ਝਗੜਦੀਆਂ ਤੇ ਫਿਰ ਕਿਵੇਂ ਇਕ-ਮਿਕ ਹੋ ਜਾਂਦੀਆਂ ਹਨ। ਗੁਰਦੇਵ ਸਿੰਘ ਨਿਰਣਾ ਲੈਂਦਾ, ਉਹਦੀ ਤੀਵੀਂ ਤਾਂ ਬੁੱਧੂ ਹੈ, ਬੇਅਕਲ, ਢਾਂਡਾ, ਮ੍ਹੈਸ ਐ ਨਿਰੀ। ਉਹਦੇ ਉੱਤੇ ਜ਼ਮਾਨੇ ਦਾ ਕੋਈ ਅਸਰ ਨਹੀਂ। ਉਹਨੂੰ ਨਹੀਂ ਪਤਾ, ਔਰਤ ਕੀ ਹੁੰਦੀ ਹੈ। ਉਹਨੂੰ ਨਹੀਂ ਪਤਾ, ਬੰਦਾ ਕਿਸ ਜਾਤ ਦਾ ਹੁੰਦਾ ਹੈ, ਬੰਦੇ ਨੂੰ ਰਿਝਾਉਣ ਲਈ ਔਰਤ ਕੋਲ ਕੀ ਕੀ ਹੁਨਰ ਹੁੰਦਾ ਹੈ, ਕੀ ਕੀ ਚਲਿੱਤਰ ਹੁੰਦੇ ਹਨ।
ਸ਼ਰਨਪਾਲ ਹੋਰੀਂ ਤਿੰਨ ਭੈਣਾਂ ਸਨ। ਦੋ ਉਸ ਤੋਂ ਛੋਟੀਆਂ। ਇੱਕ ਉਹਨਾਂ ਦਾ ਭਰਾ ਸੀ। ਸਭ ਤੋਂ ਛੋਟਾ। ਭਰਾ ਦਸ ਕੁ ਵਰ੍ਹਿਆਂ ਦਾ ਹੋਵੇਗਾ, ਜਦੋਂ ਉਹਨਾਂ ਦਾ ਬਾਪ ਪਰਲੋਕ ਸਿਧਾਰ ਗਿਆ। ਘਰ ਵਿੱਚ ਹੁਣ ਉਹਨਾਂ ਦਾ ਇਕੋ ਇਕ ਭਰਾ ਸੀ। ਬਾਕੀ ਉਹ ਚਾਰੇ ਮਾਂ-ਧੀਆਂ। ਘਰ ਵਿੱਚ ਬੰਦਾ ਨਾ ਹੋਵੇ ਤਾਂ ਤੀਵੀਂ ਜਾਤ ਦੀ ਕੀ ਵੁੱਕਤ। ਬੰਦਾ ਇਕੋ ਹੋਵੇ, ਘਰ ਦਾ ਥੰਮ੍ਹ ਹੁੰਦਾ ਹੈ। ਉਹ ਸ਼ਰਨਪਾਲ ਨੂੰ ਬੇਹੱਦ ਪਿਆਰਾ ਸੀ। ਭਰਾ ਕਿਸ ਨੂੰ ਪਿਆਰਾ ਨਹੀਂ ਹੁੰਦਾ ਹੈ, ਪਰ ਸ਼ਰਨਪਾਲ ਦੀ ਤਾਂ ਉਹ ਜਿੰਦ-ਜਾਨ ਸੀ।
ਹਰ ਵੇਲੇ ਉਹ ਉਸਨੂੰ ਆਪਣੇ ਕੋਲ ਰੱਖਦੀ। ਪਲ਼ ਦਾ ਵੀ ਵਸਾਹ ਨਾ ਕਰਦੀ। ਦਸ ਸਾਲ ਦਾ ਹੋ ਕੇ ਵੀ ਉਹ ਉਹਦੇ ਨਾਲ ਸੌਂਦਾ। ਇੱਕ ਥਾਲੀ ਵਿੱਚ ਉਹ ਰੋਟੀ ਖਾਂਦੇ। ਸਵੇਰੇ ਉਹ ਉਸਨੂੰ ਨੁਹਾ ਦਿੰਦੀ ਤੇ ਸਕੂਲ ਛੱਡ ਕੇ ਆਉਂਦੀ। ਹਰ ਚੀਜ਼ ਉਹ ਸ਼ਰਨਪਾਲ ਤੋਂ ਹੀ ਮੰਗਦਾ। ਮਾਂ ਨੂੰ ਕੁਛ ਪੁੱਛਦਾ ਹੀ ਨਾ। ਮਾਂ ਕੋਲ ਬਹਿੰਦਾ-ਉੱਠਦਾ ਵੀ ਨਾ।
