ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/72

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹਰਅਵਤਾਰ ਨੰਦ ਸਿੰਘ ਨਾਲ ਨਿੱਕੀਆਂ-ਨਿੱਕੀਆਂ ਸ਼ਰਾਰਤਾਂ ਕਰਦਾ। ਉਹਦੀ ਨੇੜੇ ਦੀ ਨਜ਼ਰ ਕਮਜ਼ੋਰ ਸੀ। ਸਵੇਰੇ-ਸਵੇਰੇ ਉਹ ਅਖ਼ਬਾਰ ਪੜ੍ਹ ਰਿਹਾ ਹੁੰਦਾ ਤਾਂ ਹਰਅਵਤਾਰ ਉਹਦੀ ਐਨਕ ਦਾ ਕੇਸ ਕਿਧਰੇ ਲੁਕੋ ਦਿੰਦਾ-ਸਿਰਹਾਣੇ ਹੇਠ, ਸਿਲਾਈ-ਮਸ਼ੀਨ ਦੇ ਖਾਨੇ ਵਿੱਚ ਜਾਂ ਨੰਦ ਸਿੰਘ ਦੇ ਬੂਟਾਂ ਵਿੱਚ ਹੀ। ਅਖ਼ਬਾਰ ਪੜ੍ਹਨ ਬਾਅਦ ਉਹ ਕੇਸ ਲੱਭਦਾ ਫਿਰਦਾ। ਹਰਅਵਤਾਰ ਪਹਿਲਾਂ ਤਾਂ ਗੁੱਝਾ-ਗੁੱਝਾ, ਫੇਰ ਹਾਸੀ ਉਹਦੇ ਢਿੱਡ ਤੋਂ ਸਾਂਭੀ ਨਾ ਜਾਂਦੀ। ਖਿੱਦ-ਖਿੱਦ ਕਰਕੇ ਉਹਦਾ ਮੂੰਹ ਖੁੱਲ੍ਹ ਜਾਂਦਾ।

"ਹੱਤ, ਤੇਰੇ ਦੀ। ਤੂੰ ਕੀਤੀ ਸੂ, ਸ਼ਰਾਰਤ?" ਨੰਦ ਸਿੰਘ ਸਗੋਂ ਖ਼ੁਸ਼ ਹੁੰਦਾ।

ਕਦੇ ਉਹ ਨੰਦ ਸਿੰਘ ਦੀ ਪਗੜੀ ਵਿਚੋਂ ਪੂੰਛਕੀ ਕੱਢ ਦਿੰਦਾ। ਨੰਦ ਸਿੰਘ ਹਾਕ ਮਾਰਦਾ- "ਤਾਰੀ!" ਮੁੰਡਾ ਉਹਦੀ ਪਿੱਠ ਪਿੱਛੇ ਖੜ੍ਹਾ ਹੱਸ ਰਿਹਾ ਹੁੰਦਾ।

ਹਰਅਵਤਾਰ ਦਾ ਸੁਖ ਬੜਾ ਸੀ। ਉਹ ਨਿੱਕੇ-ਮੋਟੇ ਕੰਮ-ਧੰਦੇ ਵੀ ਕਰਦਾ। ਕਿਸੇ ਦੁਕਾਨ ਤੋਂ ਕੋਈ ਚੀਜ਼ ਲਿਆ ਦਿੰਦਾ। ਸੁਰਜੀਤ ਕੌਰ ਬੈਠੀ-ਬਿਠਾਈ ਉਹਤੋਂ ਚੀਜ਼ਾਂ ਮੰਗਾਉਂਦੀ ਰਹਿੰਦੀ। ਨੰਦ ਸਿੰਘ ਰੋਟੀ ਖਾਣ ਬੈਠਦਾ ਤਾਂ ਰਸੋਈ ਵਿਚੋਂ ਪਲੇਟਾਂ ਚੁੱਕ-ਚੁੱਕ ਹਰਅਵਤਾਰ ਹੀ ਫੜਾਉਂਦਾ। ਪਾਣੀ ਦਾ ਗਿਲਾਸ ਦੇ ਜਾਂਦਾ।

