ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਹਾਂ ਹਾਂ ਓਹੀ ਸਕੂਲ ਐ ਜੀ, ਬੱਚਿਆਂ ਦਾ। ਚੌਥੀ ਪੰਜਵੀਂ ਤਕ ਪੜ੍ਹਾਈ ਹੁੰਦੀ ਐ ਓਥੇ।'

'ਗਿੱਦੜਬਾਹੇ ਕਿਥੇ 'ਜੇ ਘਰ ਐ ਭੈਣ ਦਾ?' ਰਾਮ ਕਿਸ਼ਨ ਨੇ ਜਿਵੇਂ ਸੁਭਾਇਕੀ ਪੁੱਛਿਆ। ਪਰ ਜਿਵੇਂ ਦਿਮਾਗ ਉੱਤੇ ਕੋਈ ਜ਼ੋਰ ਜਿਹਾ ਪਾ ਕੇ ਕੋਈ ਫ਼ੈਸਲਾ ਜਿਹਾ ਧਾਰ ਕੇ ਤੇ ਜਿਵੇਂ ਲੁਕੋਅ ਨਾਲ ਜਾਣ-ਬੁੱਝ ਕੇ ਜਿਹੇ ਪੁੱਛਿਆ ਹੋਵੇ।

'ਘਰ ਤਾਂ ਜੀ ਬੀਬੀ ਦਾ ਲੱਭਣਾ ਬਹੁਤ ਈ ਸੁਖਾਲਾ ਐ। ਨਸਵਾਰ ਆਲਿਆਂ ਦਾ ਕਾਰਖਾਨਾ ਐ ਨਾ, ਪੰਜ ਫੋਟੋ ਨਸਵਾਰ ਆਲਿਆਂ, ਦਾ ਕਾਰਖਾਨੇ ਦੇ ਐਨ ਪਿਛਲੇ ਪਾਸੇ। ਰਾਮ ਰਤਨ ਦਾ ਨਾਉਂ ਲੈ ਕੇ ਪੁੱਛ 'ਲੇ ਘਰ। ਰਾਮ ਰਤਨ ਬੀਬੀ ਦੇ ਸਹੁਰੇ ਦਾ ਨਾਉਂ ਸੀ। ਬੜਾ ਕੰਮ ਸੀ ਉਹਦਾ ਤਾਂ। ਸਾਰਾ ਗਿੱਦੜਬਾਹਾ ਉਹਦੇ ਨਾਉਂ ਨੂੰ ਜਾਣਦੈ। ਪਰ ਸਾਲਾ ਮੁੰਡਾ ਈ ਕਮੂਤ ਨਿਕਲਿਆ। ਆਪ ਤਾਂ ਗਿਆ ਸੋ ਗਿਆ, ਸਾਡੀ ਕੁੜੀ ਨੂੰ ਨਰਕ 'ਚ ਧੱਕਾ ਦੇ ਗਿਆ।' ਤੇ ਫੇਰ ਸੱਤਪਾਲ ਭੈਣ ਦੀ ਤਾਰੀਫ਼ ਕਰਨ ਲੱਗਿਆ।

'ਐਡੀ ਦੇਹ ਸਹੁਰੀ ਦੀ ਤਾਪ ਸਰਵਾਹ ਤਾਂ ਉਹ ਜਾਣਦੀ ਈ ਨ੍ਹੀਂ। ਉਮਰ ਵੀ ਕੀਹ ਐ, ਮਸਾਂ ਚਾਲੀ-ਬਿਆਲੀ, ਕੋਈ ਉਮਰ ਹੁੰਦੀ ਐ। ਨਾ ਓਸ ਪਾਸੇ, ਨਾ ਓਸ ਪਾਸੇ। ਔਹ ਉਹ ਦੋ ਕੁੜੀਆਂ ਦਾ ਜੰਜਾਲ ਨਾ ਹੁੰਦਾ ਤਾਂ ਕੋਈ ਠਕਾਣਾ ਕਰ ਦਿੰਦਾ ਮੈਂ ਤਾਂ ਭੈਣ ਦਾ ਸੱਚੀ ਗੱਲ ਐ। ਤੀਹ ਤੋਂ ਥੱਲੇ-ਥੱਲੇ ਹੁੰਦੀ ਤਾਂ ਕੁੜੀਆਂ ਨੂੰ ਵੀ ਕਹਿ ਸੀ, ਕੁੜੀਆਂ ਮੈਂ ਲੈ ਲੈਂਦਾ। ਆਪੇ ਵਿਆਹੀਆਂ-ਵਰੀਆਂ ਜਾਂਦੀਆਂ। ਜਿਥੇ ਕੱਟੀਆਂ ਦਾ ਲੇਖਾ, ਓਥੇ ਵੱਛੀਆਂਦਾ। ਪਰ ਹੁਣ ਤਾਂ ਕੋਈ ਵੀ ਚਾਰਾ ਨ੍ਹੀਂ ਵਿਚਾਰੀ ਨਕਰਮਣ ਦਾ।'

