ਵਿੱਚ ਉਹਦਾ ਹੱਥ ਤੰਗ ਰਹਿੰਦਾ। ਮਕਾਨ ਵੀ ਇੱਕ ਵਾਰ ਬਣਾ ਲਿਆ ਸੋ ਬਣਾ ਲਿਆ, ਮੁੜ ਕੇ ਇੱਟ ਨਹੀਂ ਲਾਈ। ਬਹੁਤੀ ਗੱਲ ਕੀ, ਉਹਦਾ ਘਰ ਮਸਾਂ ਤੁਰਦਾ ਸੀ। ਉਹਦੇ ਜੂਏ ਦਾ ਕਿਸੇ ਨੂੰ ਇਲਮ ਨਹੀਂ ਸੀ। ਪਰ ਇੱਕ ਗੱਲੋਂ ਉਹ ਪੱਕਾ ਸੀ। ਜੂਏ ਵਿੱਚ ਕਮਾਈ ਰੋੜ੍ਹ ਉਹ ਆਪਣਾ ਕੰਮ ਛੱਡ ਕੇ ਨਾ ਬੈਠਦਾ। ਬੱਸ ਇੱਕ ਦਿਨ ਬੁਰਾ ਜਿਹਾ ਮੂੰਹ ਬਣਾ ਕੇ ਰੱਖਦਾ, ਅਗਲੇ ਦਿਨ ਫੇਰ ਟਹਿ-ਟਹਿ ਕਰਦਾ ਚਿਹਰਾ ਲੈ ਕੇ ਦੁਕਾਨ 'ਤੇ ਜਾ ਬੈਠਦਾ।
ਅਖ਼ੀਰ ਹੌਲੀ-ਹੌਲੀ ਸ਼ਰਮਾਉਂਦਾ ਜਿਹਾ ਜਰਨੈਲ ਕਹਿਣ ਲੱਗਿਆ- "ਤਾਰੀ ਨੂੰ ਹੁਣ ਅਸੀਂ ਆਪਣੇ ਘਰ ਹੀ ਰੱਖਾਂਗੇ। ਐਥੇ ਉਹਦਾ ਠੀਕ ਨਹੀਂ।"
"ਕਿਉਂ, ਕੀ ਗੱਲ ਬਈ?" ਨੰਦ ਸਿੰਘ ਉਹਦੀ ਗੱਲ ਸੁਣ ਕੇ ਬਹੁਤ ਹੈਰਾਨ ਸੀ। ਉਹਦੇ ਮੱਥੇ ਉੱਤੇ ਸਿੱਲ੍ਹ ਦੀ ਇੱਕ ਪਤਲੀ ਲਕੀਰ ਫਿਰ ਗਈ। ਤੇ ਜਿਵੇਂ ਉਹਨੂੰ ਜਰਨੈਲ ਦੀ ਗੱਲ ਸਮਝ ਵਿੱਚ ਨਾ ਆਈ ਹੋਵੇ।
ਚਾਹ ਉਹ ਪੀ ਚੁੱਕੇ ਸਨ। ਦੋਵੇਂ ਭਰਾ ਕੁਝ ਚਿਰ ਚੁੱਪ ਬੈਠੇ ਰਹੇ। ਸੁਰਜੀਤ ਕੌਰ ਨੇ ਵੀ ਜਰਨੈਲ ਦੀ ਗੱਲ ਸੁਣ ਲਈ। ਉਹ ਬਿੰਦੇ-ਬਿੰਦੇ ਉਹਦੇ ਮੂੰਹ ਵੱਲ ਝਾਕਣ ਲੱਗਦੀ, ਜਿਵੇਂ ਕੁਝ ਕਹਿਣਾ ਚਾਹੁੰਦੀ ਹੋਵੇ। ਤੇ ਜਿਵੇਂ ਕੁਝ ਵੀ ਨਾ ਕਹਿ ਸਕਦੀ ਹੋਵੇ। ਅਖ਼ੀਰ ਨੰਦ ਸਿੰਘ ਨੇ ਬੁੱਲ੍ਹ ਹਿਲਾਏ- "ਉਹਨੂੰ ਪੁੱਛ ਲੈ। ਜਾਂਦੈ ਤਾਂ ਲੈ ਜਾ। ਸਾਡਾ ਉਹਦੇ 'ਤੇ ਕੀ ਜ਼ੋਰ ਐ?" ਤੇ ਫੇਰ ਜਿਵੇਂ ਨੰਦ ਸਿੰਘ ਦੀ ਆਵਾਜ਼ ਭਿੱਜ ਗਈ ਹੋਵੇ- "ਤੇਰਾ ਮੁੰਡਾ ਐ ਭਾਈ, ਅਸੀਂ ਉਹਦੇ ਕੀ ਲੱਗਦੇ ਹਾਂ।"
