ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/52

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਆਪਣੀ ਜ਼ਨਾਨੀ ਤੋਂ ਵੀ ਉਹਦੇ ਬਾਰੇ ਕੁਝ ਨਾ ਪੁੱਛਦਾ। ਸਗੋਂ ਜੇ ਉਹ ਮੁੰਡੇ ਬਾਰੇ ਕੋਈ ਗੱਲ ਦੱਸਦੀ ਤਾਂ ਬੁੱਧ ਰਾਮ ਸੁਣਦਾ ਹੀ ਨਾ। ਜਿਵੇਂ ਉਹ ਕਿਸੇ ਬਿਗ਼ਾਨੇ ਮੁੰਡੇ ਦੀ ਗੱਲ ਕਰ ਰਹੀ ਹੋਵੇ।

ਕਿਰਨ ਕੁਮਾਰ ਦਾ ਇਹ ਹਾਲ ਦੇਖ ਕੇ ਬੁੱਧ ਰਾਮ ਨੂੰ ਕੋਈ ਹੋਰ ਮੁੰਡਾ ਚੰਗਾ ਨਾ ਲੱਗਦਾ। ਰਿਸ਼ਤੇਦਾਰੀ ਵਿੱਚ ਕੋਈ ਮੁੰਡਾ ਦਸਵੀਂ ਪਾਸ ਕਰਦਾ ਤੇ ਫਸਟ ਡਵੀਜ਼ਨ ਲੈ ਜਾਂਦਾ ਤਾਂ ਬੁੱਧ ਰਾਮ ਨੂੰ ਅਫ਼ਸੋਸ ਹੁੰਦਾ। ਰਿਸ਼ਤੇਦਾਰ ਦੇ ਮੂੰਹ ਉੱਤੇ ਵੀ ਉਹ ਪ੍ਰਸ਼ੰਸਾ ਜਾਂ ਖ਼ੁਸ਼ੀ ਦਾ ਕੋਈ ਸ਼ਬਦ ਨਾ ਬੋਲ ਸਕਦਾ। ਬੁੱਧ ਰਾਮ ਦੇ ਆਪਣੇ ਵਿਦਿਆਰਥੀ ਜਦੋਂ ਉਹਨੂੰ ਮਿਲਦੇ, ਉਹ ਆਪਣੀ ਉੱਨਤੀ ਦੀਆਂ ਗੱਲਾਂ ਕਰਦੇ ਤਾਂ ਉਹ ਘਾਊਂ-ਮਾਊਂ ਜਿਹਾ ਹੋ ਕੇ ਰਹਿ ਜਾਂਦਾ। ਰੁੱਖੇ-ਰੁੱਖੇ ਸਵਾਲ ਜਵਾਬ ਕਰਦਾ। ਉਹ ਧੁਰ ਦਿਲ ਤੱਕ ਦੁਖੀ ਹੁੰਦਾ ਕਿ ਉਹਨੇ ਕੀ ਲੈਣਾ ਹੈ ਲੋਕਾਂ ਦੇ ਮੁੰਡਿਆਂ ਦੀ ਉੱਨਤੀ ਬਾਰੇ ਸੁਣ ਕੇ, ਉਹਦਾ ਆਪਣਾ ਇੱਕੋ-ਇੱਕ ਮੁੰਡਾ ਤਾਂ ਅਣਹੋਇਆ ਨਿੱਕਲ ਗਿਆ ਹੈ।

ਸਤੰਬਰ-ਅਕਤੁਬਰ ਦਾ ਮਹੀਨਾ ਸੀ। ਉਹ ਸਾਲ ਵਾਇਰਲ ਬੁਖਾਰ ਦਾ ਬਹੁਤ ਜ਼ੋਰ ਸੀ। ਪਿੰਡ-ਪਿੰਡ, ਸ਼ਹਿਰ-ਸ਼ਹਿਰ ਲੋਕ ਮੰਜਿਆਂ ਉੱਤੇ ਪਏ ਸਨ। ਸ਼ਹਿਰਾਂ ਵਿੱਚ ਡਾਕਟਰਾਂ ਦੀਆਂ ਦੁਕਾਨਾਂ ਉੱਤੇ ਮਰੀਜ਼ਾਂ ਦੀ ਮੇਲੇ ਵਾਂਗ ਭੀੜ ਲੱਗੀ ਹੁੰਦੀ। ਪਹਿਲਾਂ ਪਰਚੀਆਂ ਬਣਦੀਆਂ, ਫੇਰ ਉਹਨਾਂ ਨੂੰ ਨੰਬਰਵਾਰ ਡਾਕਟਰ ਕੋਲ ਬੁਲਾਇਆ ਜਾਂਦਾ। ਹਾਕ ਮਾਰਨ ਲਈ ਕਿਸੇ-ਕਿਸੇ ਡਾਕਟਰ ਦੀ ਦੁਕਾਨ ਉੱਤੇ ਤਾਂ ਲਾਊਡ-ਸਪੀਕਰ ਦੀ ਵਰਤੋਂ ਵੀ ਹੋ ਰਹੀ ਹੁੰਦੀ। ਉਹਨਾਂ ਦਿਨਾਂ ਵਿੱਚ ਹੀ ਕਿਰਨ ਕੁਮਾਰ ਚਾਰ ਦਿਨ ਘਰ ਨਾ ਆਇਆ। ਬੁੱਧ ਰਾਮ ਲਈ ਇਹ ਆਮ ਵਰਗੀ ਗੱਲ ਸੀ। ਉਹਦੀ ਘਰਵਾਲੀ ਰੌਣਪਿੱਟਣ ਲੱਗੀ- 'ਹਾਏ, ਮੇਰਾ ਲਾਲ! ਪਤਾ ਨਹੀਂ ਕਿੱਥੇ ਐ?'

