ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓਧਰ ਦਰਬਾਰਾ ਸਿੰਘ ਨੇ ਟੇਢੇ ਢੰਗ ਨਾਲ ਹੱਥ-ਕੰਡੇ ਵਰਤਣੇ ਸ਼ੁਰੂ ਕਰ ਦਿੱਤੇ। ਉਹ ਆਖ ਰਿਹਾ ਸੀ ਕਿ ਉਹਦਾ ਮਕਾਨ ਭੀੜਾ ਹੈ। ਸਰਦਾ ਨਹੀਂ। ਨੰਦ ਸਿੰਘ ਆਪਣੇ ਮਕਾਨ ਦਾ ਇੱਕ ਕਮਰਾ ਉਹਨੂੰ ਸਮਾਨ ਰੱਖਣ ਲਈ ਦੇ ਦੇਵੇ। ਅਸਲ ਵਿੱਚ ਉਹਦੀ ਯੋਜਨਾ ਇਹ ਸੀ ਕਿ ਉਹ ਹੌਲੀ-ਹੌਲੀ ਮਕਾਨ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦੇਵੇਗਾ। ਪਹਿਲਾਂ ਇੱਕ ਕਮਰਾ, ਫੇਰ ਹੋਰ ਕਮਰਾ। ਉਹਦੀਆਂ ਮੰਗਾਂ ਵਧਦੀਆਂ ਜਾਣੀਆਂ ਸਨ। ਪਰ ਜਦੋਂ ਇਸ ਅਵਾਰਾ ਜੰਮੀ ਕੁੜੀ ਨੂੰ ਉਹਨਾਂ ਨੇ ਮੁਤਬੰਨਾ ਬਣਾ ਲਿਆ ਤਾਂ ਸਭ ਦੀਆਂ ਆਸਾਂ ਉੱਤੇ ਪਾਣੀ ਫਿਰ ਗਿਆ।

ਸਾਂਝੀ ਮਾਰ ਉੱਤੇ ਜਰਨੈਲ ਤੇ ਦਰਬਾਰੇ ਨੇ ਸਾਂਝਾ ਮੋਰਚਾ ਬਣਾ ਲਿਆ। ਇੱਕ ਦਿਨ ਨੰਦ ਸਿੰਘ ਸ਼ਹਿਰੋਂ ਬਾਹਰ ਕਿਧਰੇ ਗਿਆ ਹੋਇਆ ਸੀ। ਘਰ ਵਿੱਚ ਸੁਰਜੀਤ ਕੌਰ ਇਕੱਲੀ ਸੀ। ਸ਼ਾਮ ਢਲ਼ੀ ਤੋਂ ਜਰਨੈਲ ਤੇ ਦਰਬਾਰਾ ਆਏ। ਉਹਨਾਂ ਨਾਲ ਦੋ ਬੰਦੇ ਹੋਰ ਵੀ ਸਨ। ਪਹਿਲਾਂ ਤਾਂ ਉਹਨਾਂ ਨੇ ਸੁਰਜੀਤ ਕੌਰ ਨੂੰ ਧੌਲ-ਧੱਫਾ ਕੀਤਾ। ਦਰਵਾਜ਼ੇ ਦਾ ਬਾਰ ਅੰਦਰੋਂ ਬੰਦ ਕਰ ਲਿਆ। ਫੇਰ ਉਹਨੂੰ ਇੱਕ ਥਮਲੇ ਨਾਲ ਨੂੜ ਦਿੱਤਾ। ਉਹਦੇ ਗਲ ਤੇ ਕੰਨਾਂ ਵਿਚੋਂ ਸੋਨੇ ਦੇ ਜ਼ੇਵਰ ਖਿੱਚ ਲਏ। ਟਰੰਕਾਂ ਤੇ ਅਲਮਾਰੀਆਂ ਦੀ ਤਲਾਸ਼ੀ ਲੈ ਲਈ। ਜਰਨੈਲ ਨੇ ਉਹਦੇ ਮੂੰਹ 'ਤੇ ਥੱਪੜ ਮਾਰ ਕੇ ਪੁੱਛਿਆ-"ਬਾਕੀ ਸੋਨਾ ਦੱਸ ਕਿੱਥੇ ਐ? ਰੁਪਿਆ ਕਿੱਥੇ ਰੱਖਿਆ ਹੋਇਆ?"

