ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਕਿਸੇ ਰਾਂਗਲੇ ਭਵਿੱਖ ਦੀਆਂ ਯੋਜਨਾਵਾਂ ਬਣਾਉਣ ਲੱਗੇ। ਸ਼ਰਨਪਾਲ ਤੋਂ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ। ਇਹ ਮੁੰਡਾ ਤਾਂ ਕਿੰਨਾ ਚੰਗਾ ਹੈ। ਸਾਡੇ ਘਰਾਂ ਨੂੰ ਸੰਭਾਲ ਲਵੇਗਾ। ਉਹਦੀਆਂ ਛੋਟੀਆਂ-ਛੋਟੀਆਂ ਭੈਣਾਂ ਲਈ ਧਿਰ ਬਣੇਗਾ। ਮਾਂ ਨੂੰ ਸੁੱਖ ਦੇਵੇਗਾ। ਉਹ ਉਸ ਨੂੰ ਏਥੇ ਹੀ ਆਪਣੇ ਘਰ ਵਿੱਚ ਰੱਖੇਗੀ। ਉਹਨਾਂ ਕੋਲ ਬਥੇਰੀ ਜ਼ਮੀਨ ਹੈਗੀ। ਉਹ ਮੌਜਾਂ ਕਰਨਗੇ। ਛੋਟੀਆਂ ਭੈਣਾਂ ਦੇ ਮਾਂ ਬਾਪ ਬਣ ਕੇ ਰਹਿਣਗੇ।

ਸ਼ਹਿਰ ਨੇੜੇ ਹੀ ਸੀ। ਮੁੰਡਾ ਸਾਈਕਲ ਉੱਤੇ ਕਾਲਜ ਪੜ੍ਹਨ ਜਾਂਦਾ ਹੁੰਦਾ। ਇਕ ਦਿਨ ਮੀਂਹ ਪਿਆ। ਝਖੇੜੇ ਦਾ ਮੀਂਹ ਸੀ। ਸੜਕ ਉੱਤੇ ਖੜ੍ਹੇ ਕਿੰਨੇ ਹੀ ਦਰਖ਼ਤ ਟੁੱਟ ਗਏ। ਬੱਸਾਂ, ਟਰੱਕਾਂ ਤੇ ਕਾਰਾਂ, ਮੈਟਾਡੋਰਾਂ ਲਈ ਚੱਲਣਾ ਮੁਸ਼ਕਿਲ ਹੋ ਗਿਆ। ਇੱਕ ਥਾਂ ਇਕ ਟਾਹਲੀ ਟੁੱਟ ਕੇ ਮੋਟਾ ਡਾਹਣਾ ਸੜਕ ਉੱਤੇ ਆ ਡਿੱਗਿਆ ਸੀ। ਐਨ ਓਸ ਥਾਂ ਮੁੰਡੇ ਦੇ ਸਾਈਕਲ ਉੱਤੇ ਟਰੱਕ ਆ ਚੜ੍ਹਿਆ। ਉਹਦੇ ਸਿਰ ਵਿੱਚ ਜ਼ਬਰਦਸਤ ਸੱਟ ਲੱਗੀ ਸੀ। ਉਹ ਥੋੜ੍ਹੀ ਦੇਰ ਬਾਅਦ ਹੀ ਤੜਫ਼-ਤੜਫ਼ ਕੇ ਮਰ ਗਿਆ।

ਸ਼ਰਨਪਾਲ ਦਾ ਸੰਸਾਰ ਉੱਜੜ ਗਿਆ। ਬਸ ਉਹ ਦਿਨ, ਸੋ ਉਹ ਦਿਨ ਸ਼ਰਨਪਾਲ ਦੇ ਮਨ ਵਿੱਚ ਇੱਕ ਗੰਢ ਪੈ ਗਈ ਕਿ ਉਹ ਜਿਸ ਕਿਸੇ ਨੂੰ ਵੀ ਦਿਲੋਂ ਪਿਆਰ ਕਰਦੀ ਹੈ, ਮਰ ਜਾਂਦਾ ਹੈ। ਪਹਿਲਾਂ ਉਹਦਾ ਭਰਾ, ਫੇਰ ਉਹਦਾ ਉਹ।

