ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰਅਵਤਾਰ ਪ੍ਰਛਾਵੇਂ ਵਾਂਗ ਘਰ ਵਿੱਚ ਆਉਂਦਾ ਤੇ ਚਲਿਆ ਜਾਂਦਾ। ਕਿਸੇ ਕਿਸੇ ਦਿਨ ਤਾਂ ਉਹਨਾਂ ਨੂੰ ਪਤਾ ਵੀ ਨਾ ਲੱਗਦਾ ਕਿ ਉਹ ਕਦੋਂ ਆਇਆ ਸੀ। ਉਹਦੇ ਆਉਣ ਦਾ ਐਨਾ ਹੀ ਸਬੂਤ ਬਹੁਤ ਸੀ ਕਿ ਰਸੋਈ ਦੀ ਜਾਲ਼ੀ ਵਿੱਚ ਰੱਖੀ ਜਾਣ ਵਾਲੀ ਚੀਜ਼ ਓਥੇ ਨਹੀਂ ਹੁੰਦੀ ਸੀ।

ਉਹ ਦਸਵੀਂ ਕਰ ਗਿਆ ਸੀ, ਫੇਰ ਕਾਲਜ ਜਾਂਦਾ ਹੁੰਦਾ। ਸੋਹਣਾ ਗੱਭਰੂ ਨਿੱਕਲਦਾ ਆ ਰਿਹਾ ਸੀ। ਬਣ-ਠਣ ਕੇ ਰਹਿੰਦਾ। ਸਿਰ 'ਤੇ ਪਗੜੀ ਨਹੀਂ ਬੰਨ੍ਹਦਾ ਸੀ, ਪਟਕਾ ਰੱਖਦਾ। ਸੁਰਜੀਤ ਕੌਰ ਉਹਨੂੰ ਪੈਸੇ ਦਿੰਦੀ। ਕਦੇ ਪੰਜ, ਕਦੇ ਦਸ, ਪਰ ਪੈਸੇ ਉਹ ਆਪ ਨਹੀਂ ਮੰਗਦਾ ਸੀ।

ਉੱਤੇ ਚੁਬਾਰੇ ਵਿੱਚ ਓਹੀ ਮਾਸਟਰਣੀ ਰਹਿ ਰਹੀ ਸੀ। ਲੱਗਦਾ ਸੀ, ਜਿਵੇਂ ਉਹਦਾ ਹੋਰ ਕੋਈ ਨਾ ਹੋਵੇ। ਖਾਸੀ ਉਮਰ ਦੀ ਸੀ। ਉਹਨੇ ਕਦੇ ਇਹ ਨਹੀਂ ਦੱਸਿਆ ਸੀ ਕਿ ਉਹ ਸ਼ਾਦੀ-ਸ਼ਦਾ ਹੈ ਜਾਂ ਨਹੀਂ। ਛੱਟੜ ਹੈ ਜਾਂ ਵਿਧਵਾ। ਗੁੰਮ-ਸੁੰਮ ਰਹਿੰਦੀ। ਵਿਹਲੇ ਵੇਲੇ ਭਜਨ-ਪਾਠ ਕਰਦੀ। ਤੁਰਨ ਵੇਲੇ ਧਰਤੀ 'ਤੇ ਨਿਗਾਹ ਰੱਖਦੀ। ਓਥੋਂ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਸਿਲਾਈ-ਟੀਚਰ ਸੀ। ਹਰ ਮਹੀਨੇ ਆਪਣੇ ਆਪ ਹੀ ਸੁਰਜੀਤ ਕੌਰ ਨੂੰ ਕਿਰਾਇਆ ਫ਼ੜਾ ਦਿੰਦੀ। ਸੁਰਜੀਤ ਕੌਰ ਨੂੰ ਹਿੰਮਤ ਨਹੀਂ ਪੈਂਦੀ ਸੀ ਕਿ ਉਹਦੇ ਨਾਲ ਕੋਈ ਵਾਧੂ-ਘਾਟੂ ਗੱਲ ਕਰ ਸਕੇ। ਉਹਦੇ ਜੀਵਨ ਸੰਬੰਧੀ ਕੋਈ ਪੁੱਛ-ਪੜਤਾਲ ਕਰੇ। ਨੰਦ ਸਿੰਘ ਸਾਹਮਣੇ ਉਹ ਕਦੇ ਵੀ ਨਾ ਬੋਲਦੀ। ਉਹਦੇ ਅੱਗੇ ਖਲੋਂਦੀ ਵੀ ਨਾ। ਸ਼ੁਰੂ ਤੋਂ ਉਹ ਉਹਦੇ ਕੋਲੋਂ ਓਨਾ ਹੀ ਕਿਰਾਇਆ ਲੈ ਰਹੇ ਸਨ। ਮਾਸਟਰਣੀ ਸਫ਼ਾਈ-ਪਸੰਦ ਬਹੁਤ ਸੀ। ਮਜਾਲ ਹੈ, ਕਿਧਰੇ ਕੋਈ ਭਿਣਕਾ ਵੀ ਉਹਦੇ ਚੁਬਾਰੇ ਵਿੱਚ ਏਧਰ-ਓਧਰ ਖਿੰਡਿਆ ਪਿਆ ਹੋਵੇ। ਥੱਲੇ ਵਾਲੇ ਕਿਰਾਏਦਾਰ ਤਾਂ ਗੰਦ ਪਾਈ ਰੱਖਦੇ ਸਨ। ਥੱਲੇ ਤਾਂ ਕਈ ਕਿਰਾਏਦਾਰ ਆ ਚੁੱਕੇ ਸਨ। ਕੋਈ ਛੇ ਮਹੀਨੇ ਟਿਕਦਾ ਸੀ ਤੇ ਕੋਈ ਸਾਲ।

