ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/55

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈਡਰ

ਉਹ ਜਦੋਂ ਕਦੇ ਵੀ 'ਗਧੇ' ਨੂੰ ਆਪਣੀ ਹਿੱਕ ਨਾਲ ਲਾ ਕੇ ਘੁੱਟਦੀ ਤਾਂ ਉਹਦਾ ਮੂੰਹ ਚੁੰਮ ਲੈਂਦੀ। 'ਗਧੇ' ਨੂੰ ਤਾਪ ਚੜ੍ਹ ਜਾਂਦਾ, ਟੱਟੀਆਂ ਜਾਂ ਉਛਾਲੀਆਂ ਲੱਗ ਜਾਂਦੀਆਂ। ਉਹ ਰੋਟੀ ਨੂੰ ਮੂੰਹ ਨਾ ਕਰਦਾ। ਬੀਮਾਰ ਪੈ ਜਾਂਦਾ। ਉਹਦੀ ਸੱਸ ਪਿੱਟ ਉੱਠਦੀ- 'ਤੈਨੂੰ ਕਿੰਨੇ ਵਾਰੀ ਆਖਿਐ ਬਹੂ, ਮੁੰਡੇ ਨੂੰ ਬੀਹੀ 'ਚ ਨਾ ਲਜਾਇਆ ਕਰ। ਨਜ਼ਰ ਤਾਂ ਪੱਥਰਾਂ ਨੂੰ ਕਿਹੜਾ ਨਹੀਂ ਪਾੜ ਕੇ ਰੱਖ ਦਿੰਦੀ। ਜਿਊਣ ਜੋਗਾ ਨਿੱਤ ਬਮਾਰ, ਨਿੱਤ ਬਮਾਰ।'

ਸ਼ਰਨਪਾਲ ਨੂੰ ਪਤਾ ਸੀ, ਉਹਦਾ 'ਗਧਾ' ਕਿਉਂ ਬੀਮਾਰ ਹੋ ਜਾਂਦਾ ਹੈ, ਪਰ ਉਹ ਕੀ ਕਰਦੀ, ਉਹਦੇ ਕਾਲਜੇ ਵਿਚੋਂ ਡੌਂ ਉੱਠਦਾ ਸੀ। ਉਹ ਤਾਂ ਬੇਸੁਧ ਜਿਹੀ ਹੋ ਜਾਂਦੀ। ਧਾਹ ਕੇ ਆਪਣੇ 'ਗਧੇ' ਨੂੰ ਬਾਹੋਂ ਫੜਦੀ, ਹਿੱਕ ਨਾਲ ਲਾਉਂਦੀ ਤੇ ਮੂੰਹ ਚੁੰਮ ਲੈਂਦੀ। ਜਿਵੇਂ ਕੁਝ ਯਾਦ ਆ ਜਾਂਦਾ ਹੋਵੇ। ਉਹ ਝੱਟ ਹੀ ਉਹਨੂੰ ਆਪਣੇ ਨਾਲੋਂ ਤੋੜਦੀ ਤੇ ਝਟਕਾ ਜਿਹਾ ਮਾਰ ਕੇ ਉਹਨੂੰ ਪਰ੍ਹਾਂ ਕਰ ਦਿੰਦੀ, ਜਿਵੇਂ ਉਹ ਕੋਈ ਬਿਗ਼ਾਨਾ ਪੁੱਤ ਹੋਵੇ। ਜਿਵੇਂ ਉਹ ਕੋਈ ਭੁੱਲ ਕਰ ਬੈਠੀ ਹੋਵੇ।

