ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/64

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਤੇ ਅੱਜ ਧਰਮਸ਼ਾਲਾ ਦੀ ਚੌਕੜੀ ਉੱਤੇ ਬੈਠ ਕੇ ਜੈਮਲ ਬੁੜ੍ਹਾ ਕੈਲੂ ਦੇ ਘਰ ਦੀਆਂ ਗੱਲਾ ਬਹੁਤ ਗਹੁ ਨਾਲ ਸੁਣ ਰਿਹਾ ਸੀ। ਜੈਮਲ ਦਾ ਆਪਣਾ ਚੰਗਾ ਖ਼ਾਨਦਾਨੀ ਘਰ ਸੀ। ਉਹਦੇ ਕੋਲ ਵੀਹ ਕਿੱਲੇ ਜ਼ਮੀਨ ਸੀ। ਐਡਾ ਵੱਡਾ ਹਵੇਲੀ ਜਿੱਡਾ ਘਰ। ਟਰੈਕਟਰ ਵੀ ਉਹਨਾਂ ਕੋਲ ਸੀ। ਸਾਰੇ ਰੰਗ ਭਾਗ ਲੱਗੇ ਹੋਏ, ਤਿੰਨ ਉਹਦੇ ਪੋਤੇ, ਦੋ ਪੋਤੀਆਂ। ਉਹਦਾ ਮੁੰਡਾ ਅਜਾਇਬ ਸਿੰਘ ਅਗਵਾੜ ਵਿੱਚ ਮੰਨਿਆ ਦੰਨਿਆ ਬੰਦਾ ਸੀ, ਪਰ ਅੱਜ ਉਹਦੀ ਕਰਤੂਤ ਸੁਣ ਕੇ ਜੈਮਲ ਦੇ ਜਿਵੇਂ ਸਾਹ ਸੂਤੇ ਗਏ ਹੋਣ। ਉਹ ਆਪਣੇ ਮੁੰਡੇ ਨਾਲ ਪੂਰਾ ਝਗੜਿਆ। ਅਖ਼ੀਰ ਜਦੋਂ ਗੁੱਸੇ ਨੇ ਪਾਗ਼ਲਪਣ ਦਾ ਰੂਪ ਧਾਰਨਾ ਚਾਹਿਆ ਤਾਂ ਬੁੜ੍ਹਾ ਘਰੋਂ ਬਾਹਰ ਨਿੱਕਲ ਆਇਆ।

ਗੱਲ ਇਹ ਸੀ ਕਿ ਅਜਾਇਬ ਸਿੰਘ ਆਪਣੀ ਛੋਟੀ ਕੁੜੀ ਦਾ ਸਾਥ ਦੇਣ ਲਈ ਰੀਫਿਊਜੀਆਂ ਦੇ ਇੱਕ ਮੁੰਡੇ ਨੂੰ ਪੱਕ-ਠੱਕ ਕਰ ਆਇਆ ਸੀ। ਰੀਫਿਊਜੀ ਲਾਇਲਪੁਰ ਜ਼ਿਲ੍ਹੇ ਦੇ ਸਨ। ਇੱਥੋਂ ਵੀਹ ਦੂਰ ਇੱਕ ਛੋਟੇ ਜਿਹੇ ਪਿੰਡ ਦੇ ਅਲਾਟੀ। ਜ਼ਮੀਨ ਮੁੰਡੇ ਨੂੰ ਵੀਹ ਕਿੱਲੇ ਆਉਂਦੀ ਸੀ। ਮੁੰਡਾ ਬੀ.ਏ. ਕਰ ਚੁੱਕਿਆ ਸੀ। ਅਜਾਇਬ ਸਿੰਘ ਦੀ ਕੁੜੀ ਦਸ ਜਮਾਤਾਂ ਪਾਸ ਸੀ। ਦੇਣ ਬਹੁਤ ਦੇਣਾ ਸੀ, ਅਜਾਇਬ ਸਿੰਘ ਨੇ ਆਪਣੀ ਕੁੜੀ ਨੂੰ।

ਸੰਤਾਲੀ ਵੇਲੇ ਜਿਹੜੇ ਜੱਟ-ਸਿੱਖ ਪਾਕਿਸਤਾਨ ਵਿੱਚੋਂ ਆ ਕੇ ਏਧਰ ਵਸੇ ਸਨ, ਉਹਨਾਂ ਨੂੰ ਏਧਰੋਂ ਉੱਜੜ ਕੇ ਗਏ ਮੁਸਲਮਾਨਾਂ ਦੀਆਂ ਜ਼ਮੀਨਾਂ ਮਿਲ ਗਈਆਂ ਸਨ। ਉਹਨਾਂ ਦੇ ਪਏ-ਪਵਾਏ ਘਰ ਮਿਲ ਗਏ ਸਨ। ਜੈਮਲ ਬੁੜ੍ਹਾਂ ਉਦੋਂ ਉਹਨਾਂ ਨੂੰ 'ਰੀਫਿਊਜੀ' ਨਹੀਂ ਸੀ ਆਖਦਾ ਹੁੰਦਾ, 'ਮੁਸਲਮਾਨਾਂ ਵੱਟੇ ਵਟਾਏ' ਘਰ ਆਖਦਾ।

