ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫ਼ੀਮ ਤਾਂ ਉਹ ਖਾਂਦਾ ਹੀ ਸੀ, ਕਦੇ-ਕਦੇ ਦਾਰੂ ਪੀ ਕੇ ਵੀ ਘਰ ਵੜਦਾ। ਥਾਲੀ ਵਿੱਚ ਪਰੋਸੀ ਕੋਈ ਦਾਲ ਜਾਂ ਸਬਜ਼ੀ ਉਹਨੂੰ ਸੁਆਦ ਨਾ ਲਗਦੀ ਤੇ ਜੇ ਕੌਲੀ ਵਿੱਚ ਉਤੋਂ ਦੀ ਤਰਦਾ ਘਿਓ ਨਾ ਪਾਇਆ ਹੁੰਦਾ ਤਾਂ ਉਹ ਥਾਲੀ ਨੂੰ ਵਗਾਹ ਕੇ ਜੰਗੀਰੋ ਦੇ ਮੱਥੇ ਨਾਲ ਮਾਰਦਾ। ਉਹਨੂੰ ਧੌਲ-ਧੱਫਾ ਵੀ ਕਰਦਾ। ਨਛੱਤਰੋ ਨੂੰ ਉਹ ਕੱਪੜੇ ਧੌਣ ਪਿੱਛੇ ਕੁੱਟਦਾ ਸੀ।

ਉਹ ਤੇੜ ਕਾਲ਼ੀ ਕੰਨੀ ਵਾਲੀ ਧੋਤੀ ਪਹਿਨਦਾ, ਪਿੰਜਣੀਆਂ ਤੱਕ ਛੱਡ ਕੇ। ਗਲ਼ ਚਿੱਟੇ ਬਾਰੀਕ ਖੱਦਰ ਦਾ ਮਲਗਰਦਨੀ ਕੁੜਤਾ। ਹਿੱਕ ਉੱਤੇ ਅੰਦਰਲੀ ਜੇਬ। ਲੜ ਛੱਡਵਾਂ ਸਾਫਾ ਬੰਨ੍ਹਦਾ-ਬਾਦਾਮੀ ਰੰਗ ਦਾ।

ਜਦੋਂ ਉਹਦਾ ਚੂਲ਼ਾ ਟੁੱਟ ਗਿਆ ਸੀ ਤੇ ਹਸਪਤਾਲੋਂ ਪਲੱਸਤਰ ਕਰਵਾ ਕੇ ਉਹ ਘਰ ਮੰਜੇ ਉੱਤੇ ਪਿਆ ਹੋਇਆ ਸੀ। ਟੱਟੀ-ਪਿਸ਼ਾਬ ਚਾਹੇ ਮੰਜੇ ਉੱਤੇ ਹੀ ਕਰਦਾ, ਪਰ ਅਕੜੇਵਾਂ ਓਹੀ ਸੀ। ਥਾਲੀ ਹੁਣ ਵੀ ਵਗਾਹ ਕੇ ਮਾਰਦਾ। ਗਾਲ-ਦੁੱਪੜ ਕੱਢਦਾ। ਉੱਠ ਕੇ ਮਾਰ ਤਾਂ ਸਕਦਾ ਨਾ, ਅੱਖਾਂ ਕੱਢਦਾ ਤੇ ਦੰਦ ਕਿਰਚਦਾ। ਟੱਬਰ ਦਾ ਹਰ ਜੀਅ ਉਹਦੇ ਕੋਲ ਆਉਣ ਤੋਂ ਡਰਦਾ। ਚਿਲਮ ਦੀ ਥਾਂ ਹੁਣ ਉਹ ਸਿਗਰਟ ਪੀਂਦਾ-ਕੈਂਚੀ ਮਾਰਕਾ। ਜੰਗੀਰੋ ਹੀ ਉਹਦੀਆਂ ਧੰਘੇੜਾਂ ਝੱਲਦੀ।

ਰਾਮ ਲਾਲ ਦੁਕਾਨ 'ਤੇ ਬੈਠੇ ਮਰੀਜ਼ਾਂ ਨੂੰ ਤੋਰ ਕੇ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਜੰਗੀਰੋ ਗਿੰਦਰ ਦੀ ਲੋਥ ਤੋਂ ਦੂਰ ਬੈਠੀ ਝੂਠੇ ਵੈਣ ਪਾ ਰਹੀ ਸੀ। ਦੋਵੇਂ ਮੁੰਡੇ ਤੇ ਕੁੜੀ ਮਾਂ ਤੋਂ ਵੀ ਪਰ੍ਹਾਂ ਸਹਿਮੇ ਹੋਏ ਬੈਠੇ ਸਨ। ਕਿਸੇ ਦੀਆਂ ਵੀ ਅੱਖਾਂ ਗਿੱਲੀਆਂ ਨਹੀਂ ਸਨ। ਰਾਮ ਲਾਲ ਨੇ ਰਸਮੀ ਤੌਰ 'ਤੇ ਗਿੰਦਰ ਦੀ ਨਬਜ਼ ਟੋਹੀ ਤੇ ਉਹਨੀਂ ਪੈਰੀਂ ਘਰੋਂ ਬਾਹਰ ਹੋ ਗਿਆ।

ਹੁਣ ਆਂਢੀ-ਗੁਆਂਢੀ ਉਨ੍ਹਾਂ ਦੇ ਘਰ ਜਾ ਰਹੇ ਸਨ।◆

68

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