ਸ਼ਰਨਪਾਲ ਦਾ ਮੁੰਡਾ ਬੇਹੱਦ ਕਮਜ਼ੋਰ ਹੋ ਚੁੱਕਿਆ ਸੀ, ਹੌਲ਼ੀ-ਹੌਲ਼ੀ ਉਹ ਬੈਠਦਾ, ਹੌਲ਼ੀ-ਹੌਲ਼ੀ ਬੋਲਦਾ।ਜਿਵੇਂ ਜਮਾਂ ਹੀ ਸੱਤਿਆਨਾ ਰਹਿ ਗਈ ਹੋਵੇ। ਸ਼ਰਨਪਾਲ ਉਹਦੇ ਕੋਲ ਦੀ ਲੰਘਦੀ ਤਾਂ ਉਹ ਬਿਟਰ-ਬਿਟਰ ਉਹਦੇ ਵੱਲ ਝਾਕਦਾ। ਸ਼ਰਨਪਾਲ ਦਾ ਜੀਅ ਕਰਦਾ, ਉਹ ਆਪਣੇ 'ਗਧੇ' ਨੂੰ ਹਿੱਕ ਨਾਲ ਲਾ ਲਵੇ, ਪਰ ਉਹਨੂੰ ਯਾਦ ਆਉਂਦਾ, ਉਹ ਆਪਣੇ ਭਰਾ ਨੂੰ ਜਦੋਂ ਉਹ ਟਾਈਫਾਈਡ ਨਾਲ ਐਨਾ ਹੀ ਬੀਮਾਰ ਸੀ, ਹਿੱਕ ਨਾਲ ਲਾ ਕੇ ਰੱਖਦੀ ਹੁੰਦੀ।

ਸ਼ਰਨਪਾਲ ਨੇ ਆਪਣੇ ਅਟੈਚੀ ਵਿੱਚ ਕੱਪੜੇ ਪਾਏ ਤੇ ਸੱਸ ਨੂੰ ਕਹਿੰਦੀ- 'ਬੇ ਜੀ, ਮੈਂ ਮਾਂ ਕੋਲ ਚੱਲੀ ਆਂ। ਹਫ਼ਤਾ ਕੁ ਲਾ ਕੇ ਆਜੂੰਗੀ।'

'ਭਾਈ ਬਹੂ, ਮੁੰਡੇ ਕੰਨੀ ਤਾਂ ਦੇਖ। ਤੈਨੂੰ ਜਾਣ ਕੀ ਸੁੱਝਦੈ। ਮੁੰਡੇ ਦਾ ਰੱਥ ਵਿਗੜਿਆ ਲੱਗਦੈ। ਪਿੰਡ-ਪਿੰਡ ਲੋਕ ਮਰੀ ਜਾਂਦੀ ਐ। ਕੁਸ ਤਾਂ ਸੋਚ ਭਾਈ। ਐਡੀ ਕਾਹਲ ਕੀ ਪੈ ਗਈ ਤੈਨੂੰ ਜਾਣ ਦੀ?'

'ਤਾਪ ਈ ਐ, ਆਪੇ ਉਤਰ ਜੂ। ਕੀ ਹੋਇਆ ਇਹਨੂੰ?' ਸ਼ਰਨਪਾਲ ਨੇ ਰੁੱਖਾ ਜਵਾਬ ਦਿੱਤਾ।

ਸੱਸ ਕਹਿੰਦੀ- 'ਕਿੰਨੀ ਬੇਅਕਲ ਐਂ ਤੂੰ! ਤੇਰੇ ਵਰਗੀ ਦੇ ਕਾਹਨੂੰ ਲੱਗੇ ਵੇਲ-ਤੂਮੜੀ। ਐਨੀ ਨਿਰਦੈਣ! ਜਿਹਨੇ ਪੁੱਤ ਨੂੰ ਕੁਛ ਨਾ ਜਾਣਿਆ, ਹੋਰ ਕੀ ਲੱਗਦੈ ਉਹਦਾ ਕੋਈ। ਜਾਹ ਤੁਰਦੀ ਹੋ। ਤੂੰ ਨਹੀਂ, ਤਾਂ ਅਸੀਂ ਤਾਂ ਹੈਗੇ ਆਂ।

ਸੱਸ ਦੇ ਮੰਦੇ ਬੋਲ ਸੁਣ ਕੇ ਜਿਵੇਂ ਸ਼ਰਨਪਾਲ ਨੂੰ ਧਰਵਾਸ ਮਿਲਿਆ ਹੋਵੇ। ਹੁਣ ਉਹਦੇ ਲਾਲ ਦਾ ਵਾਲ਼ ਵੀ ਵਿੰਗਾ ਨਹੀਂ ਹੋਵੇਗਾ। ਉਹਨੇ ਅਟੈਚੀਕੇਸ ਚੁੱਕਿਆ ਤੇ 'ਗਧੇ' ਵੱਲ ਝਾਕੇ ਬਗ਼ੈਰ ਘਰੋਂ ਬਾਹਰ ਹੋ ਗਈ।

ਡਰ

59