ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਿੱਲੀ ਤਾਂ ਰਿੜਕਣੇ-ਪੀੜ੍ਹੀ ਉੱਤੋਂ ਦੀ ਬੰਨ੍ਹਿਆ ਢੀਂਡੀ-ਰੱਸਾ ਵੀ ਮੂੰਹ ਤੇ ਪੌਂਚਿਆਂ ਨਾਲ ਖੋਲ੍ਹ ਲੈਂਦੀ ਸੀ। ਆਖਦੇ-ਗਿੰਦਰ ਕਰੂ ਇਹਦਾ 'ਲਾਜ ਤਾਂ।

ਉਹ ਬਿੱਲੀ ਨੂੰ ਸਬਾਤ ਅੰਦਰ ਘੇਰ ਲੈਂਦਾ। ਨਾਲ ਦੋ ਮੁੰਡੇ ਵੀ ਰੱਖਦਾ। ਉਹਨੂੰ ਤਜ਼ਰਬਾ ਸੀ, ਘਿਰੀ ਹੋਈ ਤੇ ਮੌਤੋਂ ਡਰਦੀ ਬਿੱਲੀ ਅਗਲੇ ਦੇ ਗਲ਼ ਨੂੰ ਆ ਪੈਂਦੀ ਹੈ। ਡੰਡਾ ਉਹ ਬਿੱਲੀ ਦੀਆਂ ਨਾਸਾਂ ਉੱਤੇ ਟਕਿਆ ਕੇ ਮਾਰਦਾ। ਛਿੱਕਾਂ ਜਿਹੀਆਂ ਮਾਰਦੀ ਬਿੱਲੀ ਦਮ ਤੋੜ ਜਾਂਦੀ। ਓਸ ਡੰਡੇ ਉੱਤੇ ਪਾ ਕੇ ਡੰਡੇ ਦਾ ਇੱਕ ਸਿਰਾ ਉਹ ਆਪ ਫੜਦਾ ਤੇ ਦੂਜਾ ਸਿਰਾ ਨਾਲ ਦੇ ਮੁੰਡੇ ਨੂੰ ਫੜਾ ਕੇ ਘਰੋਂ ਬਾਹਰ ਨਿਕਲਦਾ ਤੇ ਫੇਰ ਓਹੀ- 'ਵਾਹ ਬਈ ਵਾਹ।'

ਛਣਕਦੇ-ਟੁਣਕਦੇ ਹਾਸੇ ਵਿੱਚ ਲਟਬੌਰੀਆਂ ਗੱਲਾਂ ਵੀ ਹੋਣ ਲਗਦੀਆਂ-

'ਐਮੇਂ ਤਾਂ ਨ੍ਹੀਂ ਕਹਿੰਦੇ, ਅਖੇ-ਗਿੰਦਰ ਸੂੰ ਬਿੱਲੀ ਮਾਰ।'

'ਕੋਈ ਢੱਟੇ-ਕੁੱਟ, ਕੋਈ ਗਿੱਦੜ ਮਾਰ ਤੇ ਇਹ ਸਾਡਾ ਗਿੰਦਰ ਸੂੰ ਬਿੱਲੀ ਮਾਰ।'

ਏਵੇਂ ਹੀ ਉਹਨੇ ਅਗਵਾੜ ਵਿੱਚ ਲੰਡਰ-ਕੁੱਤਾ ਕੋਈ ਨਹੀਂ ਛੱਡਿਆ ਸੀ। ਪਾਲਤੂ ਕੁੱਤੇ ਵੀ ਉਹਨੂੰ ਦੂਰੋਂ ਦੇਖ ਕੇ ਭੌਂਕਣ ਲਗਦੇ। ਉਹ ਨੇੜੇ ਆ ਜਾਂਦਾ ਤਾਂ ਕੁੱਤਾ ਪਹਿਲਾਂ ਤਾਂ ਦੰਦੀਆਂ ਕੱਢ ਕੇ ਘੁਰਰ-ਘੁਰਰ ਕਰਦਾ, ਵੱਢਣ ਨੂੰ ਆਉਂਦਾ, ਪਰ ਅਗਲੇ ਪਲ਼ ਨੂੰ ਚੂੰ ਚੂੰ ਕਰਦਾ ਭੱਜ ਜਾਂਦਾ। ਕੁੱਤੇ ਗਿੰਦਰ ਦੇ ਡੰਡੇ ਨੂੰ ਜਾਣਦੇ ਸਨ।

'ਵਾਹ ਬਈ ਵਾਹ’ ਉਸਦੇ ਮੂੰਹ ਉੱਤੇ ਹੁੰਦੀ, ਪਿੱਠ ਪਿੱਛੇ ਤਾਂ ਬੁੜੀਆਂ ਲਾਹਨਤਾਂ ਪਾਉਂਦੀਆਂ-'ਗੁੱਤੇ ਬਿੱਲੀਆਂ ਦਾ ਪਾਪ ਕਰਦੈ, ਆਪ ਵੀ ਇੱਕ ਦਿਨ ਐਈਂ ਮਰੂ ਏਹੇ।"