ਇਕ ਵਾਰ ਉਹਨੂੰ ਟਾਈਫਾਈਡ ਹੋ ਗਿਆ। ਉਹਦਾ ਬਹੁਤ ਇਲਾਜ ਕੀਤਾ ਗਿਆ, ਪਰ ਬੁਖ਼ਾਰ ਟੁੱਟਦਾ ਨਹੀਂ ਸੀ। ਸ਼ਰਨਪਾਲ ਪੂਰੀ ਦੇਹ ਵੇਲਦੀ। ਉਹਦੇ ਮਰਨੇ ਮਰ-ਮਰ ਜਾਂਦੀ। ਸਾਰੀ ਰਾਤ ਸੌਂਦੀ ਹੀ ਨਾ। ਉਹਨੂੰ ਹਿੱਕ ਨਾਲ ਲਾ ਕੇ ਪੈ ਜਾਂਦੀ, ਪਰ ਉਹ ਬਚਿਆ ਨਾ। ਸ਼ਰਨਪਾਲ ਨੇ ਰੋ ਪਿੱਟ ਕੇ ਸਿਰ ਦੇ ਵਾਲ਼ ਪੁੱਟ ਲਏ। ਕੰਧਾਂ ਨਾਲ ਟੱਕਰਾਂ ਮਾਰੀਆਂ। ਦੋਵੇਂ ਛੋਟੀਆਂ ਭੈਣਾਂ ਤੇ ਮਾਂ ਫੇਰ ਉਸਨੂੰ ਹੀ ਸੰਭਾਲਣ ਉੱਤੇ ਹੋ ਗਈਆਂ। ਕਿਤੇ ਉਹੀ ਨਾ ਆਪਣੇ ਆਪ ਨੂੰ ਗੰਵਾ ਲਵੇ।
ਤੇ ਫੇਰ ਉਹਨਾਂ ਦੇ ਘਰ ਇੱਕ ਮੁੰਡਾ ਆਉਣ ਲੱਗਿਆ। ਗਵਾਂਢ ਵਿਚੋਂ ਹੀ ਸੀ। ਭੂਆ ਕੋਲ ਰਹਿੰਦਾ ਸੀ ਤੇ ਸ਼ਹਿਰ ਕਾਲਜ ਵਿੱਚ ਪੜ੍ਹਨ ਜਾਂਦਾ।
ਸ਼ਰਨਪਾਲ ਦਸਵੀਂ ਪਾਸ ਕਰਕੇ ਹਟ ਗਈ ਸੀ। ਦੋਵੇਂ ਛੋਟੀਆਂ ਸਕੂਲ ਜਾਂਦੀਆ ਘਰ ਵਿੱਚ ਆਉਂਦਾ ਮੁੰਡਾ ਉਹਨਾਂ ਦੇ ਨਿੱਕੇ ਮੋਟੇ ਕੰਮ ਕਰ ਦਿੰਦਾ। ਸ਼ਹਿਰੋਂ ਚੀਜ਼ਾਂ ਲਿਆ ਦਿੰਦਾ। ਮਾਂ ਬੀਮਾਰ ਰਹਿੰਦੀ ਸੀ। ਮਹੀਨੇ ਪਿੱਛੋਂ ਉਹਦੇ ਲਈ ਸ਼ਹਿਰੋਂ ਪੀਣ ਵਾਲੀ ਦਵਾਈ ਦੀ ਬੋਤਲ ਲਿਆ ਕੇ ਦਿੰਦਾ। ਸ਼ਰਨਪਾਲ ਕੋਲ ਬੈਠ ਕੇ ਨਿੱਕੀਆਂ-ਨਿੱਕੀਆਂ ਗੱਲਾਂ ਕਰਦਾ।
ਮਾਂ ਨੂੰ ਲੱਗਦਾ ਜਿਵੇਂ ਉਹਨਾਂ ਦਾ ਮਰ ਚੁੱਕਿਆ ਮੁੰਡਾ ਉਹਨਾਂ ਨੂੰ ਵਾਪਸ ਮਿਲ ਗਿਆ ਹੋਵੇ। ਸ਼ਰਨਪਾਲ ਨੂੰ ਲੱਗਦਾ ਜਿਵੇਂ ਉਹ ਤਾਂ ਉਹਦਾ ਭਰਾ ਸੀ। ਭਰਾ ਜਿੰਨਾ ਹੀ ਉਹਨੂੰ ਪਿਆਰ ਕਰਨ ਲੱਗੀ। ਦੁਵੱਲਾ ਪਿਆਰ। ਇੱਕ ਪਾਕ ਪਵਿੱਤਰ ਜਿਹਾ ਮੋਹ ਦਿਨੋ-ਦਿਨ ਹੋਰ ਨਿੱਘਾ ਹੁੰਦਾ ਗਿਆ। ਇੱਕ ਦੂਜੇ ਨੂੰ ਦੇਖੇ ਬਗ਼ੈਰ ਉਹ ਰਹਿ ਨਾ ਸਕਦੇ। ਸ਼ਰਨਪਾਲ ਨੂੰ ਆਪਣੇ ਭਰਾ ਦੀ ਯਾਦ ਭੁੱਲਣ ਲੱਗੀ ਤੇ ਫੇਰ ਜਿਵੇਂ ਪਤਾ ਵੀ ਨਾ ਲੱਗਿਆ ਹੋਵੇ, ਉਹਨਾਂ ਦੇ ਇਸ ਪਾਕ ਪਵਿੱਤਰ ਜਿਹੇ ਰਿਸ਼ਤੇ ਦਾ ਰੰਗ ਬਦਲ ਗਿਆ।
58
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