ਸੱਤਪਾਲ ਭੱਜਿਆ-ਭੱਜਿਆ ਦੁਕਾਨ ਤੋਂ ਆਇਆ। ਰਾਮ ਕਿਸ਼ਨ ਨਾਲ ਹੱਥ ਮਿਲਾਇਆ। ਰਾਮ ਕਿਸ਼ਨ ਨੇ ਨੰਦ ਰਾਮ ਦਾ ਨਾਉਂ ਲਿਆ ਤਾਂ ਉਹ ਧੰਨ ਭਾਗ... ਧੰਨ ਭਾਗ ਕਰਨ ਲੱਗਿਆ। ਰਾਮ ਕਿਸ਼ਨ ਨੂੰ ਲੱਗਿਆ, ਜਿਵੇਂ ਉਸ ਨੇ ਪਹਿਲਾਂ ਵੀ ਕਦੇ ਸਤਪਾਲ ਨੂੰ ਦੇਖਿਆ ਹੋਵੇ। ਇੱਕ ਜਾਣਿਆ-ਪਛਾਣਿਆ ਜਿਹਾ ਚਿਹਰਾ। ਉਹ ਦਿਮਾਗ਼ ਉੱਤੋਂ ਜ਼ੋਰ ਪਾਕੇ ਯਾਦ ਕਰਨ ਲੱਗਿਆ, ਉਸ ਨੇ ਕਦੋਂ ਦੇਖਿਆ ਸੀ ਇਸ ਚਿਹਰੇ ਨੂੰ? ਪਰ ਨਾਂਹ ਉਸ ਨੂੰ ਕੁਝ ਵੀ ਯਾਦ ਨਾ ਆਇਆ। ਕਈ ਵਾਰ ਚਿਹਰੇ ਮਿਲਦੇ ਜੁਲਦੇ ਵੀ ਤਾਂ ਹੁੰਦੇ ਨੇ। ਕਿਸੇ ਹੋਰ ਚਿਹਰੇ ਦੀ ਸ਼ਕਲ ਅਚੇਤ ਮਨ ਵਿੱਚ ਬੈਠੀ ਹੁੰਦੀ ਹੈ। ਫੇਰ ਉਹ ਸ਼ਕਲ ਯਾਦ ਨਹੀਂ ਰਹਿ ਗਈ ਹੁੰਦੀ।
ਰਾਮ ਕਿਸ਼ਨ ਨੇ ਗੱਲ ਤੋਰੀ। ਸੱਤਪਾਲ ਨੰਦ ਰਾਮ ਦੀ ਤਾਰੀਫ਼ ਕਰਨ ਲੱਗਿਆ। ਤੇ ਫੇਰ ਓਹੀ... ਧੰਨ ਭਾਗ, ਧੰਨ ਭਾਗ। ਇੱਕ ਵਾਰ ਵਿਚਕਾਰ ਹੀ ਗੱਲ ਛੱਡ ਕੇ ਸਤਪਾਲ ਬੈਠਕ ਵਿੱਚੋਂ ਬਾਹਰ ਵਿਹੜੇ ਵਿੱਚ ਆਇਆ ਤੇ ਬੈਠਕ ਦੇ ਬਾਰ ਦੀ ਕੰਧ ਨਾਲ ਲੱਗ ਕੇ ਉਹਨਾਂ ਦੀਆਂ ਗੱਲਾਂ ਸੁਣਦੀ ਆਪਣੀ ਘਰ ਵਾਲੀ ਨੂੰ ਕਹਿਣ ਲੱਗਿਆ.... 'ਛੋਟੀ ਕੁੜੀ ਨੂੰ ਭੇਜ, ਕਾਰਖ਼ਾਨੇ ਜਾ ਕੇ ਬਿੱਟੂ ਨੂੰ ਸੱਦ ਲਿਆਊਗੀ। ਉਹਨੂੰ ਆਏ ਨੂੰ ਆਖੀਂ, ਮੂੰਹ ਧੋ ਕੇ ਨਵੇਂ ਕਪੜੇ ਪਾਲੂਗਾ।' ਤੇ ਫੇਰ ਸੱਤਪਾਲ ਨੇ ਪੰਜਾਂ ਦਾ ਇੱਕ ਨੋਟ ਆਪਣੀ ਜੇਬ ਵਿੱਚੋਂ ਕੱਢ ਕੇ ਘਰ ਵਾਲੀ ਨੂੰ ਫੜਾਇਆ। ਕਹਿੰਦਾ- ਤੂੰ ਹਲਵਾਈ ਦੀ ਦੁਕਾਨ ਤੇ ਜਾ ਕੇ ਖਾਣ ਨੂੰ ਕੋਈ ਨਿੱਕ-ਸੁੱਕ ਲੈ ਆ। ਬਹੂ ਨੂੰ ਕਹਿ, ਸਟੋਵ ਬਾਲ ਕੇ ਚਾਹ ਧਰ ਲੂਗੀ। ਵਿੱਚ ਇੱਕ ਲੌਂਗ ਤੇ ਦੋ ਲੈਚੀਆਂ ਕੁੱਟ ਕੇ ਪਾ ਲਵੇ। ਘਰੇ ਹੋਣਗੀਆਂ ਲੌਂਗ ਲੈਚੀਆਂ, ਮੇਰੀ ਜਾਣ 'ਚ। ਮੈਂ ਬੈਠਾ ਇਹਦੇ ਕੋਲ, ਬੈਠਕ 'ਚ।'