ਇਸ ਤਰ੍ਹਾਂ ਹੀ ਉਹ ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਸੀ। ਇਸ ਤਰ੍ਹਾਂ ਹੀ ਉਹ ਦਿਨੋ-ਦਿਨ ਸਿਆਣਾ ਹੁੰਦਾ ਜਾ ਰਿਹਾ ਸੀ। ਸੁਰਜੀਤ ਕੌਰ ਉਹਨੂੰ ਸਕੂਲ ਵਿੱਚ ਦਾਖ਼ਲ ਕਰਵਾ ਆਈ। ਉਹ ਸਕੂਲ ਗਿਆ ਹੁੰਦਾ ਤਾਂ ਉਹ ਉਹਨੂੰ ਉਡੀਕਦੀ ਰਹਿੰਦੀ। ਕੋਈ ਗੱਲ ਹੁੰਦੀ ਤਾਂ ਉਹ ਆਪ ਨਾਲ ਜਾ ਕੇ ਉਹਨੂੰ ਸਕੂਲ ਛੱਡ ਕੇ ਆਉਂਦੀ। ਅੱਧਾ ਘੰਟਾ-ਵੀਹ ਮਿੰਟ ਉਹ ਸਕੂਲੋਂ ਆਉਂਦਾ ਲੇਟ ਹੋ ਜਾਂਦਾ। ਕਿਸੇ ਮੁੰਡੇ ਨਾਲ ਖੇਡ ਪੈ ਜਾਂਦਾ ਜਾਂ ਕੋਈ ਹੋਰ ਗੱਲ ਹੁੰਦੀ ਤਾਂ ਉਹ ਘਰ ਦੇ ਬਾਰ ਅੱਗੇ ਨਿੱਕਲ ਕੇ ਉਹਨੂੰ ਦੇਖਦੀ ਰਹਿੰਦੀ। ਤਿੱਖੀ ਉਡੀਕ ਵਿੱਚ ਉਹ ਇੱਕ ਥਾਂ 'ਤੇ ਟਿੱਕ ਕੇ ਨਾ ਬੈਠਦੀ। ਮਨ ਵਿੱਚ ਆਖਦੀ "ਤਾਰੀ ਆਇਆ ਕਿਉਂ ਨਹੀਂ? ਹੁਣ ਤੱਕ ਤਾਂ ਆ ਜਾਣਾ ਚਾਹੀਦਾ ਸੀ।" ਸਿਰ ਤੇ ਚੁੰਨੀ ਲੈ ਕੇ ਤੇ ਪੈਰੀਂ ਚੱਪਲਾਂ ਪਾ ਕੇ ਉਹ ਘਰੋਂ ਬਾਹਰ ਹੋਣ ਲੱਗਦੀ ਤਾਂ ਉਹ ਆ ਰਿਹਾ ਹੁੰਦਾ। ਤੇ ਫੇਰ ਉਹ ਉਹਨੂੰ ਮਿੱਠੀਆਂ-ਮਿੱਠੀਆਂ ਗਾਲ੍ਹਾਂ ਕੱਢਣ ਲੱਗਦੀ। ਕਦੇ-ਕਦੇ ਉਹਦੇ ਇੱਕ ਥੱਪੜ ਵੀ ਜੜ੍ਹ ਦਿੰਦੀ। ਕੜਕਦੀ- "ਕਿੱਥੇ ਸੈਂ?"

ਉਹ ਇੱਕ ਨਾ ਜਾਣਦਾ, ਸਗੋਂ ਹੱਸਦਾ ਤੇ ਹੱਸੀ ਜਾਂਦਾ।

ਇੰਜ ਉਹ ਕਈ ਜਮਾਤਾਂ ਪਾਸ ਕਰ ਗਿਆ। ਸੱਤਵੀਂ ਵਿੱਚ ਹੋ ਗਿਆ।

ਹਰਅਵਤਾਰ ਦੇ ਸਿਰ ਦੇ ਵਾਲ਼ ਬਹੁਤ ਭਾਰੇ ਸਨ। ਜੂੜਾ ਖੁੱਲ੍ਹੇ ਦਾ ਖੁੱਲ੍ਹਾ। ਜੂੰਆਂ ਪਈਆਂ ਰਹਿੰਦੀਆਂ। ਉਹਨੂੰ ਚੌਥੇ ਦਿਨ ਕੇਸੀਂ ਨਹਾਉਂਦੀ। ਕੁੜੀਆਂ ਵਾਂਗ।

ਉਹਦੇ ਜੂੜੀ ਦੀ ਗੁਤ ਕਰ ਦਿੰਦੀ।ਉਹ ਸਿਰ ਨੂੰ ਚਿੱਟਾ ਪਟਕਾ ਬੰਕੇ ਰੱਖਦਾ। ਸੁਰਜੀਤ ਕੌਰ ਹੀ ਉਹਦਾ ਪਟਕਾ ਬੰਨ੍ਹਦੀ। ਸੱਤਵੀਂ ਜਮਾਤ ਤੱਕ ਵੀ ਖ਼ੁਦ ਪਟਕਾ ਬੰਨ੍ਹਣਾ ਨਹੀਂ ਸੀ ਜਾਣਦਾ। ਉਹਨੂੰ ਆਪ ਕੇਸੀਂ ਨ੍ਹਾਉਣਾ ਨਹੀਂ ਆਉਂਦਾ ਸੀ। ਜੂੜਾ ਨਹੀਂ ਕਰ ਸਕਦਾ ਸੀ।

ਉਹਨਾਂ ਨੂੰ ਆਂਢੀ-ਗੁਆਂਢੀ ਆਖਦੇ-"ਹੁਣ ਤਾਂ ਤੁਸੀਂ ਹੀ ਇਹਦੇ ਮਾਂ-ਪਿਓ ਓਂ, ਇਹਨੂੰ ਪਾਲ਼ਦੇ ਓਂ, ਇਹ ਤੁਹਾਨੂੰ ਪਾਪਾ-ਮੰਮੀ ਕਿਉਂ ਨਹੀਂ ਆਖਦਾ? ਤਾਇਆ ਤਾਈ ਕਿਉਂ ਬਈ?"

72

72

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