ਇਸ ਸਾਲ ਫੇਰ ਉਹੀ ਨਾਮੁਰਾਦ ਬੁਖ਼ਾਰ ਲੋਕਾਂ ਨੂੰ ਚੜ੍ਹਨ ਲੱਗ ਪਿਆ। ਜਦ ਕਿਸੇ ਨੂੰ ਵੀ ਚੜ੍ਹਦਾ, ਜ਼ੋਰਾਂ ਦਾ ਚੜ੍ਹਦਾ। ਕਈ ਦਿਨ ਉੱਤਰਦਾ ਹੀ ਨਾ। ਨਾ ਇਹ ਮਲੇਰੀਆਂ, ਨਾ ਟਾਈਫਾਈਡ। ਕੋਈ ਇਸ ਨੂੰ ਵਾਈਰਲ ਆਖਦਾ, ਕੋਈ ਡੇਂਗੂ।

ਲੋਕਾਂ ਵਿੱਚ ਆਮ ਚਰਚਾ ਸੀ ਕਿ ਪੰਜਾਬ ਦੇ ਪਿੰਡਾਂ ਵਿੱਚ ਝੋਨੇ ਦੀ ਫ਼ਸਲ ਜ਼ਿਆਦਾ ਬੀਜੇ ਜਾਣ ਕਾਰਨ ਇਹ ਬੀਮਾਰੀ ਪੈਦਾ ਹੁੰਦੀ ਹੈ। ਝੋਨੇ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ। ਪਾਣੀ ਸੜ ਜਾਂਦਾ ਹੈ। ਫੇਰ ਮੱਛਰ ਪੈਦਾ ਹੁੰਦਾ ਹੈ। ਮੱਛਰ ਵੀ ਇਹੋ ਜਿਹਾ ਕਿ ਪਹਿਲਾਂ ਕਦੇ ਕਿਸੇ ਨੇ ਦੇਖਿਆ ਹੀ ਨਾ ਹੋਵੇ। ਇਸ ਮੱਛਰ ਉੱਤੇ ਕੋਈ ਕੀੜੇ ਮਾਰ ਦਵਾਈ ਕੰਮ ਨਾ ਕਰਦੀ। ਲੋਕ ਹੱਸਦੇ ਵੀ-ਅਖੇ, ਜਿਵੇਂ ਬਹੁਤੀ ਫ਼ੀਮ ਖਾਣ ਵਾਲੇ ਅਮਲੀ ਨੂੰ ਕਿੰਨੀ ਫ਼ੀਮ ਖਵਾ ਦਿਓ, ਉਹ ਮਰਦਾ ਨਹੀਂ। ਏਵੇਂ ਹੀ ਇਹ ਮੱਛਰ ਵੀ ਅਮਲੀ ਬਣ ਗਿਆ। ਡੀ.ਡੀ.ਟੀ. ਜਿਹੀਆਂ ਦਵਾਈਆਂ ਤਾਂ ਹੁਣ ਇਹਦਾ ਨਸ਼ਾਪਾਣੀ ਹੀ ਨੇ।

ਬੁਖ਼ਾਰ ਚੜ੍ਹਨ ਤੋਂ ਪਹਿਲਾਂ ਮਰੀਜ਼ ਦੇ ਹੱਥ ਪੈਰ ਟੁੱਟਦੇ ਤੇ ਫੇਰ ਅੱਖਾਂ ਲਾਲ ਹੋ ਜਾਂਦੀਆਂ। ਕਿਸੇ ਨੂੰ ਪਾਲ਼ਾ ਲੱਗ ਕੇ ਬੁਖ਼ਾਰ ਚੜ੍ਹਦਾ, ਕਿਸੇ ਨੂੰ ਪਾਲ਼ਾ ਲੱਗਦਾ ਵੀ ਨਾ ਉਲਟੀਆਂ ਟੁੱਟੀਆਂ ਵੀ ਲੱਗ ਜਾਂਦੀਆਂ। ਦੋ ਚਹੁੰ ਦਿਨਾਂ ਵਿੱਚ ਹੀ ਮਰੀਜ਼ ਦਾ ਲਹੂ ਸੂਤਿਆ ਜਾਂਦਾ। ਉੱਠਣ ਬੈਠਣ ਦੀ ਹਿੰਮਤ ਜਾਂਦੀ ਰਹਿੰਦੀ। ਸਭ ਡਾਕਟਰ ਇਕੋਂ

ਡਰ

55