ਉਹ ਆਪਣੀਆਂ ਗੱਲਾਂ ਮੁਕਾ ਕੇ ਹੁਣ ਏਧਰ ਓਧਰ ਦੀਆਂ ਗੱਲਾਂ ਮਾਰ ਰਹੇ ਸਨ। ਰਾਮ ਕਿਸ਼ਨ ਦੀ ਇੱਕੋ ਚਾਹ ਕਿ ਉਹ ਮੁੰਡੇ ਨੂੰ ਨਿਗਾਹ ਵਿੱਚ ਦੀ ਕੱਢ ਲਵੇ। ਬਾਕੀ ਤਾਂ ਸਭ ਠੀਕ ਹੀ ਹੈ, ਲਗਭਗ।
ਟਰੇਅ ਵਿੱਚ ਚਾਹ ਧਰ ਕੇ ਮੁੰਡਾ ਹੀ ਲਿਆਇਆ। ਰਾਮ ਕਿਸ਼ਨ ਨੂੰ ਦੇਖਣ ਚਾਖਣ ਤੋਂ ਮੁੰਡਾ ਠੀਕ ਲੱਗਿਆ। ਉਹਨੇ ਸੋਚਿਆ, ਹੋਰ ਕਿਹੋ ਜਿਹੇ ਹੁੰਦੇ ਨੇ ਮੁੰਡੇ। ਮੁੰਡਾ ਬਣਦਾ ਤਣਦਾ ਹੈ। ਉਹਦੀ ਆਪਣੀ ਕੁੜੀ ਕਿਹੜਾ ਪੰਜ ਫੂਲਾਂ ਰਾਣੀ ਐ। ਜੋੜੀ ਠੀਕ ਬਣੇਗੀ। ਟਰੇਅ ਵਿੱਚ ਦੋ ਕੱਪ ਦੇਖ ਕੇ ਰਾਮ ਕਿਸ਼ਨ ਨੇ ਕਿਹਾ- 'ਤੂੰ ਵੀ ਲਿਆ ਬਈ ਆਪਣਾ ਕੱਪ। ਤੂੰ ਵੀ ਪੀ ਚਾਹ।' ਮੁੰਡਾ ਨਹੀਂ-ਨਹੀਂ ਕਰਨ ਲੱਗਿਆ। ਅਖ਼ੀਰ ਸੱਤਪਾਲ ਨੇ ਹੀ ਆਖ ਦਿੱਤੀ ਕਿ ਉਹ ਇੱਕ ਪਿਆਲੀ ਹੋਰ ਲੈ ਆਵੇ। ਰਾਮ ਕਿਸ਼ਨ ਦਾ ਮਤਲਬ ਸੀ ਕਿ ਮੁੰਡਾ ਚਾਹ ਪੀਣ ਬਹਾਨੇ ਉਹਨਾਂ ਕੋਲ ਬੈਠੇਗਾ ਤਾਂ ਉਹ ਉਹਦੇ ਨਾਲ ਇਕ ਅੱਧ ਗੱਲ ਕਰੇਗਾ। ਗੱਲਾਂ ਕਰਨ ਨਾਲ ਮੁੰਡੇ ਦੀ ਅਕਲ ਦਾ ਪਤਾ ਵੀ ਲੱਗ ਜਾਵੇਗਾ। ਕਿਤੇ ਬੱਧੂ ਹੀ ਨਾ ਹੋਵੇ। ਪਰ ਨਹੀਂ, ਅਜਿਹੀ ਲੱਗ ਨਹੀਂ ਸੀ। ਉਹ ਭੁੱਟ-ਭੁੱਟ ਬੋਲਦਾ ਤੇ ਸਿਆਣੇ ਜਵਾਬ ਦੇ ਰਿਹਾ ਸੀ।
ਰਾਮ ਕਿਸ਼ਨ ਨੇ ਪੱਛਿਆ- 'ਕਾਕਾ, ਦਸਵੀਂ ਐਥੋਂ ਦੇ ਸਕੂਲ 'ਚ ਈ ਕੀਤੀ ਸੀ? ਡਵੀਜ਼ਨ ਕਿਹੜੀ ਐ?'
'ਡਵੀਜ਼ਨ ਤਾਂ ਜੀ ਸੈਕਿੰਡ ਈ ਰਹਿ ਗਈ ਸੀ। ਅਸਲ 'ਚ ਇਹਨੂੰ ਇਹਦੀ ਭੂਆ ਲੈ ਗਈ ਸੀ ਆਪਣੇ ਕੋਲ, ਗਿੱਦੜਬਾਹੇ। ਬਗ਼ਾਨੇ ਘਰ ਅਹਿਓ ਜ੍ਹੀ ਈ ਹੁੰਦੀ ਐ ਪੜ੍ਹਾਈ।' ਸੱਤਪਾਲ ਨੇ ਜਵਾਬ ਦਿੱਤਾ।
42
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