ਦੈਂਤ
ਟੰਬਿਆਂ ਵਾਲੀ ਬਾਂਸ ਦੀ ਪੌੜੀ ਤੋਂ ਡਿੱਗ ਕੇ ਉਹਦੀ ਧੌਣ ਟੁੱਟ ਗਈ ਸੀ ਤੇ ਉਹ ਹੁਣ ਮੰਜੇ ਉੱਤੇ ਪਿਆ ਖਿਚਵੇਂ ਸਾਹ ਲੈ ਰਿਹਾ ਸੀ। ਘਰ ਦਿਆਂ ਨੂੰ ਉਮੀਦ ਸੀ, ਉਹ ਬਚ ਜਾਵੇਗਾ। ਸਾਰੇ ਉਹਦਾ ਓਹੜ-ਪੋਹੜ ਕਰ ਰਹੇ ਸਨ। ਉਹਦੀ ਘਰਵਾਲੀ ਜੰਗੀਰੋ, ਉਹਦਾ ਵੱਡਾ ਮੁੰਡਾ ਮੁਖਤਿਆਰ, ਕੁੜੀ ਨਛੱਤਰੋ। ਛੋਟਾ ਮੁੰਡਾ ਕਾਟਾ ਪਰ੍ਹੇ ਡਰਿਆ-ਭੰਵੱਤਰਿਆ ਖੜ੍ਹਾ ਸੀ। ਉਹਦਾ ਬਾਪੂ ਹੁਣੇ ਉਹਨੂੰ ਘੁਰਕੀ ਲੈ ਕੇ ਪਵੇਗਾ ਤੇ ਉਹਦਾ ਕਾਲਜਾ ਬਾਪੂ ਦੇ ਖਰਭੇ ਬੋਲ ਨਾਲ ਢੇਰੀ ਹੋ ਕੇ ਰਹਿ ਜਾਵੇਗਾ।
ਗਿੰਦਰ ਦੇ ਨੱਕ ਵਿੱਚੋਂ ਖੂਨ ਵਗਦਾ ਸੀ। ਜੰਗੀਰੋ ਬਿੰਦੇ-ਝੱਟੇ ਉਹਦੇ ਮੰਜੇ ਕੋਲ ਆਉਂਦੀ ਤੇ ਸਮੋਸੇ ਨਾਲ ਮੈਲ਼ਾ ਪੂੰਝ ਜਾਂਦੀ। ਉਹਦੀਆਂ ਮੁੱਛਾਂ ਤੇ ਹੱਥ ਕੰਬਦੇ। ਹੁਣੇ ਉਹ ਪਤਾ ਨਹੀਂ ਕੀ ਆਖ ਦੇਵੇ। ਉਹਦਾ ਕੀ ਵਸਾਹ, ਉੱਠ ਕੇ ਧੱਕਾ ਹੀ ਦੇ ਦੇਵੇ। ਅਜਿਹਾ ਗਿੰਦਰ ਨੇ ਕਈ ਵਾਰ ਕੀਤਾ ਸੀ। ਜੰਗੀਰੋ ਦਾ ਉਤਲਾ ਦੰਦ ਏਸੇ ਕਰਕੇ ਭੁਰਿਆ ਹੈ। ਮੂੰਹ ਨੂੰ ਪਾਣੀ ਲਾਇਆ, ਇੱਕ ਬੂੰਦ ਵੀ ਉਹਦੇ ਸੰਘੋਂ ਥੱਲੇ ਨਹੀਂ ਉੱਤਰੀ। ਉਹ ਅੱਖਾਂ ਖੋਲ੍ਹਦਾ, ਪਰ ਅੱਖਾਂ ਮਿਚ-ਮਿਚ ਜਾਂਦੀਆਂ। ਉਹਦੇ ਤੌਰ ਕਸੂਤੇ ਹੁੰਦੇ ਦੇਖ ਕੇ ਜੰਗੀਰੇ ਨੇ ਨਛੱਤਰੋ ਨੂੰ ਪਿੰਡ ਦੇ ਡਾਕਟਰ ਕੋਲ ਭੇਜਿਆ। ਜਾ ਕੇ ਉਹ ਕਹਿੰਦੀ-'ਵੇ ਭਾਈ ਰਾਮ ਲਾਲ, ਆਈਂ ਝੱਟ ਦੇ ਕੇ ਸਾਡੇ ਘਰ, ਬਾਪੂ ਨੂੰ ਪਤਾ ਨ੍ਹੀਂ ਕੀ ਹੋ ਗਿਆ।'
'ਕੀ ਹੋ ਗਿਆ?'
'ਪੌੜੀ ਉਤਰਦਾ ਸੀ, ਡਿੱਗ ਪਿਆ।'
'ਪੀਤੀ ਹੋਊਗੀ ਰਾਤ?'
ਕੁੜੀ ਬੋਲੀ ਨਹੀਂ।
'ਕਦੋਂ ਡਿੱਗਿਐ?'
'ਤੜਕੇ ਅੱਜ।'
'ਕੋਠੇ 'ਤੇ ਚੜ੍ਹ ਕੇ ਪੀਣ ਦੀ ਕੀ ਲੋੜ ਸੀ ਉਹਨੂੰ ਭਲਾ? ਫਹੁੜੀ ਲੈ ਕੇ ਤਾਂ ਪਹਿਲਾਂ ਈ ਤੁਰਦਾ ਸੀ ਓਹੋ। ਚੂਲਾ ਵੀ ਤਾਂ ਕੋਠੇ ਤੋਂ ਡਿੱਗ ਕੇ ਈ ਤੁੜਾਇਆ ਸੀ।' ਰਾਮ ਲਾਲ ਬੋਲ ਰਿਹਾ ਸੀ। ਤੜਕੇ-ਤੜਕੇ ਉਹਦੀ ਦੁਕਾਨ 'ਤੇ ਮਰੀਜ਼ ਬਹੁਤ ਸਨ। ਉਹ ਉਨ੍ਹਾਂ ਨੂੰ ਗੋਲ਼ੀਆਂ ਤੇ ਪੀਣ ਵਾਲੀਆਂ ਦਵਾਈਆਂ ਵੀ ਦੇਈ ਜਾ ਰਿਹਾ ਸੀ, ਨਾਲ ਦੀ ਨਾਲ ਬੋਲਦਾ ਵੀ ਜਾਂਦਾ ਸੀ। ਨਛੱਤਰੋ ਉਹਦੇ ਮੂੰਹ ਵੱਲ ਬਿਟਰ-ਬਿਟਰ ਝਾਕਦੀ ਚੁੱਪ ਖੜ੍ਹੀ ਸੀ।