ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਗਲੇ ਦਿਨ ਮੁੰਡਾ ਨਾ ਤਾਏ ਦੇ ਘਰ ਆਇਆ ਤੇ ਨਾ ਸਕੂਲ ਗਿਆ। ਜਰਨੈਲ ਸਿੰਘ ਨੇ ਉਹਨੂੰ ਆਪਣੇ ਘਰ ਲਿਜਾ ਕੇ ਕੁੱਟਿਆ ਵੀ ਸੀ। ਧਮਕੀ ਦਿੱਤੀ ਕਿ ਜੇ ਉਹ ਮੁੜ ਕੇ ਤਾਏ ਦੇ ਗਿਆ ਤਾਂ ਉਹਦੀ ਟੰਗ ਤੋੜ ਦੇਵੇਗਾ।

ਨੰਦ ਸਿੰਘ ਨੇ ਇੱਕ ਦਿਨ ਦੇਖਿਆ, ਦੋ ਦਿਨ ਦੇਖਿਆ, ਤੀਜੇ ਦਿਨ ਉਹ ਮੁੰਡੇ ਦਾ ਸਾਰਾ ਲੀੜਾ-ਕੱਪੜਾ ਤੇ ਕਿਤਾਬਾਂ-ਕਾਪੀਆਂ ਦਾ ਬੈਗ ਚੁੱਕ ਕੇ ਜਰਨੈਲ ਦੇ ਘਰ ਦੇ ਆਇਆ। ਰਾਜਵੰਤ ਕੌਰ ਨੂੰ ਕਿਹਾ ਕਿ ਉਹਨਾਂ ਦੀ ਮਰਜ਼ੀ ਬਗੈਰ ਉਹ ਮੁੰਡੇ ਨੂੰ ਆਪਣੇ ਘਰ ਰੱਖਣ ਲਈ ਬਿਲਕੁਲ ਤਿਆਰ ਨਹੀਂ। ਨੰਦ ਸਿੰਘ ਦੀਆਂ ਅੱਖਾਂ ਗਿੱਲੀਆਂ ਸਨ। ਭਰੜਾਈ ਆਵਾਜ਼ ਵਿੱਚ ਉਹ ਬੋਲ ਰਿਹਾ ਸੀ-"ਤੁਹਾਡਾ ਪੁੱਤਰ ਹੈ, ਅਸੀਂ ਇਹਦੇ ਕੀ ਲੱਗਦੇ ਹਾਂ।"

ਉਸ ਵਕਤ ਜਰਨੈਲ ਸਿੰਘ ਘਰ ਨਹੀਂ ਸੀ।

ਨੰਦ ਸਿੰਘ ਨੇ ਮੁੰਡੇ ਦੇ ਮੋਢੇ ਨੂੰ ਹੱਥ ਲਾਇਆ। ਕਹਿੰਦਾ-"ਅਸੀਂ ਤਾਂ ਭਾਈ ਤੇਰੀ ਸੁੱਖ ਮੰਗਦੇ ਹਾਂ। ਏਥੇ ਵੀ ਤੂੰ ਸਾਡਾ ਹੀ ਹੈ। ਜੀਅ ਲਾ ਕੇ ਪੜ੍ਹ। ਸਕੂਲ ਨਾ ਛੱਡੀ। ਤੇਰਾ ਬਾਪ ਨਹੀਂ ਚਾਹੁੰਦਾ ਤਾਂ ਨਾ ਆਈਂ ਓਧਰ।"

ਬੱਸ ਉਸ ਦਿਨ ਤੋਂ ਨੰਦ ਸਿੰਘ ਦਾ ਦਿਲ ਟੁੱਟ ਗਿਆ। ਰਹਿੰਦੀਆਂ-ਖੂੰਹਦੀਆਂ ਆਸਾਂ ਵੀ ਮਰ ਗਈਆਂ। ਕੀ ਪਤਾ, ਉਹਨਾਂ ਨੇ ਕੀ-ਕੀ ਸੋਚ ਰੱਖਿਆ ਸੀ। ਉਹ ਸੁਰਜੀਤ ਕੌਰ ਨੂੰ ਕਹਿਣ ਲੱਗਿਆ-"ਕਾਹਦੀ ਖਾਤਰ ਐਵੇਂ ਦੇਹ ਤੋੜਦੇ ਹਾਂ? ਜਿਹੜਾ ਚਾਰ ਛਿੱਲੜ ਕਮਾਏ ਨੇ, ਆਪਣੀ ਉਮਰ ਮੁਕਦੇ ਨਹੀਂ।"

