ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁੰਦਾ ਕਿ ਉਹ ਸਕੂਲ ਵਿੱਚ ਪੜ੍ਹਦੇ ਹੋਰਾਂ ਬੱਚਿਆਂ ਵੱਲ ਤਾਂ ਐਨਾ ਉਦਾਰ ਚਿੱਤ ਰਹਿੰਦਾ ਹੈ, ਕਿਸੇ ਨੂੰ ਮਸਾਂ ਹੀ ਕਦੇ ਔਖਾ ਬੋਲਦਾ ਹੈ ਜਾਂ ਮਾੜੀ ਮੋਟੀ ਹੀ ਕੁੱਟ ਮਾਰ ਕਰਦਾ ਹੈ, ਉਹ ਆਪਣੇ ਪੁੱਤਰ ਨੂੰ ਕਿਉਂ ਮਾੜੀ ਜਿਹੀ ਗੱਲ ਉੱਤੇ ਕੁੱਟ ਸੁੱਟਦਾ ਹੈ? ਕਿਉਂ ਉਹਨੂੰ ਆਪਣੇ ਮੁੰਡੇ ਉੱਤੇ ਐਨੀ ਖਿਝ ਚੜ੍ਹਦੀ ਹੈ?

ਕਿਰਨ ਕੁਮਾਰ ਦਸਵੀਂ ਤਾਂ ਕਰ ਗਿਆ, ਪਰ ਥਰਡ ਡਵੀਜ਼ਨ ਆਈ। ਉਹਨੂੰ ਕੋਈ ਨੌਕਰੀ ਨਹੀਂ ਮਿਲ ਸਕਦੀ ਸੀ। ਉਹ ਕਿਸੇ ਟਰੇਨਿੰਗ ਕੋਰਸ ਵਿੱਚ ਨਹੀਂ ਜਾ ਸਕਦਾ ਸੀ। ਉਹ ਕਿਸੇ ਦਸਤਕਾਰੀ ਦੇ ਕੰਮ ਵਿੱਚ ਨਹੀਂ ਪੈਂਦਾ ਸੀ। ਬੁੱਧ ਰਾਮ ਨੇ ਉਹਨੂੰ ਟਰੈਕਟਰਾਂ ਦੀ ਵਰਕਸ਼ਾਪ ਵਿੱਚ ਲਾਇਆ ਤਾਂ ਕਿ ਉਹ ਸਾਲ ਦੋ ਸਾਲ ਧੱਕੇ ਖਾ ਕੇ ਮਕੈਨਿਕ ਤਾਂ ਘੱਟੋ ਘੱਟ ਬਣ ਜਾਵੇ। ਮਕੈਨਿਕ ਵੀ ਕੀ ਮਾੜਾ ਸੀ? ਦਿਲ ਲਾ ਕੇ ਕੰਮ ਕਰਨ ਵਾਲੇ ਮਕੈਨਿਕ ਮੁੰਡੇ ਸੌ ਸੌ ਰੁਪਿਆ ਨਿੱਤ ਦਾ ਕਿਹੜਾ ਨਹੀਂ ਕਮਾ ਲੈਂਦੇ, ਪਰ ਨਾ, ਉਹ ਤਾਂ ਓਥੇ ਟਿਕਿਆ ਹੀ ਨਾ। ਪੰਦਰਾਂ ਦਿਨ ਲਾਏ ਤੇ ਆਚਾਨਕ ਹੀ ਇੱਕ ਦਿਨ ਘਰੋਂ ਗਾਇਬ ਹੋ ਗਿਆ। ਦਸ ਦਿਨ ਪਤਾ ਨਹੀਂ ਕਿੱਥੇ-ਕਿੱਥੇ ਫਿਰਦਾ ਰਿਹਾ, ਪਰ ਵਾਪਸ ਆਇਆ ਤਾਂ ਮਾਂ ਨੇ ਹਿੱਕ ਨਾਲ ਲਾ ਲਿਆ- 'ਲਾਲ, ਤੂੰ ਦੱਸ ਕੇ ਤਾਂ ਜਾਂਦਾ।' ਬੁੱਧ ਰਾਮ ਦਾ ਜੀਅ ਕਰੇ, ਮੁੰਡੇ ਦਾ ਗਲ ਤਲਵਾਰ ਨਾਲ ਕੱਟ ਕੇ ਔਹ ਮਾਰੇ। ਸਾਲ਼ਾ, ਕਿਸੇ ਵੀ ਲੋਟ ਨਹੀਂ ਆਉਂਦਾ। ਐਦੂੰ ਤਾਂ ਉਹ ਇਸ ਨੂੰ ਜੰਮਦਾ ਹੀ ਨਾ।

