ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/63

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪਹਿਲਾਂ-ਪਹਿਲਾਂ ਰਮਦਿੱਤਾ ਸੋਚਦਾ ਹੁੰਦਾ, ਕਿਉਂ ਨਾ ਉਹਨੇ ਵੀ ਸੰਤਾਲੀ ਵੇਲੇ ਕੋਈ ਮੁਸਲਮਾਨੀ ਘਰ ਵਸਾ ਲਈ? ਪਿੰਡ ਵਿੱਚ ਜੱਟਾਂ ਦੇ ਚਾਰ ਪੰਜ ਘਰੀਂ ਮੁਸਲਮਾਨ ਔਰਤਾਂ ਵੱਸੀਆਂ ਹੋਈਆਂ ਸਨ ਤੇ ਅਗਲੇ ਮੌਜਾਂ ਕਰਦੇ। ਉਹਨਾਂ ਨੂੰ ਕੋਈ ਟੋਕਦਾ-ਵਰਜਦਾ ਨਹੀਂ ਸੀ। ਜੱਟ ਦਾ ਕੀ ਹੁੰਦਾ ਹੈ, ਉਹਦੇ ਘਰ ਕਿਸੇ ਵੀ ਜ਼ਾਤ ਦੀ ਤੀਵੀਂ ਹੋਵੇ, ਜੱਟੀ ਹੀ ਹੁੰਦੀ ਹੈ। ਅਗਾਂਹ ਮੁੰਡੇ-ਕੁੜੀਆਂ ਦੇ ਵਿਆਹ ਕਰਨ ਵੇਲੇ ਪਤਾ ਨਹੀਂ ਕੀ ਹੋਵੇਗਾ, ਕਾਹਦਾ ਫ਼ਿਕਰ? ਬੰਦਾ ਆਪ ਤਾਂ ਸੁੱਖ ਭੋਗ ਲੈਂਦਾ ਹੈ। ਤੀਵੀਂ ਦੇ ਹੱਥਾਂ ਦਾ ਪੱਕਿਆ ਰੋਟੀ-ਟੁੱਕ ਖਾਂਦਾ ਹੈ। ਮੁੰਡੇ ਕੁੜੀਆਂ, ਆਖ਼ਰ ਉਹ ਵੀ ਤਾਂ ਬੰਦੇ ਦੀ ਜ਼ਾਤ ਹੁੰਦੇ ਹਨ, ਕਿਸੇ ਨਾ ਕਿਸੇ ਟਿਕਾਣੇ ਲੱਗ ਹੀ ਜਾਂਦੇ ਹਨ। ਰਮਦਿੱਤਾ ਸੋਚਦਾ ਹੁੰਦਾ, ਉਹ ਵੀ ਕਿਸੇ ਨੂੰ ਲਿਆ ਬਿਠਾਉਂਦਾ ਘਰ। ਪਰ ਜਦੋਂ ਤੋਂ ਉਹਦਾ ਕੈਲੂ ਉਡਾਰ ਹੋਇਆ ਸੀ, ਉਹਨੂੰ ਦੂਜੇ ਹੱਥ ਦੀ ਪੱਕੀ ਰੋਟੀ ਮਿਲਣ ਲੱਗੀ ਸੀ, ਉਹਨੂੰ ਤੀਵੀਂ ਦਾ ਖ਼ਿਆਲ ਵਿਸਰ ਗਿਆ ਸੀ। ਹੁਣ ਤਾਂ ਉਹ ਚਿੱਤ ਵਿੱਚ ਆਖਦਾ ਹੁੰਦਾ, ਤੀਵੀਂ ਕਿਹੜਾ ਨਹੀਂ ਕਦੇ ਲਿਆ ਕੇ ਦੇਖੀ ਸੀ। ਪਤਾ ਵੀ ਨਾ ਲੱਗਿਆ, ਕਦੋਂ ਘਰੋਂ ਨਿੱਕਲ ਤੁਰੀ। ਇਸ ਤਰ੍ਹਾਂ ਦੀ ਬਿਗਾਨੀ ਔਰਤ ਨਾਲੋਂ ਤਾਂ ਬੰਦਾ ਸੱਖਣਾ ਚੰਗਾ। ਕੀ ਲੈਣਾ ਸੀ, ਤੀਵੀਂ ਤੋਂ? ਉਹਦੀ ਉਮਰ ਵੀ ਤਾਂ ਨਹੀਂ ਰਹਿ ਗਈ ਸੀ, 'ਤੀਵੀਂ' ਨੂੰ ਰੱਸਾ ਪਾ ਕੇ ਘਰ ਰੱਖਣ ਦੀ। ਤੀਹ ਪੈਂਤੀ ਸਾਲ ਦੀ ਉਮਰ ਹੋਰ ਹੁੰਦੀ ਹੈ। ਓਦੋਂ ਗੱਲ ਹੋਰ ਹੁੰਦੀ ਹੈ। ਤੀਵੀਂ ਨੂੰ ਤਾਂ ਨਵਾਂ-ਨਰੋਆ ਹੱਡ ਹੀ ਸੰਭਾਲ ਸਕਦਾ ਹੈ।

