ਖ਼ਾਨਦਾਨ
ਜੈਮਲ ਬੁੜ੍ਹਾ ਭਰਿਆ-ਪੀਤਾ ਘਰੋਂ ਆਇਆ ਤੇ ਚੁੱਪ ਕੀਤਾ ਜਿਹਾ ਧਰਮਸ਼ਾਲਾ ਦੀ ਚੌਕੜੀ ਉੱਤੇ ਪੈਰਾਂ ਭਾਰ ਹੋ ਕੇ ਬੈਠ ਗਿਆ। ਫੇਰ ਉਹਨੇ ਹੱਥ ਵਿਚਲੀ ਖੂੰਡੀ ਚੌਕੜੀ ਨਾਲ ਟਿਕਾ ਕੇ ਰੱਖ ਦਿੱਤੀ ਤੇ ਦੋਵੇਂ ਹੱਥਾਂ ਨਾਲ ਆਪਣੀਆਂ ਅੱਖਾਂ ਉੱਤੇ ਐਨਕ ਨੂੰ ਠੀਕ ਕੀਤਾ। ਐਨਕ ਠੀਕ ਕਰਦਾ ਉਹ ਚੌਕੜੀ ਉੱਤੇ ਬੈਠੇ ਦੂਜੇ ਬੰਦਿਆਂ ਨੂੰ ਗਹੁ ਨਾਲ ਦੇਖਣ ਲੱਗਿਆ। ਉਹ ਕੋਈ ਗੱਲ ਕਰ ਰਹੇ ਸਨ। ਪਰ ਉੱਚਾ ਨਹੀਂ ਬੋਲਦੇ ਸਨ। ਉਹਨਾਂ ਦੀ ਘੁਸਰ-ਮੁਸਰ ਬੁੜ੍ਹੇ ਦੇ ਪੱਲੇ ਨਹੀਂ ਪੈ ਰਹੀ ਸੀ। ਉਹਨੂੰ ਸੁਣਦਾ ਵੀ ਤਾਂ ਕੁਝ ਉੱਚਾ ਸੀ। ਫੇਰ ਨੰਗ-ਪੈਰਿਆਂ ਦੇ ਮੁਕੰਦੇ ਨੇ ਉਹਨੂੰ ਖ਼ੁਦ ਹੀ ਬੁਲਾ ਲਿਆ- 'ਤਾਇਆ ਕੀ ਗੱਲ ਐ ਅੱਜ?' ਕਿਮੇਂ ਅੱਖਾਂ ਹੋਰੂੰ ਜੀਆਂ ਕੀਤੀਆਂ ਨੇ? ਕੋਈ ਗੱਲ ਲੱਗਦੀ ਐ।'
ਜੈਮਲ ਫੇਰ ਵੀ ਬੋਲਿਆ ਨਹੀਂ। ਮੁਕੰਦੇ ਵੱਲ ਗੁਟਰ-ਗੁਟਰ ਝਾਕਦਾ ਰਿਹਾ। ਕੀ ਜਵਾਬ ਦਿੰਦਾ ਉਹ? ਘਰ ਦੀ ਗੱਲ ਬਾਹਰ ਕਿਵੇਂ ਕੱਢਦਾ? ਪੁੱਛਣ ਵਾਲੇ ਦੇ ਬੋਲਾਂ ਨੇ ਉਹਨੂੰ ਤਾਂ ਸਗੋਂ ਹੋਰ ਉਦਾਸ ਕਰ ਦਿੱਤਾ ਸੀ। ਜਿਵੇਂ ਉਹਦੇ ਗੁੱਸੇ ਨੂੰ ਵੀ ਨਵੀਂ ਤੀਲ੍ਹੀ ਦਿਖਾ ਦਿੱਤੀ ਹੋਵੇ। ਮੂੰਹ ਵਿਚਲਾ ਥੁੱਕ ਸੰਘੋਂ ਥੱਲੇ ਉਤਾਰ ਕੇ ਬੁੜ੍ਹੇ ਨੇ ਖੰਘੂਰ ਮਾਰੀ। ਬੋਲਿਆ- 'ਤੁਸੀਂ ਕੀਹਦੀ ਕਰਦੇ ਓ ਗੱਲ ਕੋਈ?'
