ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਮਨ ਹੀ ਮਨ ਸੋਚ ਰਿਹਾ ਸੀ, ਜੇ ਕਿਤੇ ਉਹਦਾ ਵਿਆਹ ਇਸ ਕੁੜੀ ਨਾਲ ਹੋ ਜਾਂਦਾ ਤਾਂ ਉਹਦੀ ਜ਼ਿੰਦਗੀ ਹੋਰ ਦੀ ਹੋਰ ਹੁੰਦੀ। ਉਹਦੀ ਘਰ ਵਾਲੀ ਤਾਂ ਪਹਿਲੇ ਦਿਨੋਂ ਰੋਗਣ ਸੀ। ਰੋਗ ਦਾ ਕੁੱਜਾ। ਜਿਸ ਦਿਨ ਦੀ ਵਿਆਹੀ ਆਈ, ਉਹ ਇੱਕ ਦਿਨ ਵੀ ਰਾਜ਼ੀ ਨਹੀਂ ਰਹੀ ਸੀ। ਕਦੇ ਸਿਰ ਦੁਖਦਾ। ਕਦੇ ਢਿੱਡ ਵਿੱਚ ਦਰਦ। ਕਦੇ ਉਹਨੂੰ ਉਛਾਲੀਆਂ ਲੱਗੀਆਂ ਹੁੰਦੀਆਂ, ਕਦੇ ਟੱਟੀਆਂ। ਕਦੇ ਉਹਦੀ ਦਾੜ੍ਹ ਦੁਖਦੀ, ਕਦੇ ਪੈਰਾਂ ਦੀਆਂ ਉਂਗਲਾਂ ਸੁੱਜੀਆਂ ਪਈਆਂ ਹਨ। ਅਜਿਹੀ ਧੁਰ ਦਰਗਾਹੋਂ ਬੀਮਾਰ ਤੀਵੀਂ ਨਾਲ ਵਿਆਹ ਕਰਵਾ ਕੇ ਤਾਂ ਬੰਦਾ ਸਾਰੀ ਉਮਰ ਨਰਕ ਭੋਗਦਾ ਹੈ। ਉਹ ਸੋਚ ਰਿਹਾ ਸੀ, ਔਰਤ ਤਾਂ ਬਸ ਤੰਦਰੁਸਤ ਹੋਵੇ। ਘਰ ਵਿੱਚ ਖਾਣ ਨੂੰ, ਚਾਹੇ ਪਹਿਨਣ ਨੂੰ ਘੱਟ ਹੋਵੇ, ਪਰ ਤੀਵੀਂ ਹਰੜ ਵਰਗੀ ਨਵੀਂ ਨਰੋਈ ਰਹੇ।

ਉਸ ਨੂੰ ਆਪਣੇ ਆਪ ਉੱਤੇ ਹਾਸਾ ਜਿਹਾ ਆਉਂਦਾ। ਉਹ ਮਲੋਟ ਮੰਡੀ ਗਿਆ ਤਾਂ ਸੀ ਆਪਣੇ ਵੱਡੀ ਕੁੜੀ ਖ਼ਾਤਰ ਮੁੰਡਾ ਦੇਖਣ, ਓਥੋਂ ਮਿਲਿਆ ਉਹਨੂੰ ਕੀ?

ਇਕ ਹਉਕਾ ਲੈ ਕੇ ਹੀ ਮੁੜਿਆ। ਆਪਣੀ ਕੁੜੀ ਦੇ ਵਿਆਹ ਦਾ ਫ਼ਿਕਰ ਕਰਦਾ-ਕਰਦਾ ਉਹ ਇਹ ਕੀ ਝੋਰਾ ਲੈ ਬਿਠਾ?

ਚਿੱਤ ਨਾਲ ਝੇੜਾ ਅਜੇ ਮੁੱਕਿਆ ਨਹੀਂ ਸੀ, ਗਿੱਦੜਬਾਹਾ ਆ ਗਿਆ। ਉਹ ਬੱਸ ਵਿੱਚੋਂ ਥੱਲੇ ਉਤਰਿਆ। ਪਹਿਲਾਂ ਬੁੱਕ ਸਟਾਲ ਵੱਲ ਚਲਿਆ ਗਿਆ। ਓਥੇ ਖੜ੍ਹੇ-ਖੜ੍ਹੇ ਹੀ ਉਹਦੇ ਦਿਮਾਗ਼ ਵਿੱਚ ਚਾਨਣ ਭੜਕਿਆ-ਉਸ ਦੇ ਘਰ ਜਾ ਕੇ ਉਹ ਕੀ ਕਰੇਗਾ ਹੁਣ? ਉਸ ਦਾ ਉਹ ਹੁਣ ਕੀ ਲੱਗਦਾ ਹੈ? ਰਾਹ ਦੀਆਂ ਡੰਡੀਆਂ ਤਾਂ ਫਟ ਚੁੱਕੀਆਂ। ਔਝੜਾਂ ਨੂੰ ਜਾਂਦੀਆਂ ਦੋ ਡੰਡੀਆਂ। ਤੇ ਫੇਰ ਉਹਨੇ ਸੋਚ-ਸੋਚ ਕੇ ਬਠਿੰਡੇ ਜਾਣ ਵਾਲੀ ਬੰਸ ਵੱਲ ਪੈਰ ਵਧਾਇਆ। *

46

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