ਨਾ ਉਹ ਜੱਟ ਸੀ, ਨਾ ਬਾਣੀਆ। ਜੱਟ ਹੁੰਦਾ ਤਾਂ ਘਰ ਦੀ ਜ਼ਮੀਨ ਹੁੰਦੀ। ਖੇਤੀਬਾੜੀ ਦਾ ਕੰਮ ਚੱਲਦਾ ਹੁੰਦਾ। ਕਿਰਨ ਕੁਮਾਰ ਖੇਤੀ ਦੇ ਕੰਮ ਵਿੱਚ ਪੈ ਜਾਂਦਾ ਤੇ ਜੂਨ ਗੁਜ਼ਾਰਾ ਕਰੀ ਜਾਂਦਾ। ਬਾਣੀਆ ਹੁੰਦਾ ਤਾਂ ਦੁਕਾਨ ਉੱਤੇ ਬੈਠਦਾ। ਉਹਨਾਂ ਦੀ ਆਪਣੀ ਦੁਕਾਨ ਕੋਈ ਨਾ ਹੁੰਦੀ ਤਾਂ ਬੁੱਧ ਰਾਮ ਉਹਨੂੰ ਕਿਸੇ ਰਿਸ਼ਤੇਦਾਰੀ ਵਿੱਚ ਛੱਡ ਆਉਂਦਾ। ਜੱਟਾਂ ਤੇ ਬਾਣੀਆਂ ਦੇ ਮੁੰਡੇ ਘੱਟੋ-ਘੱਟ ਭੁੱਖੇ ਤਾਂ ਨਹੀਂ ਮਰਦੇ। ਕੁਝ ਨਾ ਕੁਝ ਤਾਂ ਕਰਦੇ ਹੀ ਨੇ। ਕਿਰਨ ਕੁਮਾਰ ਦਾ ਕੱਦ ਮਧਰਾ ਸੀ। ਨਾ ਪੁਲਿਸ ਵਿੱਚ ਭਰਤੀ ਹੋ ਸਕਦਾ ਸੀ, ਨਾ ਫ਼ੌਜ ਵਿੱਚ। ਦਿਮਾਗ਼ ਪੱਖੋਂ ਵੀ ਹੁਣ ਊਂਧਾ ਜਿਹਾ ਬਣ ਕੇ ਰਹਿ ਗਿਆ ਸੀ। ਤਿੱਖੇ ਦਿਮਾਗ਼ ਵਾਲੇ ਮੁੰਡੇ ਖ਼ੁਦ-ਬਖ਼ੁਦ ਹੀ ਕਿਸੇ ਕੰਮ ਵਿੱਚ ਪੈ ਜਾਂਦੇ ਹਨ। ਘਰੋਂ ਨਿੱਕਲ ਤੁਰਦੇ ਹਨ। ਓਦੋਂ ਹੀ ਪਤਾ ਲੱਗਦਾ ਹੈ ਜਦੋਂ ਕਈ ਸਾਲਾਂ ਬਾਅਦ ਉਹ ਪੂਰੀ ਟੋਹਰ ਨਾਲ ਘਰ ਵੜਦੇ ਹਨ। ਉਹਨਾਂ ਨੂੰ ਆਪਣਾ-ਆਪ ਸੰਭਾਲਣ ਜੋਗੇ ਦੇਖ ਕੇ ਮਾਂ-ਬਾਪ ਹੈਰਾਨ ਰਹਿ ਜਾਂਦੇ ਹਨ। ਅਜਿਹੇ ਸਮੇਂ ਮਾਪਿਆਂ ਨੂੰ ਕਿੰਨੀ ਖ਼ੁਸ਼ੀ ਮਿਲਦੀ ਹੋਵੇਗੀ, ਪਰ ਕਿਰਨ ਕੁਮਾਰ ਤਾਂ ਘਰੋਂ ਵੀ ਕਿਧਰੇ ਨਿੱਕਲਦਾ ਨਹੀਂ ਸੀ।

ਬੁੱਧ ਰਾਮ ਦੇ ਸਾਰੇ ਹਰਾਸ ਟੁੱਟ ਗਏ। ਉਹਨੂੰ ਹੁਣ ਕਿਰਨ ਕੁਮਾਰ ਉੱਤੇ ਖਿਝ ਵੀ ਨਾ ਚੜ੍ਹਦੀ। ਮੁੰਡਾ ਘਰ ਆਉਂਦਾ, ਰੋਟੀ ਖਾ ਜਾਂਦਾ। ਆਉਂਦਾ, ਮਾਂ ਤੋਂ ਚਾਹ ਕਰਵਾਉਂਦਾ ਤੇ ਪੀ ਕੇ ਚਲਿਆ ਜਾਂਦਾ। ਰਾਤ ਨੂੰ ਕੁਵੇਲੇ ਘਰ ਵੜਦਾ। ਸਵੇਰੇ ਜਾਂ ਤਾਂ ਸਦੇਹਾਂ ਉੱਠ ਕੇ ਹੀ ਕਿਧਰੇ ਚਲਿਆ ਜਾਂਦਾ ਜਾਂ ਦਿਨ ਚੜ੍ਹੇ ਤੱਕ ਬਿਸਤਰੇ ਵਿੱਚ ਪਿਆ ਰਹਿੰਦਾ, ਜਿਵੇਂ ਕੋਈ ਬੀਮਾਰ ਹੋਵੇ। ਬੁੱਧ ਰਾਮ ਉਹਦੀ ਕੋਈ ਪਰਵਾਹ ਨਾ ਕਰਦਾ। ਉਹ ਕਦੋਂ ਘਰ ਆਉਂਦਾ ਹੈ, ਕਦੋਂ ਜਾਂਦਾ ਹੈ, ਉਹਨੂੰ ਕੋਈ ਦਿਲਚਸਪੀ ਨਹੀਂ ਰਹਿ ਗਈ ਸੀ। ਕਿਰਨ ਕੁਮਾਰ ਨਾਲ ਆਪ ਗੱਲ ਕਰਨੋਂ ਤਾਂ ਉਹ ਕਦੋਂ ਦਾ ਹਟਿਆ ਹੋਇਆ ਸੀ। ਹੁਣ

ਔਲਾਦ

51