ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਹਲਾ?' ਜੈਮਲ ਬੁੜ੍ਹੇ ਨੇ ਸੁਣਿਆ ਤਾਂ ਬੁੱਲ੍ਹਾਂ ਉੱਤੇ ਜੀਭ ਫੇਰਨ ਲੱਗ ਪਿਆ। ਕਹਿੰਦਾ- 'ਦੇਖ ਲੈ ਬਈ, ਆਹ ਤਾਂ ਲੋੜ੍ਹਾ ਐ।' ਫੇਰ ਝੋਰਾ ਕਰਨ ਲੱਗਿਆ, 'ਸਮੋ ਬਦਲਦੀ ਨੂੰ ਕੀ ਆਖੀਏ ਹੁਣ? ਸਦੀ ਪਲਟ 'ਗੀ ਭਾਈ, ਸਦੀ। ਅਖੇ, ਜੱਟ ਉਹਦੇ ਮੁੰਡੇ ਨੂੰ ਸਾਕ ਕਰਦੈ। ਹਾਲੀਏਂ ਕੱਲ੍ਹ ਦੀਆਂ ਗੱਲਾਂ ਨੇ। ਕੀਹਨੂੰ ਪਤਾ ਨ੍ਹੀਂ ਬਈ ਕੈਲੂ ਆਪ ਜੱਟ ਨ੍ਹੀਂ ਹੈਗਾ, ਮੁਸਲਮਾਨ ਐ?'

ਸੰਤਾਲੀ ਵੇਲੇ ਦੀ ਗੱਲ ਹੈ। ਉਸ ਪਿੰਡ ਦੇ ਸਾਰੇ ਮੁਸਲਮਾਨ ਕਤਲ ਕਰ ਦਿੱਤੇ ਗਏ ਸਨ। ਜਿਹੜੇ ਚੁਸਤ ਚਾਲਾਕ ਸਨ ਤੇ ਘਰੋਂ ਕੁਝ ਤਕੜੇ ਵੀ, ਉਹ ਬਹੁਤ ਪਹਿਲਾਂ ਘਰ-ਬਾਰ ਛੱਡ ਕੇ ਪਾਕਿਸਤਾਨ ਜਾ ਪਹੁੰਚੇ ਸਨ, ਪਰ ਕੁਝ ਸਨ, ਜਿਹੜੇ ਲੁਕ ਛਿਪ ਕੇ ਏਧਰ ਹੀ ਜੱਟਾਂ ਦੇ ਘਰਾਂ ਵਿੱਚ ਵੜੇ ਬੈਠੇ ਰਹੇ।

ਰਮਦਿੱਤੇ ਦਾ ਪਿੰਡ ਤੋਂ ਬਾਹਰਵਾਰ ਘਰ ਸੀ। ਉਹਦੇ ਘਰ ਨਾਲ ਲੱਗਦੇ ਤਿੰਨ-ਚਾਰ ਹੋਰ ਘਰ ਵੀ ਸਨ।ਨਿਆਈਆਂ ਵਿੱਚ, ਰੂੜੀਆਂ 'ਤੇ ਪਾਥੀਆਂ ਦੇ ਗੁਹਾਰਿਆਂ ਤੋਂ ਪਰ੍ਹੇ। ਜਿਸ ਰਾਤ ਪਿੰਡ ਦੇ ਮੁਸਲਮਾਨ ਵੱਢੇ, ਰਮਦਿੱਤੇ ਨੇ ਤੜਕੇ ਉੱਠ ਕੇ ਦੇਖਿਆ, ਉਹਦੇ ਘਰ ਨੇੜੇ ਰੂੜੀਆਂ ਗੁਹਾਰਿਆਂ ਵਿਚਕਾਰ ਕਿੰਨੀਆਂ ਹੀ ਲੋਥਾਂ ਪਈਆਂ ਹੋਈਆ ਸਨ। ਇੱਕ ਗੁਹਾਰੇ ਦੀ ਖਾਲੀ ਖੋਢ ਵਿੱਚ ਉਹਨੂੰ ਕੁਝ ਹਿਲਦਾ-ਜੁਲਦਾ ਦਿਸਿਆ। ਉਹਨੇ ਕੋਲ ਜਾ ਕੇ ਦੇਖਿਆ, ਕੋਈ ਬੱਚਾ ਸੀ। ਡਰ ਕੇ ਸੁੰਨ ਬਣਿਆ ਪਿਆ। ਢਾਈ ਤਿੰਨ ਸਾਲ ਦਾ ਮਸਾਂ ਹੋਵੇਗਾ। ਰਮਦਿੱਤੇ ਨੇ ਉਹਨੂੰ ਬਾਹਰ ਕੱਢ ਲਿਆ। ਉਹ ਮੁੰਡਾ ਸੀ। ਪੂਰਾ ਸਹਿਮਿਆ ਹੋਇਆ। ਨਾ ਰੋਂਦਾ ਸੀ, ਨਾ ਬੋਲਦਾ। ਅੱਖਾਂ ਵਿੱਚ ਪੂਰੀ ਦਹਿਸ਼ਤ। ਗੁਹਾਰੇ ਕੋਲ ਵੱਢੇ-ਟੁੱਕੇ ਤੇ ਮਰੇ ਪਏ ਇੱਕ ਮਰਦ ਤੇ ਇੱਕ ਔਰਤ ਵੱਲ ਉਹ ਝਾਕਦਾ ਤਾਂ ਹੋਰ ਸਹਿਮ ਜਾਂਦਾ। ਰਮਦਿੱਤੇ ਨੇ ਉਹਨੂੰ ਗੋਦੀ ਚੁੱਕ ਲਿਆ। ਉਹ ਉਹਦੇ ਹੱਥਾਂ ਵਿੱਚੋਂ ਲੁਲਕ ਲੁਲਕ ਜਾਂਦਾ, ਜਿਵੇਂ ਮਾਸ ਦਾ ਲੋਥੜਾ ਹੋਵੇ। ਭੋਰਾ ਵੀ ਜਾਨ ਜਿਵੇਂ ਉਸ ਵਿੱਚ ਨਾ ਰਹਿ ਗਈ ਹੋਵੇ। ਉਹ ਉਹਨੂੰ ਘਰੇ ਚੁੱਕ ਲਿਆਇਆ। ਪਹਿਲਾਂ ਉਹਨੂੰ ਪਾਣੀ ਪਿਆਇਆ। ਪਾਣੀ ਪੀ ਕੇ ਜਿਵੇਂ ਉਹਨੂੰ ਸੁਰਤ ਆ ਗਈ ਹੋਵੇ। ਉਹ ਅੱਖਾਂ ਝਮਕਣ ਲੱਗਿਆ। ਫੇਰ ਉਹਨੇ ਚਾਹ ਬਣਾਈ। ਮੁੰਡੇ ਨੇ ਅੱਧਾ ਗਿਲਾਸ ਮਸਾਂ ਪੀਤਾ।

