ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/66

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

'ਤੂੰ ਚੱਲ ਕੁੜੀਏ, ਮੈਂ ਔਨਾਂ, ਆਹ ਬਸ ਬੈਠਿਆਂ ਨੂੰ ਤੋਰ ਦਿਆਂ। ਸੈਕਲ 'ਤੇ ਤੈਥੋਂ ਪਹਿਲਾਂ ਅੱਪੜ ਜੂੰ।'

ਕੁੜੀ ਚਲੀ ਗਈ। ਉਹ ਉੱਚੀ ਦੇ ਕੇ ਬੋਲਿਆ। ਇਸ ਤਰ੍ਹਾਂ ਨਾਲ ਗਿੰਦਰ ਦਾ ਮਜ਼ਾਕ ਉਡਾਇਆ- 'ਉਹ ਤਾਂ ਮਰਿਆ ਈ ਚੰਗੈ, ਬਤਾਰੂ ਜਿੱਡੀ ਹੋ'ਗੀ। ਇਹਦੇ ਵਿਆਹ ਦਾ ਕੋਈ ਫ਼ਿਕਰ ਨ੍ਹੀਂ ਉਹਨੂੰ। ਮੰਗੀ ਵੀ ਨ੍ਹੀਂ ਹਾਲੇ ਕਿਤੇ। ਬਸ ਇੱਕ ਮੂੰਹ ਦਾ ਸੁਆਦ।' ਫੇਰ ਬੁੜਬੁੜਾਇਆ- 'ਇਹਦੇ ਮਰੇ ਤੋਂ ਈ ਬਾਰੋਂ ਉੱਠੇਂਗੀ ਸਹੁਰੀਏ, ਤੂੰ ਤਾਂ।' ਉਹ ਅੱਖਾਂ ਚੁੱਕ ਕੇ ਦੁਕਾਨ ਤੋਂ ਬਾਹਰ ਵੀ ਝਾਕ ਲੈਂਦਾ। ਮਰੀਜ਼ ਮੁਸਕਰਾ ਰਹੇ ਸਨ। ਪਰ ਉਨ੍ਹਾਂ ਨੂੰ ਦਵਾਈ ਲੈਣ ਦੀ ਕਾਹਲ ਸੀ।

ਰਾਮ ਲਾਲ ਨੇ ਫਿਰ ਬੁੜਬੁੜ ਕੀਤੀ- 'ਪੈਸਾ ਨ੍ਹੀਂ ਦੇਣਾ, ਧੇਲਾ ਨ੍ਹੀਂ ਦੇਣਾ, ਅਖੇ-ਆਈਂ ਭਾਈ ਰਾਮ ਲਾਲ, ਝੱਟ ਦੇ ਕੇ।'

ਗਿੰਦਰ ਪਹਿਲੇ ਦਿਨੋਂ ਅਲੱਥ ਸੀ।ਉਹਦਾ ਬਾਪ ਭਜਨੀਕ ਬੰਦਾ ਸੀ। ਹਮੇਸ਼ਾ ਰੱਬ ਵੱਲ ਧਿਆਨ। ਖੇਤੀ ਦਾ ਕੰਮ ਦੇਹ ਤੋੜ ਕੇ ਕਰਦਾ। ਦਾਣਾ-ਫੱਕਾ ਬਹੁਤ ਹੁੰਦਾ। ਪਰ ਗਿੰਦਰ ਦੀ ਮਾਂ ਨੇ ਗਿੰਦਰ ਨੂੰ ਲਾਡਲਾ ਰੱਖਿਆ ਹੋਇਆ ਸੀ। ਇਕੱਲਾ ਪੁੱਤ ਹੋਣ ਕਰਕੇ ਪੂਰਾ ਖਵਾਉਂਦੀ-ਪਿਆਉਂਦੀ। ਕੁੜੀਆਂ ਤੋਂ ਸਨ। ਦੋਵੇਂ ਕੁੜੀਆਂ ਦੇ ਸਿਰੇ-ਸੱਟ ਵਿਆਹ ਕੀਤੇ। ਗਿੰਦਰ ਛੋਟਾ ਹੀ ਸੀ। ਉਹ ਵੀ ਵਿਆਹ ਲਿਆ। ਬਹੂ ਆਈ, ਚੰਦ ਦਾ ਉਤਾਰ। ਪਰ ਗਿੰਦਰ ਦੇ ਕੁਲੱਛਣਾਂ ਕਰਕੇ ਰੁਲ ਗਈ ਵਿਚਾਰੀ। ਸੱਸ ਤਾਂ ਜੰਗੀਰ ਕੁਰੇ, ਜੰਗੀਰ ਕੁਰੇ ਕਰਦੀ ਹੁੰਦੀ, ਪਰ ਗਿੰਦਰ ਕਰਕੇ ਰਹਿ ਗਈ ਬਦਕਿਸਮਤ ਜੰਗੀਰੋ ਦੀ ਜੰਗੀਰੋ।

