ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/56

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕਿਸਮ ਦੀ ਦਵਾਈ ਦਿੰਦੇ। ਗੋਲ਼ੀਆਂ ਤੇ ਪੀਣ ਵਾਲੀ ਦਵਾਈ। ਐਮ.ਬੀ.ਬੀ.ਐਸ. ਡਾਕਟਰ ਤੇ ਤਜਰਬਾਕਾਰ ਵੈਦਾਂ ਹਕੀਮਾਂ ਦੀ ਗੱਲ ਹੀ ਕੀ, ਨਿੱਕੇ-ਨਿੱਕੇ ਆਰ. ਐਮ. ਪੀ. ਵੀ ਧਜਾਧਾਰੀ ਬਣ ਬੈਠੇ। ਵਾਰੇ ਨਿਆਰੇ ਹੋ ਗਏ ਏਸ ਕੰਮ ਵਾਲਿਆਂ ਦੇ। ਜਿਨ੍ਹਾਂ ਤੋਂ ਕਦੇ ਕੋਈ ਐਸਪਰੋ ਦੀ ਗੋਲ਼ੀ ਲੈ ਕੇ ਵੀ ਨਹੀਂ ਜਾਂਦਾ ਸੀ, ਉਹ ਵੀ ਧਨੰਤਰ ਬਣ ਬੈਠੇ। ਅਖੇ ਜੀ ਸੀਜ਼ਨ ਐ। ਧੜਾਧੜ ਮੌਤਾਂ ਹੋ ਰਹੀਆਂ ਸਨ। ਪਿੰਡਾਂ ਦੇ ਪਿੰਡ ਉੱਠ ਕੇ ਸ਼ਹਿਰਾਂ ਵੱਲ ਤੁਰ ਪਏ। ਟਰਾਲੀਆਂ ਵਿੱਚ ਰੱਖੇ ਮੰਜੇ ਤੇ ਮੰਜਿਆਂ ਉੱਤੇ ਅੱਧ-ਮਰੇ ਮਰੀਜ਼।

ਸ਼ਰਨਪਾਲ ਨੂੰ ਬੁਖ਼ਾਰ ਨਹੀਂ ਚੜ੍ਹੀਆ ਸੀ। ਗੁਰਦੇਵ ਸਿੰਘ ਤੇ ਉਹਦੀ ਮਾਂ ਆਪਣੀ ਵਾਰੀ ਕੱਟ ਚੁੱਕੇ ਸਨ। ਸੱਸ ਆਖਦੀ- 'ਬਹੂ ਤੂੰ ਬਚ ਕੇ ਰਹਿ। ਹੁਣ ਤੇਰੀ ਵਾਰੀ ਐ।'

'ਚੱਲ, ਮੇਰਾ ਤਾਂ ਕੁਸ਼ ਨੀ। ਚੜ੍ਹ ਜੂ ਤਾਂ ਚੜ੍ਹ ਜੇ। ਬਥੇਰਾ ਝੱਲ ਲੂ ਮੈਂ ਤਾਂ। ‘ਗਧਾ’ ਰਾਜ਼ੀ ਬਾਜ਼ੀ ਰਹੇ।' ਸ਼ਰਨਪਾਲ ਕਹਿਣਾ ਚਾਹੁੰਦੀ, ਪਰ ਉਹ ਬੋਲਦੀ ਨਾ। ਇੰਝ ਬੋਲਣ ਨਾਲ ਤਾਂ 'ਗਧੇ' ਨਾਲ ਉਹਦਾ ਪਿਆਰ ਜ਼ਾਹਰ ਹੁੰਦਾ ਸੀ।

ਤੇ ਫਿਰ ਇੱਕ ਦਿਨ 'ਗਧੇ' ਨੂੰ ਵੀ ਬੁਖ਼ਾਰ ਚੜ੍ਹ ਗਿਆ। ਪੂਰਾ ਗਰਨਾ ਕੇ। ਅੱਖਾਂ ਲਾਲ ਝਰੰਗ। ਮੰਜੇ ਉੱਤੇ ਪਿਆ ਲੱਤਾਂ ਵਗਾਹ-ਵਗਾਹ ਮਾਰਦਾ। ਦਾਦੀ ਨੇ ਪਿੰਡ ਦੇ ਡਾਕਟਰ ਤੋਂ ਗੋਲ਼ੀਆਂ ਲਿਆ ਕੇ ਦਿੱਤੀਆਂ। ਬੁਖ਼ਾਰ ਤਾਂ ਫੈਲਾ ਹੋ ਗਿਆ, ਪਰ ਉਛਾਲੀਆਂ ਲੱਗ ਗਈਆਂ। ਪਾਣੀ ਦੀ ਤਿੱਪ ਵੀ ਨਹੀਂ ਪਚਦੀ ਸੀ। ਉਛਾਲੀ ਕਰਨ ਬਾਅਦ ਉਹ ਪੂਰਾ ਔਖਾ ਹੋ ਜਾਂਦਾ। ਦਾਦੀ ਉਸਦਾ ਸਿਰ ਘੁੱਟ ਕੇ ਫੜਦੀ ਤੇ ਫੇਰ ਉਛਾਲੀ ਨਾਲ ਅੰਦਰੋਂ ਤਾਂ ਕੁਝ ਵੀ ਨਾ ਨਿੱਕਲਦਾ। ਫੋਕੇ ਉਵੱਡ। ਜਿਵੇਂ ਮੁੰਡੇ ਦਾ ਕਾਲਜਾ ਪਾਟ ਕੇ ਬਾਹਰ ਆ ਜਾਣਾ ਹੋਵੇ।

