ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਰਨੰਦ ਭਵਨ

ਤਿੰਨ ਸਾਢੇ ਤਿੰਨ ਵਰ੍ਹਿਆਂ ਦੀ ਲਾਡਲੀ ਬੱਚੀ ਸ਼ਕੁੰਤਲਾ ਆਪਣੇ ਡੈਡੀ ਦੀ ਉਂਗਲ ਫੜੀ ਸੁਰਨੰਦ ਭਵਨ ਅੱਗੇ ਸਕੂਲ-ਰਿਕਸ਼ਾ ਦੀ ਇੰਤਜ਼ਾਰ ਕਰ ਰਹੀ ਹੈ। ਉਹ ਲਗਾਤਾਰ ਬੋਲੀ ਜਾ ਰਹੀ ਹੈ- "ਡੈਡੀ, ਹੈਲੀਕਾਪਟਰ ... ਹਾਂਆਂ... ਹੈਲੀਕਾਪਟਰ ਲੈਣਾ ਮੈਂ..." ਉਹ ਰਿਹਾੜ ਕਰ ਰਹੀ ਹੈ। ਕਦੇ ਝੂਠ-ਮੂਠ ਦਾ ਰੋਣ ਲੱਗਦੀ ਹੈ। ਕਦੇ ਚੁੱਪ ਹੋ ਕੇ ਧਿਆਨ ਨਾਲ ਡੈਡੀ ਦੀ ਗੱਲ ਸੁਣਦੀ ਹੈ। ਨੰਦ ਸਿੰਘ ਦਾ ਹਰ ਇੱਕੋ ਜਵਾਬ- "ਸ਼ਾਮ ਨੂੰ ਲੈ ਦਿਆਂਗਾ ਹੈਲੀਕਾਪਟਰ ਵੀ। ਦੁਪਹਿਰ ਸਕੂਲੋਂ ਆਵੇਂਗੀ ਨਾ, ਖਾਣਾ ਖਾ ਕੇ ਸੌਂ ਜਾਣਾ ਆਪਾਂ। ਫੇਰ ਸ਼ਾਮ ਦੀ ਚਾਹ, ਫੇਰ ਹੈਲੀਕਾਪਟਰ ... ਸਮਝ ਗਈ ਨਾ?"

ਸ਼ਕੁੰਲਤਾ ਨਾਲੋਂ ਨੰਦ ਸਿੰਘ ਨੂੰ ਰਿਕਸ਼ਾ ਦਾ ਬਹੁਤਾ ਇੰਤਜ਼ਾਰ ਹੈ। ਉਹ ਚਾਹੁੰਦਾ ਹੈ, ਕੁੜੀ ਛੇਤੀ ਸਕੂਲ ਜਾਵੇ ਤਾਂ ਕਿ ਉਹ ਆਪਣੀ ਦੁਕਾਨ ਦੀ ਧੂਫ਼-ਬੱਤੀ ਜਗਾ ਲਵੇ। ਉਹਦੀ ਪਤਨੀ ਸੁਰਜੀਤ ਕੌਰ ਨੇ ਕਦੋਂ ਦੀ ਸਫ਼ਾਈ ਕਰ ਦਿੱਤੀ, ਦੁਕਾਨ ਦੀ। ਧੂਫ਼-ਬੱਤੀ ਲਾਈ ਵੀ ਨਹੀਂ ਤੇ ਸਕੂਲੀ-ਬੱਚਿਆਂ ਨੂੰ ਸੁਰਜੀਤ ਕੌਰ ਚੀਜ਼ਾਂ ਦੇ ਕੇ ਤੋਰਦੀ ਜਾ ਰਹੀ ਹੈ। ਸਲੇਟੀਆਂ, ਪੈਨਸਿਲਾਂ, ਕਾਪੀਆਂ, ਟਾਫੀਆਂ ਤੇ ਹੋਰ ਕਿੰਨਾ ਕੁਝ।