ਉਹਦਾ ਡੰਡਾ ਜੰਗੀਰੋ ਦੇ ਮੌਰਾਂ ਉੱਤੇ ਵੀ ਖੜਕਦਾ ਤੇ ਮੁੰਡਿਆਂ ਉੱਤੇ ਵੀ। ਉਹ ਤਾਂ ਕਦੇ-ਕਦੇ ਨਛੱਤਰੋ ਨੂੰ ਵੀ ਪੜੇਥਨ ਦਿੰਦਾ ਸੀ। ਲਾਹਨਤਾਂ- 'ਕੰਨਿਆ ਨੂੰ ਹੱਥ ਲੌਣਾ ਤਾਂ ਊਂ ਈਂ ਪਾਪ ਐ। ਨਰਕਾਂ ਨੂੰ ਜਾਊ। ਕੀੜੇ ਪੈ ਕੇ ਮਰੂ।'

ਬਾਕੀ ਸਾਰਾ ਟੱਬਰ ਗੁੜ ਦੀ ਚਾਹ ਪੀਂਦਾ। ਗਿੰਦਰ ਇਕੱਲੇ ਵਾਸਤੇ ਖੰਡ ਦੀ ਬਣਦੀ। ਆਥਣ ਵੇਲੇ ਉਹ ਤੌੜੀ ਵਿੱਚੋਂ ਸੂਹਾ ਸੂਹਾ ਦੁੱਧ ਲੁਹਾ ਕੇ ਪੀਂਦਾ। ਵਿੱਚ ਖੰਡ ਦੀ ਮੁੱਠੀ ਪਾ ਕੇ। ਮੁਖਤਿਆਰ ਉਹਦਾ ਮੁੰਡਾ ਘਰ ਹੁੰਦਾ ਤੇ ਉਹ ਵਿਹੜੇ ਦੇ ਇੱਕ ਖੂੰਜੇ ਬੈਠਾ ਸੁਤੇ ਹੀ ਪਿਓ ਵੱਲ ਝਾਕ ਰਿਹਾ ਹੁੰਦਾ ਤਾਂ ਉਹ ਉੱਠ ਕੇ ਉਹਦੇ ਮੂੰਹ ਉੱਤੇ ਚਪੇੜ ਕੱਢ ਮਾਰਦਾ। ਕੜਕਦਾ- 'ਸਾਲਿਆ, ਮੇਰੀਆਂ ਘੁੱਟਾਂ ਗਿਣਦੈਂ?'

ਕੋਈ ਅਜਿਹਾ ਦਿਨ ਜੰਗੀਰੋ ਨੂੰ ਯਾਦ ਨਹੀਂ ਸੀ, ਜਿਸ ਦਿਨ ਗਿੰਦਰ ਨੇ ਆਪਣੇ ਕਿਸੇ ਜੁਆਕ ਨੂੰ ਗੋਦੀ ਚੁੱਕ ਕੇ ਖਢਿਆਇਆ ਹੋਵੇ। ਉਨ੍ਹਾਂ ਨੂੰ ਕਦੇ ਹਿੱਕ ਨਾਲ ਘੁੱਟ ਕੇ ਪਿਆਰ ਕੀਤਾ ਹੋਵੇ। ਉਹਦੇ ਆਪਣੇ ਨਾਲ ਵੀ ਉਹਦਾ ਔਰਤ ਮਰਦ ਜਿਹਾ ਕੋਈ ਸੁਖਾਵਾਂ ਰਿਸ਼ਤਾ ਨਹੀਂ ਸੀ। ਪਸ਼ੂਆਂ ਜਿਹਾ 'ਵਿਹਾਰ' ਕਰਦਾ। ਗੁਆਂਢੀ ਔਰਤਾਂ ਤੋਂ ਉਹਨਾਂ ਦੇ ਮਰਦਾਂ ਬਾਰੇ ਸੁਣੀਆਂ ਗੱਲਾਂ ਨੂੰ ਉਹ ਤਰਸਦੀ ਰਹਿ ਜਾਂਦੀ। ਉਹ ਉਹਦੇ ਨਾਲ ਢੁਕ ਕੇ ਬੈਠੀ ਵੀ ਥਰ ਥਰ ਕੰਬਦੀ, ਕਿਤੇ ਉਹ ਕਿਸੇ ਗੱਲ ਤੋਂ ਖਿਝ ਕੇ ਏਧਰੋ-ਓਧਰੋਂ ਆਪਣਾ ਡੰਡਾ ਨਾ ਕੱਢ ਲਵੇ। ਉਹ ਬਿਲਕੁਲ ਚੁੱਪ ਰਹਿੰਦੀ। ਬੁੱਲ੍ਹਾਂ ਨੂੰ ਸੂਈ-ਧਾਗੇ ਨਾਲ ਸਿਉਂ 'ਤਾ ਹੋਵੇ ਜਿਵੇਂ। ਜਿਵੇਂ ਕਿਧਰੇ ਉਹਦਾ ਬਾਹਰ ਨਿਕਲਿਆ ਸਾਹ ਵੀ ਗੁਨਾਹ ਬਣ ਬੈਠੇਗਾ।

ਦੈਂਤ

67