। ਉਹ ਤਾਂ ਓਸੇ ਮੁਹੱਲੇ ਵਿੱਚ ਖੜ੍ਹਾ ਸੀ ਤੇ ਸਾਹਮਣੇ ਵਾਲੀ ਗਲੀ ਵਿੱਚ ਸਤਪਾਲ ਦਾ ਮਕਾਨ ਸੀ। ਹਾਕ ਮਾਰ ਕੇ ਉਹਨੇ ਦਰਵਾਜ਼ਾ ਖੜਕਾਇਆ। ਇੱਕ ਛੋਟੀ ਕੁੜੀ ਅੰਦਰੋਂ ਆਈ। ਪੁੱਛਣ ਲੱਗੀ- 'ਕੀ ਐ, ਭਾਈ?'

‘ਸਤਪਾਲ ਜੀ ਘਰੇ ਨੇ?’ ਰਾਮ ਕਿਸ਼ਨ ਨੇ ਮੁਸਕਰਾ ਕੇ ਪੁੱਛਿਆ।

‘ਉਹ ਤਾਂ ਦੁਕਾਨ 'ਤੇ ਹੋਣਗੇ।’

‘ਹੋਰ ਕੌਣ ਐ ਘਰੇ?’

ਛੋਟੀ ਕੁੜੀ ਅੰਦਰ ਚਲੀ ਗਈ। ਅੰਦਰੋਂ ਇੱਕ ਔਰਤ ਬਾਹਰ ਆਈ। ਪੁੱਛਿਆ- 'ਤੁਸੀਂ ਕੀਹਨੂੰ ਮਿਲਣੈ, ਭਰਾ ਜੀ?'

'ਸਤਪਾਲ ਜੀ ਨੂੰ ਮਿਲਣੈ, ਕਿਥੇ ਨੇ?'

'ਤੁਸੀਂ, ਭਰਾ ਜੀ ਕਿਥੋਂ ਆਏ ਓ?'

'ਰਾਮਪੁਰਾ ਫੂਲ ਤੋਂ। ਮੈਨੂੰ ਭੁੱਚੋ ਮੰਡੀ ਆਲੇ ਨੰਦ ਰਾਮ ਨੇ ਭੇਜਿਐ।' ਰਾਮ ਕਿਸ਼ਨ ਨੇ ਦੱਸਿਆ।

ਔਰਤ ਕੁਝ-ਕੁਝ ਸਮਝ ਗਈ ਤੇ ਉਹਨੂੰ ਅੰਦਰ ਬੈਠਕ ਵਿੱਚ ਬਿਠਾ ਲਿਆ। ਕੁੜੀ ਨੂੰ ਆਖਿਆ ਕਿ ਉਹ ਦੁਕਾਨ ਤੋਂ ਆਪਣੇ ਬਾਬਾ ਜੀ ਨੂੰ ਸੱਦ ਲਿਆਵੇ। ਆਖੇ ਕੋਈ ਆਇਆ ਹੈ।

ਰੁਖ

41