ਤੇ ਹੁਣ ਜਦੋਂ ਉਹਦੀ ਆਪਣੀ ਪੋਤੀ ਉਹਨਾਂ ਦੀ ਮੁਸਲਮਾਨਾਂ ਵੱਟੇ ਵਟਾਇਆ ਦੇ ਘਰ ਜਾ ਕੇ ਵਸੇਗੀ ਤਾਂ ਉਹ ਆਪ ਖ਼ੁਦ ਨਹੀਂ ਇੱਕ ਮਸ਼ਕਰੀ ਬਣ ਕੇ ਰਹਿ ਜਾਵੇਗਾ? ਖ਼ਾਨਦਾਨੀ ਘਰ ਤਾਂ ਉਹ ਰਹਿ ਜਾਏਗਾ। ਉਹਦੇ ਮੁੰਡੇ ਅਜਾਇਬ ਸਿੰਘ ਨੇ ਗੱਲ ਦੱਸੀ ਤਾਂ ਉਹ ਇਕਦਮ ਅੱਗ-ਭਬੂਕਾ ਹੋ ਉੱਠਿਆ ਸੀ। ਮੁੰਡੇ ਨੂੰ ਤੇਰ੍ਹਵੀਆਂ ਸੁਣਾਈਆਂ ਸਨ। ਉਹਦੀ ਸਮਝ ਵਿੱਚ ਮੁੰਡੇ ਨੇ ਬਹੁਤ ਬਦਨਾਮੀ ਵਾਲੀ ਗੱਲ ਕਰ ਦਿੱਤੀ ਸੀ।

ਮੁਕੰਦਾ ਆਖ ਰਿਹਾ ਸੀ- 'ਤਾਇਆ, ਪੈਸੇ ਦੀ ਖੇਡ ਐ ਸਾਰੀ। ਪੈਸੇ-ਟੁਕੇ 'ਚ ਅਗਲਾ ਤਕੜਾ ਹੋਵੇ, ਖ਼ਾਨਦਾਨੀ ਨੁਕਸ ਸਭ ਢਕੇ ਜਾਂਦੇ ਐ। ਇਹ ਜਾਤ-ਕੁਜਾਤ ਦੀ ਗੱਲ ਤਾਂ ਛੋਟੇ ਲੋਕਾਂ 'ਚ ਰਹਿ'ਗੀ। ਐਨੀ ਜ਼ਮੀਨ ਐ ਕੈਲੂ ਕੋਲ, ਹੁਣ ਇਹਦਾ ਅੱਗਾ ਪਿੱਛਾ ਕੋਹੀ ਨ੍ਹੀਂ ਨਿਉਲਦਾ।'

ਜੈਮਲ ਮੁਕੰਦੇ ਦੀਆਂ ਗੱਲਾਂ ਸੁਣ-ਸੁਣ ਠੰਢਾ ਸੀਲਾ ਹੁੰਦਾ ਗਿਆ। ਫੇਰ ਮੁਕੰਦਾ ਚੌਕੜੀ ਤੋਂ ਉੱਠ ਕੇ ਘਰ ਨੂੰ ਤੁਰ ਗਿਆ। ਹੌਲ਼ੀ-ਹੌਲ਼ੀ ਦੂਜੇ ਬੰਦੇ ਵੀ ਖਿੰਡਣ ਲੱਗੇ। ਜੈਮਲ ਚਿੱਤ ਵਿੱਚ ਆਪਣੇ ਮੁੰਡੇ ਅਜਾਇਬ ਸਿੰਘ ਬਾਰੇ ਸੋਚਣ ਲੱਗ ਪਿਆ- 'ਜੈਬ ਨੇ ਕੋਈ ਅਲੋਕਾਰ ਗੱਲ ਤਾਂ ਨ੍ਹੀਂ ਕੀਤੀ ਫੇਰ। ਜਦੋਂ ਜ਼ਮਾਨਾ ਈ ਇਹੋ ਜ੍ਹਾ ਆ ਗਿਆ, ਦੁਨੀਆ ਵੀ ਜ਼ਮਾਨੇ ਨਾਲ ਤੁਰ ਪੀ ਭਾਈ। ਹੋਣਗੇ ਪਾਕਿਸਤਾਨੀ, ਪਰ ਜੱਟ ਤਾਂ ਹਨ। ਜ਼ਮੀਨ ਜੈਦਾਤ ਵਾਲੇ। ਮੁੰਡਾ ਚੌਦਾਂ ਪਾਸ ਐ। ਕਿੰਨੀ ਜ਼ਮੀਨ ਔਂਦੀ ਐ ਮੁੰਡੇ ਦੇ ਹਿੱਸੇ। ਕੁੜੀ ਮੌਜਾਂ ਕਰੂ। ਉਹ ਗੱਲਾਂ ਤਾਂ ਰਹੀਆਂ ਨ੍ਹੀਂ। ਹੁਣ ਇਓਂ ਐ ਤਾਂ ਇਓਂ ਸਹੀ ਭਾਈ।

64

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