ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਇਹ ਗੱਲ ਆ ਤਾਂ ਉਹ ਕਹਿ ਕੇ ਸੁਣਾ ਦਿੰਦਾ। ਆਪਾਂ ਕਚਹਿਰੀ ਜਾ ਕੇ ਇਹ ਵੀ ਕਰਾ ਦਿੰਦੇ।" ਨੰਦ ਸਿੰਘ ਦੇ ਇਰਾਦੇ ਵਿੱਚ ਕੋਈ ਵਿੰਗ-ਵਲ਼ ਨਹੀਂ ਸੀ।

"ਕਿਤੇ ਦਰਬਾਰੇ ਦੀ ਤੀਵੀਂ ਨੇ ਨਾ ਕੁੱਛ ਆਖ ਦਿੱਤਾ ਹੋਵੇ, ਰੱਜੀ ਨੂੰ?"

"ਕੀ ਆਖ ਦਿੱਤਾ ਹੋਊ?" ਨੰਦ ਸਿੰਘ ਨੇ ਪੁੱਛਿਆ।

"ਬਈ ਤੂੰ ਆਪਣਾ ਮੁੰਡਾ ਰੱਖਿਐ ਇਹਨਾਂ ਦੇ ਘਰ। ਹੁਣ ਤਾਂ ਇਹ ਮੁੰਡਾ ਹੀ ਸੰਭਾਲੇਗਾ ਇਹਨਾਂ ਦਾ ਸਾਰਾ ਘਰ-ਬਾਰ। ਹੱਕ ਤਾਂ ਸਾਡਾ ਵੀ ਹੈ।"

"ਇਹ ਵੀ ਹੋ ਸਕਦੈ। ਪਰ ਹੱਕ ਦਾ ਕੀ ਮਤਲਬ? ਇਹ ਤਾਂ ਸਾਡੀ ਮਰਜ਼ੀ ਐ। ਆਪਾਂ ਕਿਸੇ ਯਤੀਮਖ਼ਾਨਿਓਂ ਵੀ ਲਿਆ ਸਕਦੇ ਹਾਂ ਕਿ ਕੋਈ ਬੱਚਾ।"

"ਤਾਰੀ ਨਾਲੋਂ ਤਾਂ ਯਤੀਮਖ਼ਾਨੇ ਦਾ ਹੀ ਠੀਕ ਸੀ।" ਸੁਰਜੀਤ ਕੌਰ ਅੱਕੀ-ਥੱਕੀ ਆਖ ਰਹੀ ਸੀ।

"ਨਹੀਂ, ਇਹ ਆਪਣਾ ਖ਼ੂਨ ਹੈ।" ਨੰਦ ਸਿੰਘ ਵਿੱਚ ਖ਼ਾਨਦਾਨ ਜਾਗ ਪਿਆ।

"ਆਪਣਾ ਖ਼ੂਨ ਕੋਈ ਸਮਝੇ ਵੀ।"

"ਲੈ ਜਾਣ। ਬੇਸ਼ੱਕ ਦਸ ਵਾਰੀ ਲੈ ਜਾਣ। ਆਪਾਂ ਏਸ ਬੱਚੇ ਨੂੰ ਐਨਾ ਪਿਆਰ ਦਿੱਤੈ, ਇਹ ਹੁਣ ਹੋਰ ਕਿਤੇ ਘਰ ਰਹਿ ਹੀ ਨਹੀਂ ਸਕਦਾ। ਇਹ ਤੇਰੇ ਸਾਹਮਣੇ ਹੈ, ਸੁਰਜੀਤ।"

"ਦੇਖਦੇ ਹਾਂ।"

"ਕੀ ਦੇਖਦੇ ਹਾਂ।"

"ਜੋ ਹੁੰਦੈ।"

