ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/77

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਕੀ ਲੱਗਦੇ ਨੇ, ਅਸਲ ਮਾਂ-ਬਾਪ ਤੇਰੇ ਅਸੀਂ ਹਾਂ। ਆਪਣੇ ਘਰ ਹੀ ਠੀਕ ਹੁੰਦਾ ਹੈ।"

ਪਰ ਮੁੰਡਾ ਹੱਸ ਛੱਡਦਾ। ਉਹਨੂੰ ਜਰਨੈਲ ਸਿੰਘ ਦੀ ਗੱਲ ਸਮਝ ਵਿੱਚ ਨਹੀਂ ਆਉਂਦੀ ਸੀ। ਉਹ ਉਹਦੇ ਅਸਲੀ ਮਾਂ-ਬਾਪ ਤਾਂ ਉਹਨੂੰ ਲੱਗਦੇ ਹੀ ਨਹੀਂ ਸਨ। ਜਿਵੇਂ ਜਰਨੈਲ ਸਿੰਘ ਝੂਠ ਬੋਲ ਰਿਹਾ ਹੋਵੇ। ਮੁੰਡਾ ਸੋਚਦਾ-ਉਹ ਇਸ ਤਰ੍ਹਾਂ ਜ਼ਬਰਦਸਤੀ ਉਹਦਾ ਬਾਪ ਕਿਵੇਂ ਬਣ ਸਕਦਾ ਹੈ? ਕਦੇ-ਕਦੇ ਉਹ ਉਹਨਾਂ ਦੇ ਘਰ ਜਾਂਦਾ ਤਾਂ ਦੋਵੇਂ ਵੱਡੇ ਭਾਈਆਂ ਤੇ ਛੋਟੀ ਭੈਣ ਨਾਲ ਉਹਨੂੰ ਭੈਣ-ਭਰਾਵਾਂ ਜਿਹਾ ਕੋਈ ਅਹਿਸਾਸ ਜਾਗਦਾ ਹੀ ਨਹੀਂ ਸੀ। ਉਹਨੂੰ ਲੱਗਦਾ, ਜਿਵੇਂ ਉਹਨਾਂ ਨਾਲ ਉਹਦੀ ਕੋਈ ਦੂਰ ਦੀ ਰਿਸ਼ਤੇਦਾਰੀ ਹੋਵੇ।

ਇੱਕ ਦਿਨ ਫੇਰ ਰਾਜਵੰਤ ਕੌਰ ਮੁੰਡੇ ਦੇ ਸਕੂਲ ਗਈ। ਜਮਾਤ ਦੇ ਇੰਚਾਰਜ-ਮਾਸਟਰ ਸਾਹਮਣੇ ਉਹਨੂੰ ਬੁਲਾ ਕੇ ਤਾੜਿਆ-"ਖ਼ਬਰਦਾਰ, ਜੇ ਅੱਜ ਉਹਨਾਂ ਦੇ ਘਰ ਗਿਆ ਤੂੰ। ਧੋਬੀ ਦਾ ਕੁੱਤਾ-ਘਰ ਦਾ ਨਾ ਘਾਟ ਦਾ। ਕਿਸੇ ਪਾਸੇ ਦਾ ਵੀ ਨਹੀਂ ਰਹਿਣਾ ਨਿਕੰਮਿਆ।"

ਉਹ ਪੈਰ ਦੇ ਅੰਗੂਠੇ ਨਾਲ ਬੱਸ ਧਰਤੀ ਉੱਤੇ ਅਰਧ-ਗੋਲ ਲਕੀਰਾਂ ਕੱਢਦਾ ਰਿਹਾ ਸੀ। ਬੋਲਿਆ ਇੱਕ ਸ਼ਬਦ ਵੀ ਨਹੀਂ। ਕਦੇ-ਕਦੇ ਮੁਸਕਰਾਉਂਦਾ ਤੇ ਮਾਂ ਵੱਲ ਓਪਰੀ-ਓਪਰੀ ਨਿਗਾਹ ਨਾਲ ਝਾਕਣ ਲੱਗਦਾ। ਉਹਨੂੰ ਲੱਗਦਾ, ਉਹ ਕਿਤੋਂ ਬਹੁਤ ਦੂਰੋਂ ਬੇਪਛਾਣ ਤੇ ਬੇਅਰਥ ਸ਼ਬਦ ਬੋਲ ਰਹੀ ਹੈ। ਤੇ ਫੇਰ ਉਹਦੀ ਮਾਂ ਦੇ ਜਾਣ ਪਿੱਛੋਂ ਉਹਦੇ ਮਾਸਟਰ ਨੇ ਉਸ ਤੋਂ ਸਾਰੀ ਗੱਲ ਪੁੱਛੀ। ਮਾਸਟਰ ਨੂੰ ਮੁੰਡੇ ਨਾਲ ਹਮਦਰਦੀ ਹੋ ਗਈ। ਉਹਦੇ ਤਾਏ-ਤਾਈ ਨਾਲ ਉਸ ਨਾਲੋਂ ਵੀ ਵੱਧ ਲਗਾਓ। ਤੇ ਫੇਰ ਮਾਸਟਰ ਨੇ ਉਹਨੂੰ ਪੱਕਾ ਕੀਤਾ ਕਿ ਉਹ ਆਪਣੇ ਤਾਏ ਦੇ ਘਰ ਹੀ ਡਟਿਆ ਰਹੇ।

