ਗੱਲ ਸੀ ਗ਼ਲਤ। ਭਾਈ ਰੂਪੇ ਦਾ ਉਹ ਆਦਮੀ ਭਾਨੀ ਮਾਰ ਸੀ, ਪੱਕਾ। ਸਾਨੂੰ ਕੀ ਪਤਾ ਸੀ।' 'ਨਾਉਂ ਕੀ ਸੀ ਉਹਦਾ...ਹਾਂ, ਅਜੇ ਤਕ ਵੀ ਯਾਦ ਐ ਮੇਰੇ, ਮਿਲਖੀ ਰਾਮ ਸੀ ਉਹਦਾ ਨਾਉਂ। ਉਹਨਾਂ ਦੇ ਸ਼ਰੀਕੇ ਵਿੱਚੋਂ ਈ ਸੀ।'
ਰਾਮ ਕਿਸ਼ਨ ਨੇ ਮਨ ਵਿੱਚ ਹੀ ਮਿਲਖੀ ਰਾਮ ਨੂੰ ਇੱਕ ਕਰਾਰੀ ਜਿਹੀ ਗਾਲ੍ਹ ਕੱਢੀ। ਹੁਣ ਉਹ ਬੈਠਕ ਦੀ ਕੰਧ ਵੱਲ ਲਗਾਤਾਰ ਝਾਕੀ ਜਾ ਰਿਹਾ ਸੀ। ਚਿਰ ਪੁਰਾਣੀ ਕੰਧ, ਮੈਲੀ ਤੇ ਚਿਪਚਿਪੀ, ਮੱਖੀਆਂ ਉੱਠਦੀਆਂ ਤੇ ਬੈਠਦੀਆਂ। ਉਹਦਾ ਦਿਲ ਕੀਤਾ, ਭਾਈ ਰੂਪੇ ਜਾ ਕੇ ਸਿਲਖੀ ਰਾਮ ਦਾ ਸਿਰ ...। ਕੰਜਰ ਹਾਲੇ ਵੀ ਜਿਊਂਦਾ ਹੈ, ਸਿਵੇ ਵਿੱਚ ਲੱਤਾਂ ਹਨ, ਵਾਣ ਬੁੱਧ ਨਹੀਂ ਗਈ। ਹਰ ਕਿਸੇ ਦੀ ਵੱਢਵੀਂ ਕਰਦਾ ਹੈ। ਸੁੰਡ ਚੱਲ ਕੇ ਮਰੂਗਾ....।
ਸੱਤਪਾਲ ਕਹਿੰਦਾ, 'ਸਾਡਾ ਬਜ਼ੁਰਗ ਅਜੇ ਵੀ ਹਿੰਡ ਨੂੰ ਪਿੱਛਾ ਨਾ ਦੇਵੇ। ਅਖੇ ਚੰਗਾ ਹੋਇਆ, ਆਪਾ ਉਹਨਾਂ ਨੂੰ ਕੁੜੀ ਨ੍ਹੀਂ ਦਿੱਤੀ, ਨਹੀਂ ਤਾਂ ਭੁੱਖੀ ਮਰਦੀ।' ਪੱਕੀ ਗੱਲ ਬਣਾ 'ਲੀ ਜਨਾਬ ਉਹਨੇ ਤਾਂ। ਆਖਿਆ ਕਰੇ- 'ਮਿਲਖੀ ਰਾਮ ਸੱਚ ਕਹਿ ਗਿਆ। ਛੋਟੇ ਦੋ ਮੁੰਡੇ ਆਵਦੇ ਵੀ ਤਾਂ ਨੇ, ਉਹਤੋਂ ਛੋਟੇ, ਉਹ ਕਾਲਜ 'ਚ ਪੜ੍ਹਦੇ ਐ। ਇਹ ਬਗ਼ਾਨਾ ਕਰਕੇ ਈ ਵਾਹੀ ਦੇ ਕੰਮ 'ਚ ਪਾ ਲਿਆ ਨਾ। ਉਹ ਕਾਲਜ ਪੜ੍ਹਦੇ ਨਾ ਪਾਏ ਵਾਹੀ 'ਚ।'
ਰਾਮ ਕਿਸ਼ਨ ਹੁਣ ਚੁੱਪ ਸੀ। ਜਿਵੇਂ ਉਹਨੂੰ ਜ਼ਹਿਰ ਚੜ੍ਹ ਰਹੀ ਹੋਵੇ। ਸੱਤਪਾਲ ਬੋਲਦਾ ਗਿਆ- 'ਅਖ਼ੀਰ ਇਹ ਮੁੰਡਾ ਬਿਆਇਆ ਜੀ, ਜਮ੍ਹਾਂ ਨਕੰਮਾ ਗਿੱਦੜਬਾਹੇ ਆਲਾ।' ਕੁੜੀ ਡੋਬ ਕੇ ਰੱਖ 'ਤੀ। ਕੋਈ ਜੈਦਾਦ ਨ੍ਹੀਂ। ਘਰ ਈ ਘਰ ਐ, ਦੋ ਕਮਰੇ ਬਸ। ਦੋ ਕੁੜੀਆਂ ਪਤਾ ਨ੍ਹੀਂ ਕਿਵੇਂ ਵਿਆਹੁ-ਵਰੂ?