"ਹੋਣਾ ਕੀ ਹੈ। ਜਰਨੈਲ ਜ਼ਬਰਦਸਤੀ ਸਾਡੇ ਘਰੋਂ ਮੁੰਡੇ ਨੂੰ ਲੈ ਜਾਂਦੈ ਤਾਂ ਲੈ ਜਾਵੇ। ਅਸੀਂ ਆਪ ਨਹੀਂ ਇਹਨੂੰ ਕੱਢਣ ਲੱਗੇ।" ਨੰਦ ਸਿੰਘ ਨੇ ਦੁਚਿੱਤੀ ਫ਼ੜ ਲਈ। ਤੇ ਫੇਰ ਤੀਵੀਂ-ਪੁਰਸ਼ ਹਰਅਵਤਾਰ ਸੰਬੰਧੀ ਹੋਰ ਗੱਲਾਂ ਕਰਦੇ ਸੌਣ ਦੀ ਤਿਆਰੀ ਕਰਨ ਲੱਗੇ। ਸੁਰਜੀਤ ਕੌਰ ਆਪਣੇ ਕਮਰੇ ਵਿੱਚ ਚਲੀ ਗਈ। ਉਹਨੇ ਦੇਖਿਆ ਕਮਰੇ ਦੀ ਟਿਊਬ ਜਲ ਰਹੀ ਹੈ। ਹਰਅਵਤਾਰ ਹਿੱਕ ਉੱਤੇ ਕਿਤਾਬ ਮੂਧੀ ਛੱਡ ਕੇ ਘੂਕ ਸੁੱਤਾ ਪਿਆ ਹੈ। ਲੱਕ ਤੱਕ ਰਜਾਈ ਹੈ। ਉਹਨੇ ਕਿਤਾਬ ਚੁੱਕ ਕੇ ਮੇਜ਼ ਉੱਤੇ ਧਰ ਦਿੱਤੀ ਤੇ ਟਿਉਬ ਬੰਦ ਕਰਕੇ ਆਪਣੇ ਬਿਸਤਰੇ ਵਿੱਚ ਜਾ ਵੜੀ। ਪੈ ਕੇ ਉਹਦੀਆਂ ਅੱਖਾਂ ਖੁੱਲ੍ਹੀਆਂ ਸਨ। ਜਿਵੇਂ ਅੱਖਾਂ ਅੱਗੇ ਕੋਈ ਦ੍ਰਿਸ਼ ਜਿਹੇ ਉੱਭਰ ਰਹੇ ਹੋਣ। ਡਰਾਉਣੇ ਤੇ ਲਭਾਉਣੇ ਦ੍ਰਿਸ਼।

ਅਗਲੇ ਦਿਨ ਸੁਰਜੀਤ ਕੌਰ ਦਰਬਾਰਾ ਸਿੰਘ ਦੇ ਘਰ ਗਈ। ਪੁੱਛਿਆ- "ਤੁਸੀਂ ਆਖਿਐ ਕੁੱਛ ਜਰਨੈਲ ਨੂੰ?"

"ਕੀ ਆਖਣਾ ਸੀ ਅਸੀਂ?" ਦਰਬਾਰਾ ਸਿੰਘ ਦੀ ਘਰਵਾਲੀ ਮੱਥਾ ਛੋਟਾ ਕਰਕੇ ਹੈਰਾਨ ਹੋਈ।

"ਉਹ ਕਹਿੰਦੇ ਨੇ, ਤਾਰੀ ਨੂੰ ਅਸੀਂ ਤੁਹਾਡੇ ਘਰ ਨਹੀਂ ਰਹਿਣ ਦੇਣਾ।" ਸੁਰਜੀਤ ਕੌਰ ਨੇ ਜਿਵੇਂ ਰੋ ਕੇ ਕਿਹਾ ਹੋਵੇ।

"ਸਾਡਾ ਇਹਦੇ ਨਾਲ ਕੀ ਮਤਲਬ, ਭੈਣ? ਉਹਨਾਂ ਦਾ ਪੁੱਤਰ, ਤੁਸੀਂ ਪਾਲਣ ਵਾਲੇ।" ਦਰਬਾਰਾ ਸਿੰਘ ਦੀ ਘਰਵਾਲੀ ਅੱਗੇ ਸਾਰਾ ਚਾਨਣ ਸੀ।

ਸੁਰਨੰਦ ਭਵਨ

75