ਚੁਬਾਰਾ ਤੇ ਥੱਲੇ ਵਾਲਾ ਅੰਦਰਲਾ ਇੱਕ ਕਮਰਾ ਕਿਰਾਏ ਉੱਤੇ ਸਨ।

ਚੁਬਾਰੇ ਵਿੱਚ ਇੱਕ ਮਾਸਟਰਣੀ ਰਹਿੰਦੀ ਸੀ। ਥੱਲੇ ਕਮਰੇ ਵਿੱਚ ਨਵਾਂ ਜੋੜਾ ਆ ਗਿਆ। ਬੰਦਾ ਸਾਰਾ ਦਿਨ ਬਾਹਰ ਕੰਮ ਉੱਤੇ ਗਿਆ ਰਹਿੰਦਾ, ਔਰਤ ਕੋਲ ਇੱਕ ਬੱਚਾ ਸੀ। ਸੁਰਜੀਤ ਕੌਰ ਨੇ ਉਸ ਔਰਤ ਨਾਲ ਹੀ ਆਪਣੇ ਸੰਬੰਧ ਵਧਾ ਲਏ। ਸਾਰਾ ਸਾਰਾ ਦਿਨ ਉਹ ਗੱਲਾਂ ਮਾਰਦੀਆਂ ਰਹਿੰਦੀਆਂ। ਸੁਰਜੀਤ ਕੌਰ ਉਸ ਔਰਤ ਦੇ ਨਿੱਕੇ-ਮੋਟੇ ਕੰਮ ਵੀ ਕਰ ਦਿੰਦੀ। ਆਖਦੀ-ਕੋਈ ਨਹੀਂ ਨਿਆਣੇ ਵਾਲੀ ਹੈ।

ਸੱਜੇ ਹੱਥ ਦੀ ਬੈਠਕ ਵਿੱਚ ਦੁਕਾਨ ਤੇ ਨੰਦ ਸਿੰਘ ਸਾਰਾ ਦਿਨ ਬੈਠਾ ਸਕੂਲੀ ਮੁੰਡੇ-ਕੁੜੀਆਂ ਨਾਲ ਪਰਚਿਆ ਰਹਿੰਦਾ ਜਾਂ ਫੇਰ ਅਖ਼ਬਾਰ ਪੜ੍ਹਦਾ। ਹੁਣ ਉਹਨੇ ਨਾਵਲ ਪੜ੍ਹਨ ਦਾ ਝੱਸ ਵੀ ਪਾਲ਼ ਰੱਖਿਆ ਸੀ।

ਹਰਅਵਤਾਰ ਦਿਨ ਵਿੱਚ ਕਿਸੇ ਵੇਲੇ ਘਰ ਆਉਂਦਾ, ਪਹਿਲਾਂ ਸਿੱਧਾ ਰਸੋਈ ਵਿੱਚ ਜਾਂਦਾ। ਜਾਲ਼ੀ ਵਿੱਚ ਕੋਈ ਨਾ ਕੋਈ ਚੀਜ਼ ਖਾਣ ਵਾਲੀ ਪਈ ਹੁੰਦੀ। ਉਹ ਚੀਜ਼ ਕੱਢਦਾ ਤੇ ਓਥੇ ਹੀ ਭੁੱਖਿਆਂ ਵਾਂਗ ਨਿਗ਼ਲ ਕੇ ਘਰੋਂ ਬਾਹਰ ਹੋ ਜਾਂਦਾ। ਅਸਲ ਵਿੱਚ ਸੁਰਜੀਤ ਕੌਰ ਉਹਦੀ ਖਾਤਰ ਹੀ ਜਾਲ਼ੀ ਵਿੱਚ ਕੁਝ ਧਰ ਛੱਡਦੀ। ਕੇਲੇ, ਸੇਬ, ਸੰਗਤਰੇ, ਅੰਗੂਰ ਜਾਂ ਕੋਈ ਮਿਠਾਈ। ਉਸ ਸਮੇਂ ਉਹ ਘਰ ਹੁੰਦੀ ਤਾਂ ਉਹਦੇ ਨਾਲ ਏਧਰ-ਓਧਰ ਦੀ ਕੋਈ ਗੱਲ ਵੀ ਕਰਦੀ। ਉਹਦੇ ਬਾਰੇ ਪੁੱਛਦੀ ਰਹਿੰਦੀ। ਹੁਣ ਉਹ ਬਹੁਤਾ ਨਹੀਂ ਸੀ ਬੋਲਦਾ। ਬੱਸ ਚੁੱਪ-ਚਾਪ ਰਹਿੰਦਾ। ਘਰ ਅੰਦਰ ਵੜ ਕੇ ਪਿਛਾਂਹ ਬਾਰ ਵੱਲ ਝਾਕਦਾ। ਚੀਜ਼ ਖਾ ਕੇ ਛੇਤੀ-ਛੇਤੀ ਘਰੋਂ ਨਿੱਕਲ ਜਾਂਦਾ। ਨੰਦ ਸਿੰਘ ਵੀ, ਜਦੋਂ ਨਿਗਾਹ ਪੈਂਦਾ, ਉਹਨੂੰ ਬੁਲਾ ਲੈਂਦਾ ਸੀ।

78

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