ਬੁੜ੍ਹਾ-ਬੁੜ੍ਹੀ ਮਰੇ ਤੇ ਉਹ ਹੋਰ ਮਸਤ ਗਿਆ। ਪਹਿਲਾਂ ਤਾਂ ਚੋਰੀ-ਛੁਪੇ ਚਿਲਮ ਦਾ ਸੂਟਾ ਲਾਉਂਦਾ ਹੁੰਦਾ, ਫੇਰ ਸ਼ਰ੍ਹੇਆਮ ਘਰ ਵਿੱਚ ਤਮਾਖੂ ਦਾ ਕੁੱਜਾ ਰੱਖਣ ਲੱਗ ਪਿਆ। ਖੱਦਰ ਦੀ ਤਾਣੀ ਵਿੱਚੋਂ ਜਾਲਖੀਆਂ ਸਾਫੀਆਂ ਕਢਵਾ ਲਈਆਂ। ਲੱਭੂ ਸੁਨਿਆਰ ਦੇ ਪਹਾਰੇ ਤੋਂ ਅਲੋਕਾਰ ਕਿਸਮ ਦੀ ਚਿਲਮ ਲੈ ਆਇਆ। ਇੱਕ ਹੱਥ ਵਿੱਚ ਫੜ ਕੇ ਪੀਣ ਵਾਲੀ ਚਿਲਮ, ਵਿੱਚ ਇੱਕ ਛੋਟਾ ਜਿਹਾ 'ਰੱਖਣਾ' ਰੱਖਿਆ ਹੋਇਆ, ਅਖੇ-ਏਥੇ ਸੁਲਫ਼ੇ ਦੀ ਗੋਲੀ ਟਿਕਦੀ ਐ। ਤਮਾਖੂ ਦੇ ਧੂੰਏਂ ਵਿੱਚ ਸੁਲਫ਼ੇ ਦੀ ਕੁੜੱਤਣ। ਚਿਲਮ ਵਿੱਚੋਂ ਲਾਟ ਉੱਠਦੀ ਤੇ ਓਧਰ ਪਾਤਲੀਆਂ ਥੱਲੇ ਚੰਗਿਆੜੇ ਮਚਦੇ। ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲਗਦੇ। ਸਭ ਵਸਤੂਆਂ ਗੋਲਾਕਾਰ ਦਿਸਣ ਲਗਦੀਆਂ। ਸੁਰਤੀ ਦਸਵੇਂ ਦੁਆਰ ਜਾ ਪਹੁੰਚਦੀ। ਅਜਿਹੀ ਅਵਸਥਾ ਵਿੱਚ ਗਿੰਦਰ ਨੂੰ ਆਨੰਦ ਆਉਂਦਾ।

ਉਹਦੇ ਅਜੀਬ ਸ਼ੌਕ ਸਨ। ਸੱਪ, ਕੁੱਤਾ ਤੇ ਬਿੱਲੀ ਉਹਦੇ ਪੱਕੇ ਵੈਰੀ ਸਨ। ਕਿਸੇ ਘਰ ਸੱਪ ਨਿੱਕਲ ਆਉਂਦਾ, ਆਖਦੇ-ਬੁਲਾਓ ਗਿੰਦਰ ਨੂੰ। ਉਹ ਹੱਥ ਕੁ ਦਾ ਡੰਡਾ ਲੈਂਦਾ ਤੇ ਅਗਲੇ ਬਿੰਦ ਹੀ ਸੱਪ ਦੀ ਸੀਰੀ ਚਿੱਪੀ ਪਈ ਹੁੰਦੀ। ਮਰੇ ਸੱਪ ਨੂੰ ਡੰਡੇ ਉੱਤੇ ਲਟਕਾ ਕੇ ਉਹ ਅਗਲੇ ਦੇ ਘਰੋਂ ਬਾਹਰ ਨਿਕਲਦਾ ਤਾਂ ਆਂਢੀਆਂ-ਗੁਆਂਢੀਆਂ ਦੇ ਇਕੱਠ ਵਿੱਚ 'ਵਾਹ ਬਈ ਵਾਹ' ਦੀ ਲਹਿਰ ਦੌੜ ਜਾਂਦੀ। ਗਿੰਦਰ ਲੋਕ-ਨਾਇਕ ਬਣ ਉੱਠਦਾ।

ਉਹਦੇ ਏਸ ਹੱਥ ਕੁ ਦੇ ਡੰਡੇ ਵਿੱਚ ਪਤਾ ਨਹੀਂ ਕੀ ਪੀਰੀ ਸੀ। ਕਿਸੇ ਘਰ ਬਿੱਲੀ ਗਿੱਝੀ ਹੁੰਦੀ, ਰਿੜਕਣੇ ਦੀ ਬਠਲੀ ਲਾਹ ਕੇ ਦੁੱਧ ਪੀ ਜਾਂਦੀ। ਕੋਈ-ਕੋਈ

66
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