ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁੰਡੇ ਨੇ ਬਾਂਹ ਫੜ ਲਈ। ਪੁੱਛਿਆ- 'ਏਸ ਬੱਸ ਜਾਣਾ ਜ਼ਰੂਰੀ ਐ ਜੀ ਕੋਈ? ਤੇ ਫੇਰ ਹਲੀਮੀ ਜਿਹੀ ਨਾਲ ਆਖਿਆ- 'ਆਓ, ਚਾਹ ਪੀਨੇ ਆਂ। ਅਗਲੀ ਬੱਸ ਚਲੇ ਜਾਇਓ। ਬੱਸ ਤਾਂ ਵੀਹ ਮਿੰਟਾਂ ਨੂੰ ਹੋਰ ਲੱਗ ਜੂ।'

'ਜ਼ਰੂਰੀ ਤਾਂ ਕੋਈ ਨ੍ਹੀਂ। ਪਰ ਚਲਦੇ ਆ ਹੁਣ। ਮਿਲ ‘ਲੇ ਬਸ।' ਮਾਸਟਰ ਫੇਰ ਕੰਡਕਟਰ ਵੱਲ ਝਾਕਿਆ।

ਮੁੰਡੇ ਹੱਸ ਪਏ।..'ਮਿਲ ਕਾਹਦੇ ਲਏ? ਗੱਲ ਤਾਂ ਕੋਈ ਕੀਤੀ ਨ੍ਹੀਂ। ਆਓ ਐਧਰ ਚਾਹ ਪੀਨੇ ਆਂ। ਗੱਲਾਂ ਵੀ ਕਰ ਲਾਂ 'ਗੇ। ਬਾਂਹ ਫੜਨ ਵਾਲਾ ਮੁੰਡਾ ਜਿਵੇਂ ਖਹਿੜੇ ਹੀ ਪੈ ਗਿਆ ਹੋਵੇ।

ਕੋਈ ਪੇਸ਼ ਨਾ ਜਾਂਦੀ ਦੇਖ ਕੇ ਮਾਸਟਰ ਉਨ੍ਹਾਂ ਨਾਲ ਹੋ ਲਿਆ।

ਓਸੇ ਢਾਬੇ 'ਤੇ ਜਾ ਕੇ ਉਹ ਮੇਜ਼ ਦੁਆਲੇ ਬੈਠ ਗਏ। ਅੱਧ ਪੁਰਾਣੇ ਸੋਫ਼ਿਆਂ ਦੇ ਸਪਰਿੰਗ ਬੇਮਲੂਮੇ ਜਿਹੇ ਚੁਭ ਰਹੇ ਸਨ।

ਮੁੰਡਾ ਬੋਲਿਆ- 'ਹੁਣ ਤਾਂ ਬੁੜ੍ਹੇ ਹੋ ਗਏ ਮਾਸਟਰ ਜੀ। ਦਿਨਾਂ 'ਚ ਈ ਸਿਰ ਦੇ ਵਾਲ਼ ਚਿੱਟੇ ਹੋ ਗਏ ਥੋਡੇ।

'ਬੁੜ੍ਹੇ ਨਾ ਆਖ, ਕਹਿ ਸਿਆਣੇ ਹੋ ਗਏ।' ਬੁੱਧ ਰਾਮ ਹੱਸਿਆ।

ਮੁੰਡੇ ਵੀ ਹੱਸਣ ਲੱਗੇ।

ਤੇ ਫੇਰ ਇੱਕ, ਜਿਸ ਨੇ ਮਾਸਟਰ ਦੀ ਬਾਂਹ ਫੜੀ ਸੀ, ਬੋਲਿਆ- 'ਮਾਸਟਰ ਜੀ, ਸਾਨੂੰ ਸਿਆਣ ਵੀ ਲਿਆ ਕਿ ਨਹੀਂ?

ਮੁੰਡੇ ਹੱਸ ਰਹੇ ਸਨ। ਇੱਕ ਕਹਿੰਦਾ- 'ਕਮਾਲ ਐ ਮਾਸਟਰ ਜੀ, ਐਡੀ ਛੇਤੀ ਨਾਉਂ ਵੀ ਭੁੱਲ ਗਏ ਥੋਨੂੰ। ਮੇਰਾ ਨਾਉਂ ਜਰਨੈਲ ਐ।'

'ਤੇ ਇਹਦਾ?' ਮਾਸਟਰ ਦੂਜੇ ਮੁੰਡੇ ਵੱਲ ਝਾਕਿਆ।

ਚਾਹ ਦੇ ਤਿੰਨ ਗਲਾਸ ਮੇਜ਼ ਉੱਤੇ ਆ ਟਿਕੇ ਹਨ। ਉਹ ਤੱਤੀ-ਤੱਤੀ ਚਾਹ ਫੂਕਾਂ ਮਾਰ ਕੇ ਪੀਣ ਲੱਗੇ।

'ਇਹ ਬੀਰ ਸੂੰ ਐ ਜੀ। ਓਹੀ, ਜੀਹਦਾ ਨਾਉਂ ਤੁਸੀਂ 'ਅਸਲੀਂ' ਰੱਖਿਆ ਹੋਇਆ ਸੀ। ਬੀਰ ਸਿੰਘ 'ਅਸਲੀ'

'ਅੱਛਾ-ਅੱਛਾ, ਅਸਲੀ।'

'ਇਹਨੇ ਇੱਕ ਦਿਨ ਟਰਾਂਸਲੇਸ਼ਨ ਦਾ ਪੀਸ ਕਰਕੇ ਥੋਨੂੰ ਦਿਖਾਇਆ। ਤੁਸੀਂ ਇਹਨੂੰ ਪੁੱਛਿਆ, ਨਕਲ ਮਾਰ ਕੇ ਕੀਤੈ ਓਏ ਕਿ ਆਪ ਕੀਤੈ? ਇਹ ਕਹਿੰਦਾ, ਨਹੀਂ ਜੀ ਅਸਲੀ ਐ। ਤੁਸੀਂ ਕਿਹਾ-ਵਾਹ ਓਏ ਅਸਲੀ। ਬਸ ਜੀ, ਓਦਣ ਤੋਂ ਅਸੀਂ ਇਹਦਾ ਨਾਉਂ ਅਸਲੀ ਰੱਖ ਲਿਆ। ਫੇਰ ਤੁਸੀਂ ਵੀ ਇਹਨੂੰ ਅਸਲੀ ਕਹਿ ਕੇ ਈ ਬਲੌਂਦੇ।'

'ਹੱਛਾ, ਹਾਂ ਠੀਕ ਐ। ਯਾਦ ਆ ਗਿਆ ਮੇਰੇ।' ਮਾਸਟਰ ਚਾਹ ਪੀ ਕੇ ਗੱਲ ਨਿਬੇੜਨੀ ਚਾਹੁੰਦਾ ਸੀ। ਜਿਵੇਂ ਉਹਨੂੰ ਉੱਠਣ ਦੀ ਕਾਹਲ ਹੋਵੇ। ਪੁੱਛਣ ਲੱਗਿਆ- 'ਤੁਸੀਂ ਅੰਮ੍ਰਿਤਸਰ ਪੜ੍ਹਦੇ ਓਂ ਅੱਗੇ ਜਾਂ ਕੋਈ ਨੌਕਰੀ ਕਰਦੇ ਓਂ?'

'ਨਹੀਂ ਜੀ, ਪੜ੍ਹਦੇ ਆਂ।' ਜਰਨੈਲ ਨੇ ਕਿਹਾ।

'ਕਾਲਜ 'ਚ?'

48

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