ਬੁੱਧ ਰਾਮ ਆਖ ਰਿਹਾ ਸੀ- 'ਐਥੇ ਕੀ ਉਹਦੇ ਬਗ਼ੈਰ ਥੁੜਿਆ ਪਿਐ ਕੁਛ। ਆਪੇ ਆਜੂਗਾ ਕਿਧਰੋਂ ਧੱਕੇ ਖਾਂਦਾ।' ਤੇ ਫੇਰ ਪੰਜਵਾਂ ਦਿਨ, ਛੇਵਾਂ ਦਿਨ, ਸੱਤਵੇਂ ਦਿਨ ਨੂੰ ਇੱਕ ਮੁੰਡਾ ਉਹਨਾਂ ਦੇ ਘਰ ਆਇਆ। ਸੁਨੇਹਾ ਦਿੱਤਾ, ਥੋਡਾ ਕਿਰਨ ਸਾਡੇ ਮੁਰਗੀਖ਼ਾਨੇ ਐ, ਬਹੁਤ ਬੀਮਾਰ ਐ। ਉਹਨੂੰ ਘਰ ਲੈ ਆਓ।'

'ਵੇ ਭਾਈ, ਕਿਹੜਾ ਮੁਰਗੀਖ਼ਾਨਾ? ਕੌਣ ਹੋਇਆ ਤੂੰ?' ਕਿੱਥੇ ਐ ਉਹ ਮੁਰਗੀਖ਼ਾਨਾ? ਮੈਨੂੰ ਤਾਂ ਨਾਲ ਈ ਲੈ ਚੱਲ।'

ਮੁੰਡਾ ਉਹਨੂੰ ਸਾਈਕਲ ਮਗਰ ਬਿਠਾ ਕੇ ਲੈ ਗਿਆ। ਉਹ ਪਹੁੰਚੇ ਤਾਂ ਕਿਰਨ ਕੁਮਾਰ ਦੀ ਨਬਜ਼ ਬੰਦ ਸੀ। ਚੇਹਰਾ ਪੀਲਾ ਵਸਾਰ ਜਿਹਾ। ਹੱਥ ਪੈਰ ਆਕੜ ਚੁੱਕੇ ਸਨ। ਮਾਂ ਪੱਟਾਂ ਉੱਤੇ ਦੁਹੱਥੜ ਮਾਰ ਕੇ ਉਹਦੇ ਮੂੰਹ ਨੂੰ ਝੋਜੋੜਨ ਲੱਗੀ। ਸੱਦ ਕੇ ਲਿਆਇਆ ਮੁੰਡਾ ਵੀ ਸੁੰਨ ਦਾ ਸੁੰਨ ਖੜ੍ਹਾ ਰਹਿ ਗਿਆ। ਹੁਣ ਤਾਂ ਉਹ ਉਹਨੂੰ ਚੰਗਾ ਭਲਾ ਛੱਡ ਕੇ ਗਿਆ ਸੀ। ਉਹਨੇ ਆਪ ਬੋਲ ਕੇ ਹੀ ਤਾਂ ਆਖਿਆ ਕਿ ਉਹ ਸਾਈਕਲ ਉੱਤੇ ਜਾ ਕੇ ਉਹਦੀ ਮਾਂ ਨੂੰ ਪਤਾ ਕਰ ਦੇਵੇ।

ਕਿਰਨ ਕੁਮਾਰ ਸੱਤਾਂ ਦਿਨਾਂ ਤੋਂ ਓਥੇ ਹੀ ਪਿਆ ਹੋਇਆ ਸੀ। ਓਸੇ ਦਿਨ ਤੋਂ ਉਹਨੂੰ ਵਾਇਰਲ ਸੀ। ਓਥੇ ਪਏ ਨੂੰ ਹੀ ਉਸਦਾ ਦੋਸਤ ਮੁੰਡਾ ਉਹਨੂੰ ਗੋਲ਼ੀਆਂ ਲਿਆ ਕੇ ਦਿੰਦਾ। ਖਾਣ ਨੂੰ ਡਬਲ-ਰੋਟੀ ਲਿਆ ਦਿੰਦਾ। ਦੁੱਧ ਵੀ ਲਿਆ ਦਿੰਦਾ ਸੀ, ਪਰ

52

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