ਇੱਕ ਸ਼ਾਮ ਕਹਿਰ ਹੋ ਗਿਆ। ਬਹੁਤਾ ਹਨੇਰਾ ਨਹੀਂ ਉੱਤਰਿਆ ਸੀ, ਮੂੰਹ ਨੂੰ ਮੂੰਹ ਦਿਸਦਾ ਸੀ। ਜਰਨੈਲ ਸਿੰਘ ਉਹਨਾਂ ਦੇ ਘਰ ਆਇਆ। ਨੰਦ ਸਿੰਘ ਨਹੀਂ ਸੀ। ਸੁਰਜੀਤ ਕੌਰ ਰਸੋਈ ਵਿੱਚ ਰੋਟੀ ਪਕਾ ਰਹੀ ਸੀ। ਹਰਅਵਤਾਰ ਟੈਲੀਵਿਜ਼ਨ ਅੱਗੇ ਬੈਠਾ ਕੋਈ ਪ੍ਰੋਗਰਾਮ ਦੇਖ ਰਿਹਾ ਸੀ। ਜਰਨੈਲ ਸੁਰਜੀਤ ਕੌਰ ਵੱਲ ਸਿਰਫ਼ ਝਾਕਿਆ ਹੀ, ਉਹ ਸਿੱਧਾ ਮੁੰਡੇ ਕੋਲ ਗਿਆ ਤੇ ਉਹਨੂੰ ਬਾਹੋਂ ਫ਼ੜ ਕੇ ਖੜ੍ਹਾ ਕਰ ਲਿਆ। ਆਖਿਆ-‘ਚੱਲ ਤੁਰ।"

ਮੁੰਡਾ ਉਹਤੋਂ ਬਾਂਹ ਛੁਡਾ ਰਿਹਾ ਸੀ। ਉਹਨੇ ਮੁੰਡੇ ਦੇ ਮੂੰਹ ਉੱਤੇ ਥੱਪੜ ਜੜ੍ਹ ਦਿੱਤਾ ਤੇ ਉਹਦੇ ਸਿਰ ਦੇ ਵਾਲ਼ਾ ਵਿੱਚ ਹੱਥ ਦੀ ਕੰਘੀ ਪਾ ਕੇ ਉਹਨੂੰ ਇਸ ਤਰ੍ਹਾਂ ਖਿੱਚ ਕੇ ਬਾਹਰ ਲੈ ਗਿਆ-ਜਿਵੇਂ ਪੁਲਿਸ ਵਾਲੇ ਕਿਸੇ ਮੁਜ਼ਰਿਮ ਨੂੰ ਅਚਾਨਕ ਆ ਕੇ ਦਬੋਚ ਲੈਂਦੇ ਹੋਣ।

ਤਵੇ ਉੱਤੇ ਪਈ ਰੋਟੀ ਉਵੇਂ ਛੱਡ ਕੇ ਸੁਰਜੀਤ ਕੌਰ ਮਗਰ ਭੱਜੀ। ਉਹਨੇ ਬਹੁਤ ਕਿਹਾ-"ਦੇਖ ਜਰਨੈਲ, ਮੁੰਡਾ ਤੇਰਾ ਐ, ਬੇਸ਼ੱਕ ਲੈ ਜਾ। ਜਦੋਂ ਮਰਜ਼ੀ ਲੈ ਜਾਈਂ, ਪਰ ਇਹਦਾ ਤਾਇਆ ਘਰ ਨਹੀਂ। ਉਹਦੇ ਨਾਲ ਗੱਲ ਕਰਕੇ ਲੈ ਜਾਈਂ।"

ਜਰਨੈਲ ਨੇ ਇੱਕ ਨਹੀਂ ਸੁਣੀ। ਸਗੋਂ ਸੁਰਜੀਤ ਕੌਰ ਨੂੰ ਧੱਕਾ ਦੇ ਕੇ ਪਰ੍ਹਾ ਕਰ ਦਿੱਤਾ। ਮੁੰਡੇ ਨੂੰ ਉਹ ਬੱਕਰੀ ਵਾਂਗ ਧੂਹ ਕੇ ਆਪਣੇ ਘਰ ਨੂੰ ਲੈ ਗਿਆ।

ਸੁਰਨੰਦ ਭਵਨ

77