"ਬੇਬੀ, ਜ਼ਿੱਦ ਨਹੀਂ ਕਰਿਆ ਕਰਦੇ। ਏਦਾਂ ਕਰੇਂਗੀ ਤਾਂ ਰਿਕਸ਼ਾ ਨਿਕਲ ਜਾਣੀ ਐ। ਫੇਰ ਸਕੂਲ ਰਹਿ ਜਾਣਾ ਤੇਰਾ।" ਸੁਰਜੀਤ ਕੌਰ ਨੇ ਕੋਲ ਆ ਕੇ ਕੁੜੀ ਨੂੰ ਝਿੜਕ ਦਿੱਤਾ ਹੈ।

ਇੱਕ ਬਿੰਦ ਉਹ ਚੁੱਪ ਹੋਈ ਹੈ। ਪਰ ਗੋਡੇ ਝੁਕਾ ਕੇ ਫੇਰ ਤਣ ਗਈ। ਬਗਾਵਤ ਦੀ ਮੱਦਰਾ ਵਿੱਚ ਪੈਰਾਂ ਤੋਂ ਸਿਰ ਤੱਕ ਆਪਣਾ ਸਾਰਾ ਸਰੀਰ ਝੰਜਕ ਦਿੱਤਾ ਹੈ। ਫੇਰ ਲਾਚੜ ਗਈ ਹੈ- 'ਹਾਂ ਆਂ..ਡੈਡੀ..."

ਸਾਹਮਣੇ ਆ ਰਹੀ ਸਕੂਲ-ਰਿਕਸ਼ਾ ਦੇਖ ਕੇ ਨੰਦ ਸਿੰਘ ਬੋਲਦਾ ਹੈ- "ਦੇਖ ਔਹ ਆ ਗਈ ਰਿਕਸ਼ਾ। ਰੌਲਾ ਪਾਏਂਗੀ ਤਾਂ ਉਹ ਤੈਨੂੰ ਛੱਡ ਜਾਣਗੇ। ਬੱਸ ਹੁਣ ਚੁੱਪ ਹੋ ਜਾ," ਫੇਰ ਪੁੱਛਦਾ ਹੈ- 'ਤੇਰੇ ਬਸਤੇ ਵਿੱਚ ਕਿਤਾਬ ਹੈ ਵੇ? ਸਲੇਟ ਹੈ ਵੇ? ਸਲੇਟੀ ਤੇ ਪੈਨਸਿਲ? ਕਾਪੀਆਂ?"

ਸ਼ਕੁੰਤਲਾ ਸਿਰ ਹਿਲਾ ਕੇ ਜਵਾਬ ਦਿੰਦੀ ਜਾ ਰਹੀ ਹੈ। ਉਹ ਹੁਣ ਚੁੱਪ-ਚਾਪ ਸਕੂਲ- ਰਿਕਸ਼ਾ ਵੱਲ ਝਾਕ ਰਹੀ ਹੈ। ਦੂਰੋਂ ਹੀ ਪਹਿਚਾਨਣ ਦੀ ਕੋਸ਼ਿਸ਼ ਕਰਦੀ ਹੈ ਕਿ ਅੱਜ ਰਿਕਸ਼ਾ ਵਿੱਚ ਕੌਣ ਕੌਣ ਹਨ ਤੇ ਕਿਹੜਾ ਕਿੱਥੇ ਬੈਠਾ ਹੈ। ਨੰਦ ਸਿੰਘ ਆਪਣੇ ਕੁੜਤੇ ਦੀ ਜੇਬ੍ਹ ਵਿੱਚੋਂ ਇੱਕ ਰੁਪਏ ਦਾ ਸਿੱਕਾ ਕੱਢਦਾ ਹੈ ਤੇ ਜੇਬ ਖਰਚ ਵਜੋਂ ਸ਼ਕੁੰਤਲਾ

ਸੁਰਨੰਦ ਭਵਨ

69