'ਫੇਰ ਹੁਣ ਗੁਜ਼ਾਰਾ ਕਿਵੇਂ ਚੱਲਦੈ ਉਹਦਾ?' ਰਾਮ ਕਿਸ਼ਨ ਨੇ ਉੱਭੜ ਕੇ ਪੁੱਛਿਆ।
'ਗੁਜ਼ਾਰਾ ਕੀ ਜੀ ਬਸ, ਕੁੜੀ ਸਾਡੀ ਮਿਹਨਤੀ ਬਹੁਤ ਐ। ਸਿਲਾਈ ਮਸ਼ੀਨ ਹੈਗੀ ਘਰ 'ਚ। ਕੱਪੜੇ ਸਿਊਂਦੀ ਐ, ਗਲੀ ਮੁਹੱਲੇ ਦੇ, ਆਂਢੀਆਂ ਗੁਆਂਢੀਆਂ ਦੇ। ਵੇਲਾ ਟੱਪੀ ਜਾਂਦੈ।'
'ਕੁੜੀਆਂ ਦੀ ਕਰਦੀਆਂ ਨੇ?' ਰਾਮ ਕਿਸ਼ਨ ਨੇ ਬੜੇ ਗਹੁ ਨਾਲ ਪੁੱਛਿਆ। ਜਿਵੇਂ ਫ਼ਿਕਰ ਕੀਤਾ ਹੋਵੇ।
'ਇੱਕ ਤਾਂ ਦਸਵੀਂ ਕਰਕੇ ਜੇ ਬੀ ਟੀ ਦਾ ਕੋਸਰ ਕਰ 'ਗੀ ਸੀ। ਸਰਕਾਰੀ ਨੌਕਰੀ ਤਾਂ ਮਿਲੀ ਨ੍ਹੀਂ, ਓਥੇ ਕਿਸੇ ਪ੍ਰਾਈਵੇਟ ਸਕੂਲ ਚ ਪੜ੍ਹੌਂਦੀ ਐ। ਦੂਜੀ ਕੁੜੀ ਮੇਰਾ ਖਿਆਲ ਐਸ ਸਾਲ ਦਸਵੀਂ 'ਚ ਐ।'
'ਜਿਹੜੀ ਜੇ.ਬੀ.ਟੀ.ਐ, ਪੰਜ ਸੱਤ ਸੌਂ ਲੈਂਦੀ ਹੋਊ ਤਨਖਾਹ ਉਹ ਵੀ?'
'ਨਾ ਜੀ, ਰਾਮ ਰਾਮ ਕਰੋ। ਪੰਜ ਸੱਤ ਸੌਂ ਕੌਣ ਦਿੰਦੈ, ਦੋ ਸੌਂ ਮਹੀਨਾ ਦਿੰਦੇ ਐ, ਮੇਰੀ ਜਾਣ 'ਚ।'
'ਮਾਸਟਰਾਂ ਦੀ ਤਨਖਾਹ ਤਾਂ ਬਹੁਤ ਐ ਅੱਜ ਕੱਲ੍ਹ। ਤਾਂ ਫੇਰ ਉਹ ਕਿਸੇ ਦਾ ਆਪਣਾ ਸਕੂਲ ਹੋਣੈ, ਆਹ ਮਾਡਲ ਸਕੂਲ, ਜਿਹੜੇ ਸ਼ਹਿਰਾਂ 'ਚ ਹਰ ਗਲੀ ਮੁਹੱਲੇ ਅੱਜ ਕੱਲ੍ਹ ਖੋਲ੍ਹ ਰੱਖੇ ਐ ਲੋਕਾਂ ਨੇ।'
44
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