ਤੇ ਫੇਰ ਕੈਲੂ ਜਦੋਂ ਅਠਾਰਾਂ ਉੱਨੀ ਸਾਲ ਦਾ ਹੋਇਆ ਤੇ ਰਮਦਿੱਤੇ ਦੀ ਦੇਹ ਜਮ੍ਹਾਂ ਹਾਰ ਗਈ ਤਾਂ ਉਹਨੇ ਤਹਿਸੀਲਦਾਰ ਦੇ ਜਾ ਕੇ ਆਪਣੀ ਸਾਰੀ ਜ਼ਮੀਨ-ਜਾਇਦਾਦ ਦੀ ਵਸੀਅਤ ਕਰਨੈਲ ਸਿੰਘ ਦੇ ਨਾਉਂ ਕਰਵਾ ਦਿੱਤੀ। ਅਗਲੇ ਸਾਲ ਹੀ ਰਮਦਿੱਤਾ ਚਲਾਣਾ ਕਰ ਗਿਆ। ਜ਼ਮੀਨ ਕੈਲੂ ਦੇ ਨਾਉਂ ਚੜ੍ਹ ਗਈ। ਅਗਵਾੜ ਦੇ ਕਿਸੇ ਘਰ ਨੇ ਕੋਈ ਉਜਰ ਨਾ ਕੀਤਾ। ਸਿਆਣੇ ਲੋਕ ਤਾਂ ਸਗੋਂ ਰਮਦਿੱਤੇ ਨੂੰ ਸ਼ਾਬਾਸ਼ ਦਿੰਦੇ-ਮੁੰਡੇ ਨੇ ਸੇਵਾ ਕੀਤੀ ਐ ਉਹਦੀ, ਉਹਦਾ ਗੂੰਹ-ਮੂਤ ਸਭ ਸਾਂਭਿਆ ਇਹਨੇ। ਇਹਨੂੰ ਈ ਮਿਲਣੀ ਸੀ ਫੇਰ ਉਹਦੀ ਜ਼ਮੀਨ ਜੈਦਾਤ।'

ਤੇ ਫੇਰ ਕੈਲੂ ਉਰਫ਼ ਕਰਨੈਲ ਸਿੰਘ ਨੂੰ ਇੱਕ ਜੱਟ ਆ ਕੇ ਆਪਣੀ ਧੀ ਦਾ ਸਾਕ ਕਰ ਗਿਆ। ਵਿਆਹ ਵੀ ਹੋ ਗਿਆ। ਅਗਵਾੜ ਦੇ ਲੋਕ ਕਹਿੰਦੇ ਸਨ- 'ਕੁੜੀ ਵੀ ਮੁਸਲਮਾਨੀ ਦੇ ਪੇਟੋਂ ਹੋਈ ਵਈ ਦੱਸੀਂਦੀ ਐ।'

'ਓਏ ਚੱਲ ਠੀਕ ਐ। ਹੈ ਤਾਂ ਜੱਟ ਈ। ਘਰ ਤਾਂ ਤੁਰਦਾ ਹੋਇਆ। ਰਮਦਿੱਤੇ ਦਾ ਮੁੰਡਾ ਈ ਵੱਜਦੈ ਏਧਰ ਕੈਲੂ ਵੀ ਹਾਂ। ਲੋਕਾਂ ਦੇ ਹਾਸੇ ਵਿੱਚ ਗੰਭੀਰਤਾ, ਹਮਦਰਦੀ ਤੇ ਅਲਗਾਓ ਵਾਲੇ ਰਲੇ ਮਿਲੇ ਹਾਵ-ਭਾਵ ਹੁੰਦੇ।

ਤੇ ਹੁਣ ਕਰਨੈਲ ਸਿੰਘ ਆਪ ਖੇਤੀਬਾੜੀ ਦਾ ਕੰਮ ਕਰਦਾ। ਉਹਦੇ ਕੋਲ ਇੱਕ ਊਠ, ਦੋ ਬਲਦ, ਇੱਕ ਗਾਂ ਤੇ ਇੱਕ ਮੱਝ ਸੀ। ਇੱਕ ਸੀਰੀ ਰਲਾ ਰੱਖਿਆ ਸੀ। ਛੀ ਕਿੱਲੇ ਜ਼ਮੀਨ ਉਹਨੇ ਗਹਿਣੇ ਦੀ ਵੀ ਲੈ ਲਈ ਸੀ। ਦਸ ਕਿੱਲੇ ਉਹਦੇ ਆਪਣੇ। ਖੱਬੀਖ਼ਾਨ ਵਾਹੀ ਕਰਦਾ। ਉਹਦਾ ਵੱਡਾ ਮੁੰਡਾ ਨੇੜੇ ਦੇ ਸ਼ਹਿਰ ਕਾਲਜ ਪੜ੍ਹਦਾ। ਅਗਵਾੜ ਵਿੱਚ ਉਹ ਖਾਂਦਾ-ਪੀਂਦਾ ਘਰ ਗਿਣਿਆ ਜਾਂਦਾ।

ਖ਼ਾਨਦਾਨ

63