ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਅੰਦਰਲਾ ਇੱਕ ਕਮਰਾ ਕਿਰਾਏ ਉੱਤੇ ਚੜ੍ਹਾ ਦਿੱਤਾ। ਕਿਰਾਇਆ ਕਾਫ਼ੀ ਆ ਜਾਂਦਾ। ਸੱਜੇ ਹੱਥ ਦੀ ਬੈਠਕ ਵਿੱਚ ਇਹ ਕਾਪੀਆਂ-ਪੈਨਸਿਲਾਂ ਦੀ ਦੁਕਾਨ ਖੋਲ੍ਹ ਲਈ। ਕਮਾਈ ਹੁੰਦੀ ਤੇ ਮੀਆਂ-ਬੀਵੀ ਦਾ ਜੀਅ ਲੱਗਿਆ ਰਹਿੰਦਾ।

ਜਰਨੈਲ ਸਿੰਘ ਦੇ ਉਪਰੋਥਲੀ ਤਿੰਨ ਮੁੰਡੇ ਹੋਏ। ਚੌਥੀ ਕੁੜੀ ਸੀ। ਤੀਜਾ ਮੁੰਡਾ ਹਰਅਵਤਾਰ ਦੋ ਕੁ ਸਾਲ ਦਾ ਸੀ, ਜਦੋਂ ਉਹਨੂੰ ਸੁਰਜੀਤ ਕੌਰ ਆਪਣੇ ਘਰ ਚੁੱਕ ਲਿਆਈ। ਕਹਿੰਦੀ- "ਇਹਨੂੰ ਤਾਂ ਮੈਂ ਰੱਖਾਂਗੀ। ਅਸੀਂ ਇਹਨੂੰ ਪੜ੍ਹਾਵਾਂਗੇ। ਅਸੀਂ ਹੀ ਇਹਦਾ ਵਿਆਹ ਕਰਕੇ ਘਰ ਨੂੰਹ ਲੈ ਆਵਾਂਗੇ।"

ਉਹ ਹਰਅਵਤਾਰ ਨੂੰ ਆਪਣੇ ਨਾਲ ਪਾਉਂਦੀ। ਰਾਤ ਨੂੰ ਉੱਠ-ਉੱਠ ਕੇ ਉਹਨੂੰ ਨੰਗੇ ਪਏ ਨੂੰ ਢਕਦੀ। ਕਿਤੇ ਉਹਨੂੰ ਠੰਢ ਨਾ ਲੱਗ ਜਾਵੇ। ਸੌਣ ਵੇਲੇ ਉਚੇਚੇ ਤੌਰ 'ਤੇ ਉਹਨੂੰ ਦੁੱਧ ਦਾ ਗਿਲਾਸ ਦਿੰਦੀ। ਉਹ ਸੌਂ ਚੁੱਕਿਆ ਹੁੰਦਾ, ਤਾਂ ਵੀ ਉਹਨੂੰ ਦੁੱਧ ਪਿਆਉਂਦੀ। ਉਹ ਤਾਂ ਸੁੱਤਾ ਸੁੱਤਾ ਹੀ ਅੱਖਾਂ ਮੀਚ ਕੇ ਦੁੱਧ ਪੀ ਲੈਂਦਾ। ਸਵੇਰੇ ਉਹਨੂੰ ਪੁੱਛਣ ਲੱਗਦੀ- "ਤਾਰੀ, ਰਾਤੀਂ ਦੁੱਧ ਨਹੀਂ ਪੀਤਾ ਤੂੰ?"

"ਦਿੱਤਾ ਹੀ ਨਹੀਂ।" ਉਹ ਜਵਾਬ ਦਿੰਦਾ।

ਉਹ ਹੱਸਣ ਲੱਗਦੀ। ਆਖਦੀ- "ਵਾਹ ਵੇ, ਤੈਨੂੰ ਇਹ ਵੀ ਪਤਾ ਨਹੀਂ ਕਿ ਦੁੱਧ ਪੀਤਾ ਸੀ? ਫੇਰ ਤਾਂ ਤੈਨੂੰ ਕੁੱਛ ਵੀ ਪਿਲਾ ਦੇਵੇ ਕੋਈ।

"ਕੀ ਪਿਲਾ ਦੇਵੇ?" ਉਹ ਪੁੱਛਦਾ।

"ਕੁੱਛ ਵੀ ਤੇਰੇ ਮੂੰਹ ਨੂੰ ਲਾ ਦਿਓ। ਤੂੰ 'ਤੇ ਝੱਟ ਪੀ ਜਾਣੈ। ਚਾਹੇ ....।" ਉਹ ਫੇਰ ਖਿੜ-ਖਿੜ ਹੱਸਦੀ।