ਫੇਰ ਇੱਕ ਜੋੜਾ ਆਇਆ। ਔਰਤ ਗਰਭਵਤੀ ਸੀ। ਬੰਦਾ ਉਮਰ ਵਿੱਚ ਉਹਤੋਂ ਖਾਸਾ ਵੱਡਾ ਸੀ। ਲੱਗਦਾ ਨਹੀਂ ਸੀ, ਉਹ ਪਤੀ-ਪਤਨੀ ਨੇ। ਕਦੇ ਲੱਗਦਾ, ਪਤੀ-ਪਤਨੀ ਹੀ ਨੇ। ਪਤੀ-ਪਤਨੀ ਦਾ ਹਮ-ਉਮਰ ਹੋਣਾ ਜ਼ਰੂਰੀ ਤਾਂ ਨਹੀਂ ਹੁੰਦਾ। ਬੰਦਾ ਦਿਨ ਵੇਲੇ ਬਾਹਰ ਕਿਧਰੇ ਕੰਮ 'ਤੇ ਜਾਂਦਾ ਜਾਂ ਪਤਾ ਨਹੀਂ ਕਿੱਥੇ ਰਹਿੰਦਾ ਸੀ। ਔਰਤ ਘਰ ਵਿੱਚ ਉਦਾਸ-ਉਦਾਸ ਜਿਹੀ ਬੈਠੀ ਰਹਿੰਦੀ। ਸੁਰਜੀਤ ਕੌਰ ਨਾਲ ਵੀ ਉਹ ਕੋਈ ਬਹੁਤੀ ਗੱਲ ਨਾ ਕਰਦੀ। ਗੱਲ ਕਰਦੀ ਤਾਂ ਕੋਈ ਭੇਤ ਜਿਹਾ ਲੁਕੋਅ-ਲੁਕੋਅ ਰੱਖਦੀ। ਦੋਵਾਂ ਦੀ ਭਾਸ਼ਾ ਹਿੰਦੀ-ਨੁਮਾ ਜਿਹੀ ਪੰਜਾਬੀ ਸੀ। ਦੋ ਕੁ ਮਹੀਨਿਆਂ ਬਾਅਦ ਉਸ ਔਰਤ ਨੇ ਇੱਕ ਕੁੜੀ ਨੂੰ ਜਨਮ ਦਿੱਤਾ। ਕੁੜੀ ਵੀਹ ਕੁ ਦਿਨਾਂ ਦੀ ਸੀ, ਬੰਦਾ ਕਿਧਰੇ ਚਲਿਆ ਗਿਆ। ਤਿੰਨ-ਚਾਰ ਦਿਨ ਮੁੜਿਆ ਹੀ ਨਾ। ਔਰਤ ਉਹਨੂੰ ਉਡੀਕਦੀ ਤੇ ਰੋਂਦੀ। ਦਸਦੀ ਬੋਲਦੀ ਕੁਝ ਨਹੀਂ ਸੀ। ਸੁਰਜੀਤ ਕੋਰ ਹੀ ਉਹਨੂੰ ਸੰਭਾਲਦੀ। ਹੁਣ ਤਾਂ ਉਹ ਉਸ ਦੇ ਖਾਣ-ਪੀਣ ਦਾ ਖਰਚ ਵੀ ਆਪਣੇ ਘਰੋਂ ਕਰਦੀ। ਔਰਤ ਦੀ ਹਾਲਤ ਉੱਤੇ ਉਹਨੂੰ ਤਰਸ ਆਉਂਦਾ। ਦਸ ਦਿਨ, ਪੰਦਰਾਂ ਦਿਨ ਤੇ ਫੇਰ ਵੀਹ ਦਿਨ, ਬੰਦਾ ਤਾਂ ਕਿਧਰੋਂ ਮੁੜਿਆ ਹੀ ਨਾ। ਕੁਝ ਦਿਨ ਹੋਰ ਤੇ ਫੇਰ ਔਰਤ ਘਰ ਦੇ ਵਿਹੜੇ ਵਿੱਚ ਫਿਰਨ-ਤੁਰਨ ਲੱਗੀ, ਫਿਰ ਤੁਰ ਕੇ ਕੰਮ ਕਰਦੀ। ਰੋਟੀ-ਪਾਣੀ ਉਹਨੂੰ ਸੁਰਜੀਤ ਕੌਰ ਦਿੰਦੀ।

ਸੁਰਨੰਦ ਭਵਨ

79