ਮੁੰਡਾ ਪੰਜ-ਛੇ ਸਾਲ ਦਾ ਹੋ ਚੁੱਕਿਆ ਸੀ। ਸਕੂਲ ਜਾਂਦਾ। ਉਸਦੀ ਦਾਦੀ ਨੇ ਉਸ ਨੂੰ ਪਾਲ਼ਿਆ ਸੀ। ਸ਼ਰਨਪਾਲ ਨੇ ਤਾਂ ਬਸ ਜਨਮ ਦਿੱਤਾ। ਉਹਨੇ ਤਾਂ ਉਹਨੂੰ ਦੁੱਧ ਵੀ ਬਹੁਤਾ ਚਿਰ ਨਹੀਂ ਚੁੰਘਾਇਆ। ਦੁੱਧ ਚੁੰਘਦਾ ਤਾਂ ਉਹ ਉਹਨੂੰ ਦੇਖਦੀ ਨਾ, ਪਰ੍ਹੇ ਮੂੰਹ ਕਰ ਕੇ ਰੱਖਦੀ। ਡਰਦੀ ਕਿਤੇ ਉਹਦੇ ਦਿਲ ਵਿੱਚ ਮੁੰਡੇ ਲਈ ਪਿਆਰ ਦੀ ਕੋਈ ਚਿਣਗ ਬਲ ਨਾ ਉੱਠੇ। ਹੁਣ ਜਦੋਂ ਉਹ ਬੀਮਾਰ ਸੀ ਤਾਂ ਦਾਦੀ ਹੀ ਉਸਨੂੰ ਸੰਭਾਲਦੀ, ਪਰ ਉਹ ਤਾਂ ਹੱਥਾਂ ਵਿੱਚ ਆ ਗਿਆ ਲੱਗਦਾ ਸੀ। ਪਿੰਡ ਦੇ ਡਾਕਟਰ ਦੀਆਂ ਗੋਲ਼ੀਆਂ ਨੇ ਕੋਈ ਖ਼ਾਸ ਅਸਰ ਨਹੀਂ ਕੀਤਾ ਸੀ। ਇਸ ਤਰ੍ਹਾਂ ਹੀ ਉਹਦੀ ਹਾਲਤ ਰਹੀ ਤਾਂ ਉਹ ਮਰ ਵੀ ਸਕਦਾ ਹੈ। ਸ਼ਰਨਪਾਲ ਦੇ ਕਾਲਜਿਉਂ ਹੂਕ ਉੱਠਦੀ। ਉਹ ਆਪਣੇ ਆਪ ਨੂੰ ਬਹੁਤ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕਰਦੀ। ਇਹ ਹੂਕ ਤਾਂ ਉਹਦੀ ਦੇਹ ਨੂੰ ਕੰਬਾਅ-ਕੰਬਾਅ ਜਾਂਦੀ। ਉਹਨੂੰ ਲੱਗਦਾ ਉਹਦੀ ਸੱਸ 'ਗਧੇ' ਨੂੰ ਚੰਗੂੰ ਨਹੀਂ ਸੰਭਾਲ ਰਹੀ। ਉਲਟੀ ਪਿੱਛੋਂ ਉਹ ਉਹਨੂੰ ਆਪਣੀ ਹਿੱਕ ਨਾਲ ਲਾ ਕੇ ਕਿਉਂ ਨਹੀਂ ਘੁੱਟ ਲੈਂਦੀ। ਘੁੱਗੀ ਜਿਹਾ 'ਗਧਾ' ਕਿੰਨਾ ਤੜਫ਼-ਤੜਫ਼ ਜਾਂਦਾ ਹੈ, ਪਰ ਉਹ ਬੇਵਸ ਸੀ। ਉਹਨੇ 'ਗਧੇ' ਨੂੰ ਖ਼ੁਦ ਸੰਭਾਲਿਆ ਤਾਂ ਇਹ ਬੜੀ ਖ਼ਤਰਨਾਕ ਗੱਲ ਹੋਵੇਗੀ। 'ਗਧਾ' ਉਲਟੀਆਂ ਕਰਦਾ ਤੇ ਹਾਲੋਂ-ਬੇਹਾਲ ਹੋ ਜਾਂਦਾ। ਸ਼ਰਨਪਾਲ ਉਹਨੂੰ ਦੇਖਦੀ ਤੱਕ ਵੀ ਨਾ। ਪਰ੍ਹਾਂ ਕਿਧਰੇ ਜਾ ਕੇ ਬੈਠ ਜਾਂਦੀ ਤੇ ਮੁੰਡੇ ਦੀ ਹਾਲਤ ਨੂੰ ਭੁੱਲਣ ਦੀ ਕੋਸ਼ਿਸ਼ ਕਰਦੀ।

56
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