ਸਵੇਰੇ ਵੇਲੇ ਉਹ ਉਹਨੂੰ ਬਿਸਤਰੇ ਵਿੱਚ ਪਏ ਨੂੰ ਚਾਹ ਦਿੰਦੀ। ਰਸੋਈ ਦੀ ਜਾਲੀਦਾਰ ਅਲਮਾਰੀ ਵਿੱਚ ਉਹਦੇ ਖਾਣ ਲਈ ਕੁਝ ਨਾ ਕੁਝ ਰੱਖਿਆ ਪਿਆ ਰਹਿੰਦਾ- ਸੇਬ, ਕੇਲੇ, ਸੰਗਤਰੇ, ਅੰਗੂਰ ਤੇ ਹੋਰ ਕੋਈ ਵੀ ਮੌਸਮੀ ਫ਼ਲ। ਨਹੀਂ ਤਾਂ ਬਰਫੀ ਦੇ ਟੁਕੜੇ ਹੀ। ਉਹ ਦਿਨ ਵਿੱਚ ਕਦੇ ਵੀ ਜਾਲੀ ਵਿਚੋਂ 'ਚੀਜ਼' ਕੱਢ ਕੇ ਖਾ ਲੈਂਦਾ ਸੀ। ਸੁਰਜੀਤ ਕੌਰ ਦੇ ਸਾਹਮਣੇ ਬੈਠ ਕੇ ਉਹ ਚੀਜ਼ ਖਾ ਰਿਹਾ ਤਾਂ ਉਹ ਬਹੁਤ ਖ਼ੁਸ਼ ਦਿਖਾਈ ਦਿੰਦੀ। ਲੋਰ ਜਿਹੇ ਵਿੱਚ ਆ ਕੇ ਉਹਦਾ ਨੱਕ ਘੁੱਟ ਦਿੰਦੀ ਜਾਂ ਉਹਦੀ ਕੋਈ ਨਕਲ ਉਤਾਰਦੀ।

ਹਰਅਵਤਾਰ ਬਹੁਤ ਘੁਲ-ਮਿਲ ਗਿਆ ਸੀ। ਨੰਦ ਸਿੰਘ ਛੁਰੀ ਲੈ ਕੇ ਆਪ ਸੇਬ ਕੱਟਣ ਬੈਠ ਜਾਂਦਾ। ਫਾੜੀ ਨੂੰ ਛਿਲਦਾ-ਸੰਵਾਰਦਾ ਤੇ ਮੁੰਡੇ ਨੂੰ ਖੁਆਉਂਦਾ ਜਾਂਦਾ। ਮੁੰਡੇ ਦੀ ਰੱਜ ਵਿਚੋਂ ਉਹਨੂੰ ਆਪ ਰੱਜ ਮਿਲਦਾ।

ਹਰਅਵਤਾਰ ਆਪਣੇ ਬਾਪ ਜਰਨੈਲ ਸਿੰਘ ਦੇ ਘਰ ਵੀ ਗੇੜਾ ਮਾਰਦਾ। ਉਹਦੀ ਮਾਂ ਕੁਝ ਖਾਣ ਨੂੰ ਦਿੰਦੀ ਤਾਂ ਉਹ ਨੱਕ ਮਾਰਦਾ। ਬਾਪ ਦੇ ਘਰ ਦਾ ਉਹਨੂੰ ਕੁਝ ਵੀ ਸੁਆਦ ਨਹੀਂ ਲੱਗਦਾ ਸੀ। ਜਿਵੇਂ ਇਹ ਕੋਈ ਬਿਗਾਨਾ ਘਰ ਹੋਵੇ। ਉਹਦੀ ਮਾਂ ਪੁੱਛਦੀ- "ਤੇਰੀ ਤਾਈ ਨੇ ਅੱਜ ਕੀ ਸਬਜ਼ੀ ਚਾੜ੍ਹੀ ਐ।"

"ਆਲੂ ਗੋਭੀ" ਉਹ ਇਸ ਢੰਗ ਨਾਲ ਜਵਾਬ ਦਿੰਦਾ ਜਿਵੇਂ ਤਾਈ ਦਾ ਘਰ ਹੀ ਉਹਦਾ ਆਪਣਾ ਘਰ ਹੋਵੇ। 'ਤਾਈਂ ਸ਼ਬਦ ਉਹਦੇ ਲਈ 'ਮਾਂ' ਦਾ ਅਰਥ ਰੱਖਦਾ। ਸਕੀ ਮਾਂ ਨੂੰ ਉਹ ਮਾਂ ਨਾ ਆਖਦਾ, ਉਹਦਾ ਨਾਉਂ ਲੈ ਕੇ ਬਲਾਉਂਦਾ-ਰੱਜੀ। ਰਾਜਵੰਤ ਕੌਰ ਸੀ ਅਸਲੀ ਨਾਉਂ ਤਾਂ।

ਸੁਰਨੰਦ ਭਵਨ

71