ਰਮਦਿੱਤੇ ਨੇ ਔਰਤ ਮਰਦ ਨੂੰ ਸਿਆਣ ਲਿਆ ਸੀ, ਉਹ ਪਰਲੇ ਅਗਵਾੜ ਬਾਰੂ ਤੇਲੀ ਦਾ ਵੱਡਾ ਮੁੰਡਾ ਸੀ ਤੇ ਔਰਤ ਬਾਰੂ ਦੀ ਨੂੰਹ। ਉਹਨਾਂ ਦਾ ਨਿੱਕਾ ਜੁਆਕ ਉਹਨੇ ਅੰਦਰ ਸਬਾਤ ਵਿੱਚ ਮੰਜੇ ਉੱਤੇ ਪਾ ਦਿੱਤਾ। ਘੂਰ ਵੀ ਦਿੱਤਾ- 'ਬੋਲੀ ਨਾ, ਨਹੀਂ ਮਾਰ ਦੇਣਗੇ ਤੈਨੂੰ ਵੀ।' ਮੁੰਡਾ ਸੁੰਨ ਦਾ ਸੁੰਨ ਪਿਆ ਰਿਹਾ।

ਰਮਦਿੱਤੇ ਦੇ ਮਨ ਵਿੱਚ ਧੁੜਕੂ- 'ਜੇ ਸਾਲਾ ਕੋਈ ਆ ਗਿਆ ਤੇ ਮੁੰਡੇ ਦਾ ਪਤਾ ਲੱਗ ਪਿਆ ਤਾਂ ਬਰਛੇ ਚਿੱਭੜ ਵਾਂਗ ਪਰੋ ਕੇ ਲੈ ਜੂਗਾ।'

ਦੁਪਹਿਰ ਤੱਕ ਸਾਰੀਆਂ ਲੋਥਾਂ ਸਮੇਟ ਦਿੱਤੀਆਂ ਗਈਆਂ ਸਨ। ਲੋਥਾਂ ਨਾ ਦੱਬੀਆਂ, ਨਾ ਫੂਕੀਆਂ। ਨਿਆਈਆਂ ਵਿੱਚ ਲਿਜਾ ਕੇ ਸੁੱਟ ਦਿੱਤੀਆਂ। ਕਾਵਾਂ-ਕੁੱਤਿਆਂ ਤੇ ਗਿਰਝਾਂ ਦਾ ਭੋਜਨ ਹੀ ਬਣੀਆਂ।

ਉਹਨੇ ਮੁੰਡੇ ਨੂੰ ਕਿੰਨੇ ਹੀ ਦਿਨ ਛੁਪਾ ਕੇ ਰੱਖਿਆ। ਦਰਵਾਜ਼ੇ ਦਾ ਬਾਰ ਭੇੜ ਕੇ ਰੱਖਿਆ ਕਰੇ। ਮੁੰਡੇ ਨੂੰ ਅੰਦਰੋਂ ਸਬਾਤ ਵਿੱਚੋਂ ਹਿੱਲਣ ਨਾ ਦਿਆ ਕਰੇ। ਅੰਦਰੇ ਰੋਟੀ,

ਖ਼ਾਨਦਾਨ

61