ਮੁਕੰਦਾ ਕਹਿੰਦਾ- 'ਉਹ ਤਾਂ ਐਵੇਂ ਗੱਲ ਐ ਕਿਸੇ ਦੀ।' ਉਹਨੇ ਫੇਰ ਪੁੱਛ ਲਿਆ- 'ਨਾ ਤਾਇਆ, ਤੂੰ ਕੁਝ ਦੱਸਿਆ ਈ ਨਾ। ਅੱਜ ਗੱਲ ਕੀਹ ਐ? ਅੱਗੇ ਤਾਂ ਸੱਥ 'ਚ ਔਂਦਾ ਈ ਪਹਿਲਾਂ ਇੱਕ ਟਿੱਚਰ ਛੱਡਦਾ ਹੁੰਨੈ ਤੂੰ। ਅੱਜ ਕੀ ਹੋ ਗਿਆ ਤੈਨੂੰ? ਚੁੱਪ ਕੀਤਾ ਈ ਆ ਬੈਠਾ। ਜੈਬ ਨਾਲ ਤਾਂ ਨੀ ਹੋ 'ਗੀ ਕੋਈ ਪੰਜ-ਤਿੰਨ?'
ਅਜਾਇਬ ਸਿੰਘ ਜੈਮਲ ਸਿੰਘ ਦੇ ਮੁੰਡੇ ਦਾ ਨਾਉਂ ਸੀ।
ਇੱਕ ਬਿੰਦ ਜੈਮਲ ਨੇ ਜੀ। ਮਲੀ ਤੇ ਫੇਰ ਕੁਝ ਸੋਚ ਕੇ ਬੁੱਲਾਂ ਉੱਤੇ ਆਉਂਦੀ ਗੱਲ ਢਿੱਡ ਵਿੱਚ ਹੀ ਰੱਖ ਲਈ। ਪਲਟ ਕੇ ਬੋਲਿਆ- 'ਉਹ ਤਾਂ ਠੀਕ ਐ। ਗੱਲ ਕੋਈ ਨ੍ਹੀਂ, ਬਸ ਐਮੇ, ਪਰ ਤੁਸੀਂ ਇਹ ਕੀਹਦੀ ਕਰਦੇ ਓ ਗੱਲ?'
ਮੁਕੰਦਾ ਬਹੁਤਾ ਖਹਿੜੇ ਨਹੀਂ ਪਿਆ। ਜੈਮਲ ਉਹਦੇ ਨਾਲ ਖੁੱਲ੍ਹਣ ਲੱਗਿਆ ਤਾਂ ਉਹਨੇ ਦੱਸਿਆ- 'ਇਹ ਤਾਂ ਕੈਲੂ ਦੀਆਂ ਗੱਲਾਂ ਕਰਦੇ ਆਂ ਅਸੀਂ। ਅਖੇ-ਉਹਦੇ ਮੁੰਡੇ ਨੂੰ ਸਾਕ ਹੁੰਦੈ, ਜਿਹੜਾ ਕਾਲਜ 'ਚ ਪੜ੍ਹਦੈ, ਉਹਨੂੰ। ਵੱਡਾ ਮੁੰਡਾ ਉਹਦਾ। ਕਹਿੰਦੇ ਕੁੜੀ ਦਸ ਜਮਾਤਾਂ ਪਾਸ ਐ। ਅਗਲੇ ਮੋਟਰ-ਸੈਕਲ ਦਿੰਦੇ ਐ। ਜੱਟ ਕੋਲ ਜ਼ਮੀਨ-ਜੈਦਾਤ ਬੜੀ ਦੱਸੀ ਦੀ ਐ।'
60
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