ਜਰਨੈਲ ਸਿੰਘ ਨਹੀਂ ਬੋਲਿਆ। ਆਪਣੀ ਸੱਜੀ ਲੱਤ ਦੇ ਗੋਡੇ ਨੂੰ ਪਲੋਸਦਾ ਤੇ ਫੇਰ ਇੱਕ ਹਲਕਾ ਜਿਹਾ ਧੱਫ਼ਾ ਮਾਰਦਾ ਉਹ ਕੁਝ ਕਹਿਣ ਲਈ ਤਿਆਰ ਹੋਣ ਲੱਗਦਾ ਪਰ ਮੂੰਹੋਂ ਬੋਲ ਨਾ ਸਕਦਾ। ਨੰਦ ਸਿੰਘ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਜਰਨੈਲ ਕੀ ਕਹਿਣਾ ਚਾਹੁੰਦਾ ਹੈ। ਉੱਠਣ ਲੱਗਿਆ, ਉਹ ਬੋਲਿਆ-"ਉਹ ਆਪਣੇ ਘਰ ਹੀ ਠੀਕ ਐ। ਪੜ੍ਹਦੈ, ਓਥੋਂ ਸਕੂਲ ਚਲਿਆ ਜਾਇਆ ਕਰੇਗਾ।"
ਸੁਰਜੀਤ ਕੌਰ ਤੇ ਹਰਅਵਤਾਰ ਅੰਦਰਲੇ ਕਮਰੇ ਵਿੱਚ ਪੈਂਦੇ ਹੁੰਦੇ। ਨੰਦ ਸਿੰਘ ਦਾ ਪੱਕਾ ਠਿਕਾਣਾ ਖੱਬੇ ਹੱਥ ਵਾਲੀ ਬੈਠਕ ਵਿੱਚ ਸੀ। ਉਸ ਰਾਤ ਹਰਅਵਤਾਰ ਨੇ ਨਿੱਤ ਵਾਂਗ ਰੋਟੀ ਖਾਧੀ ਤੇ ਆਪਣੇ ਕਮਰੇ ਵਿੱਚ ਜਾ ਕੇ ਪੜ੍ਹਨ ਲੱਗਿਆ। ਪੜ੍ਹਦਾ-ਪੜ੍ਹਦਾ ਸੌਂ ਗਿਆ। ਸੁਰਜੀਤ ਕੌਰ ਉਹਨੂੰ ਸੁੱਤੇ ਪਏ ਨੂੰ ਦੁੱਧ ਪਿਆ ਗਈ। ਅੱਜ ਉਸ ਨੂੰ ਇਸ ਤਰ੍ਹਾਂ ਦੁੱਧ ਪਿਆ ਰਹੀ ਉਹ ਸੋਚ ਰਹੀ ਸੀ ਜਿਵੇਂ ਉਹ ਉਹਨਾਂ ਦਾ ਆਪਣਾ ਨਾ ਰਹਿ ਗਿਆ ਹੋਵੇ। ਉਹਨੂੰ ਉਹਦੇ ਉੱਤੇ ਤਰਸ ਵੀ ਆ ਰਿਹਾ ਸੀ। ਉਹਨੂੰ ਤਾਂ ਹੁਣ ਉਹਨਾਂ ਤੋਂ ਖੋਹ ਲਿਆ ਜਾਵੇਗਾ। ਬੈਠਕ ਵਿੱਚ ਅੱਧੀ ਰਾਤ ਤੱਕ ਪਤੀ-ਪਤਨੀ ਝੇੜਾ ਕਰਦੇ ਰਹੇ। ਕਦੇ ਉਹ ਕੋਈ ਲੱਖਣ ਲਾਉਂਦੇ ਤੇ ਕਦੇ ਕੋਈ। ਉਹਨਾਂ ਦੀ ਸਮਝ ਵਿੱਚ ਗੱਲ ਆਉਂਦੀ ਤੇ ਆਉਂਦੀ ਵੀ ਨਾ। ਉਹ ਇਸ ਗੱਲ ਉੱਤੇ ਵੀ ਹੈਰਾਨ ਹੁੰਦੇ ਕਿ ਜਰਨੈਲ ਨੇ ਮੁੰਡੇ ਨੂੰ ਲੈ ਜਾਣ ਦਾ ਕਾਰਨ ਕੋਈ ਕਿਉਂ ਨਹੀਂ ਦੱਸਿਆ। ਕੀ ਪਤਾ, ਉਹਨੇ ਕੀ ਸੋਚ ਕੇ ਇਹ ਫ਼ੈਸਲਾ ਕੀਤਾ ਹੋਵੇਗਾ। ਆਪਣੇ ਪੁੱਤਰ ਨੂੰ ਆਪਣੇ ਘਰ ਲੈ ਜਾਣ ਦਾ ਫ਼ੈਸਲਾ।
"ਕਿਤੇ ਇਹ ਗੱਲ ਨਾ ਹੋਵੇ ਬਈ ਆਪਾਂ ਕਚਹਿਰੀ ਜਾ ਕੇ ਤਾਰੀ ਨੂੰ ਆਪਣਾ ਮੁਤਬੰਨਾ ਕਿਉਂ ਨਹੀਂ ਬਣਾਇਆ?" ਸੁਰਜੀਤ ਕੌਰ ਲੇਪਣ ਲਾ ਰਹੀ ਸੀ।
74
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