ਰਾਮ ਕਿਸ਼ਨ ਚੁੱਪ ਕੀਤਾ ਜਿਹਾ ਉਹਨਾਂ ਦੇ ਘਰੋਂ ਉੱਠਿਆ ਤੇ ਸੱਤਪਾਲ ਨਾਲ ਹੱਥ ਮਿਲਾ ਕੇ ਬੱਸ ਸਟੈਂਡ ਨੂੰ ਚੱਲ ਪਿਆ। ਉਹਨੇ ਗਿੱਦੜਬਾਹੇ ਤਕ ਦੀ ਟਿਕਟ ਲਈ।

ਓਧਰ ਸੱਤਪਾਲ ਆਪਣੀ ਘਰਵਾਲੀ ਨਾਲ ਗੱਲਾਂ ਕਰਦਾ ਸੋਚਾਂ ਵਿੱਚ ਪਿਆ ਹੋਇਆ ਸੀ ਕਿ ਰਾਮਪੁਰਾ ਫੂਲ ਤੋਂ ਐਡੀ ਦੂਰੋਂ ਚੱਲ ਕੇ ਆਇਆ ਉਹ ਬੰਦਾ ਕੋਈ ਵੀ 'ਹਾਂ ਜਾਂ 'ਨਾਂਹ' ਨਹੀਂ ਕਰਕੇ ਗਿਆ। ਚੰਗਾ ਬੰਦਾ ਭੇਜਿਆ ਬਈ, ਨੰਦ ਰਾਮ ਨੇ। ਕਿਧਰੇ ਦੂਰ ਮਨ ਵਿੱਚ ਉਹਨੂੰ ਇਹ ਸਮਝ ਵੀ ਨਹੀਂ ਆ ਰਹੀ ਸੀ। ਕਿ ਉਹ ਆਇਆ ਤਾਂ ਉਹਨਾਂ ਦੇ ਬਿੱਟੂ ਨੂੰ ਦੇਖਣ ਸੀ, ਪਰ ਗੱਲਾਂ ਬਹੁਤੀਆਂ ਉਹ ਉਹਨਾਂ ਦੀ ਵਿਧਵਾ ਕੁੜੀ ਦੀਆਂ ਹੀ ਕਰਦਾ ਰਿਹਾ। ਬੜਾ ਅਜੀਬ ਆਦਮੀ ਸੀ।

ਬਸ ਤੇਜ਼ ਤੇਜ਼ ਭੱਜੀ ਜਾ ਰਹੀ ਸੀ। ਰਾਮ ਕਿਸ਼ਨ ਦੇ ਮਨ ਵਿੱਚ ਇੱਕ ਕਹਾਲ ਮੱਚੀ ਹੋਈ ਸੀ। ਕਦ ਉਹ ਗਿੱਦੜਬਾਹੇ ਪਹੁੰਚੇ ਤੇ ਕਦ ਉਹਦਾ ਮੂੰਹ ਦੇਖੋ। ਉਹਨੂੰ ਮਿਲ ਕੇ ਉਹ ਦੱਸੇਗਾ ਕਿ ਭਾਈ ਰੂਪੇ ਵਾਲਾ ਮੁੰਡਾ ਰਾਮ ਕਿਸ਼ਨ ਓਹੀ ਹੈ, ਜਿਸ ਨੂੰ ਉਹ ਤਿੰਨ ਸਾਲ ਮੰਗੀ ਰਹੀ ਸੀ ਤੇ ਫੇਰ ਇੱਕ ਗ਼ਲਤ ਫਹਿਮੀ ਕਰਕੇ ਉਹਨਾਂ ਦਾ ਰਿਸ਼ਤਾ ਟੁੱਟ ਗਿਆ ਸੀ। ਉਹ ਉਸ ਨੂੰ ਦੇਖ ਕੇ ਕਿੰਨਾ ਖੁਸ਼ ਹੋਵੇਗੀ। ਪਰ ਨਹੀਂ, ਉਹ ਉਸ ਨੂੰ ਦੇਖ ਕੇ ਕਿੰਨਾ ਉਦਾਸ ਹੋਵੇਗੀ। ਉਦਾਸ ਤਾਂ ਉਹ ਵੀ ਬਹੁਤ ਹੋਵੇਗਾ। ਇੱਕ ਅਜੀਬ ਕਿਸਮ ਦੀ ਅਪਣੱਤ ਉਹਨਾ ਦੁਆਲੇ ਆ ਕੇ ਬੈਠ ਜਾਵੇਗੀ। ਬੱਸ ਵਿੱਚ ਬੈਠਿਆਂ ਉਹਨੂੰ ਲੱਗ ਰਿਹਾ ਸੀ, ਜਿਵੇਂ ਉਹਦੀਆਂ ਤਿੰਨ ਕੁੜੀਆਂ ਨਹੀਂ, ਹੁਣ ਪੰਜ ਕੁੜੀਆਂ ਦਾ ਉਹ ਬਾਪ ਹੈ। ਇੱਕ ਗੁੱਝਾ-ਗੁੱਝਾ ਫ਼ੈਸਲਾ ਕਿ ਉਹ ਇਹਨਾਂ ਦੋ ਕੁੜੀਆਂ ਲਈ ਵੀ ਓਨਾ ਹੀ ਕਰੇਗਾ।

ਰੁਖ

45