"ਰੁਪਿਆ ਘਰ ਵਿੱਚ ਕਿੱਥੇ, ਬੈਂਕਾਂ ਵਿੱਚ ਹੁੰਦੈ। ਸੋਨਾ ਵੀ ਬੈਂਕ ਵਿੱਚ...।" ਉਹਦੀ ਛਾਤੀ ਤੇ ਡੌਲ਼ਿਆਂ ਉੱਤੇ ਰੱਸਿਆਂ ਦਾ ਬਹੁਤ ਦਬਾਅ ਪੈ ਰਿਹਾ ਸੀ। ਪੀੜਾਂ ਨਾਲ ਉਹ ਕਰਾਹ ਰਹੀ ਸੀ। ਫੇਰ ਵੀ ਉਹਨੇ ਬਹੁਤ ਨੇੜੇ ਖੜ੍ਹੇ ਜਰਨੈਲ ਵੱਲ ਆਪਣੀ ਲੱਤ ਚਲਾਈ। ਉਹਦੇ ਢਿੱਡ ਵਿੱਚ ਲੱਤ ਮਾਰ ਕੇ ਉਹਨੂੰ ਪੁੱਠਾ ਡੇਗ ਦਿੱਤਾ।

ਸ਼ਕੁੰਤਲਾ ਉਸ ਸਮੇਂ ਪਤਾ ਨਹੀਂ ਕਿੱਥੇ ਸੀ। ਸ਼ਾਇਦ ਉੱਤੇ ਮਾਸਟਰਣੀ ਕੋਲ ਸੱਤੀ ਪਈ ਸੀ।

ਇੱਕ ਘਿਓ ਵਾਲੀ ਖਾਲੀ ਪੀਪੀ ਵਿਚੋਂ ਉਹਨੂੰ ਦੋ ਹਜ਼ਾਰ ਦੇ ਨੋਟਾਂ ਦੀ ਇੱਕ ਥਹੀ ਮਿਲੀ-ਬੈਂਕ ਦੀ ਓਵੇਂ-ਜਿਵੇਂ ਬੰਨ੍ਹੀ ਬੰਨ੍ਹਾਈ, ਸੂਈਆਂ ਲੱਗੀਆਂ ਹੋਈਆਂ।

ਇਹ ਸਾਰੀ ਵਾਰਦਾਤ ਉਹਨਾਂ ਨੇ ਪੰਦਰਾਂ ਕੁ ਮਿੰਟਾਂ ਵਿੱਚ ਹੀ ਕਰ ਦਿੱਤੀ ਤੇ ਫੇਰ ਔਹ ਗਏ। ਇਹ ਤਾਂ ਉੱਤੋਂ ਮਾਸਟਰਣੀ ਕਿਸੇ ਕੰਮ ਥੱਲੇ ਆਈ ਤੇ ਸੁਰਜੀਤ ਕੌਰ ਨੂੰ ਇਸ ਹਾਲਤ ਵਿੱਚ ਦੇਖ ਕੇ ਉਹਨੂੰ ਵੀ ਜਿਵੇਂ ਗਸ਼ ਪੈਣ ਵਾਲੀ ਹੋ ਗਈ ਹੋਵੇ। ਕੰਬਦੇ ਹੱਥਾਂ ਨਾਲ ਉਹਨੇ ਰੱਸੇ ਖੋਲ੍ਹੇ, ਸੁਰਜੀਤ ਕੌਰ ਧੜੰਮ ਦੇ ਕੇ ਥੱਲੇ ਡਿੱਗ ਪਈ ਤੇ ਬੇਹੋਸ਼ ਹੋ ਗਈ। ਮਾਸਟਰਣੀ ਨੇ ਉਹਦੇ ਮੂੰਹ ਵਿੱਚ ਪਾਣੀ ਪਾਇਆ। ਉਹਨੂੰ ਬੈਠਾ ਕੀਤਾ। ਤੇ ਫੇਰ ਮੰਜੇ ਉੱਤੇ ਲਿਟਾ ਦਿੱਤਾ। ਚਾਹ ਬਣਾ ਕੇ ਪਿਆਈ। ਸੁਰਜੀਤ ਕੌਰ ਤੋਂ ਕੁਝ ਵੀ ਦੱਸਿਆ ਨਹੀਂ ਜਾ ਰਿਹਾ ਸੀ। ਕੁਝ ਵੀ ਬੋਲਿਆ ਨਹੀਂ ਜਾਂਦਾ ਸੀ।

ਨੰਦ ਸਿੰਘ ਰਾਤ ਦੀ ਕਿਸੇ ਗੱਡੀ ਮੁੜਿਆ। ਦਿਨ ਚੜ੍ਹਨ ਤੱਕ ਉਹ ਸੁੱਤੇ ਨਹੀਂ। ਸੁਰਜੀਤ ਕੌਰ ਗੱਲਾਂ ਦੱਸਦੀ ਰਹੀ। ਮੁੜ-ਮੁੜ ਓਹੀ ਗੱਲਾਂ। ਕਦੇ ਨੰਦ ਸਿੰਘ ਬਹੁਤ ਗੁੱਸੇ ਵਿੱਚ ਆ ਜਾਂਦਾ ਤਾਂ ਮੂੰਹੋਂ ਥੁੱਕ ਸੁੱਟਣ ਲੱਗਦਾ। ਉਹਦੀ ਦੇਹ ਕੰਬ ਰਹੀ ਹੁੰਦੀ। ਉਹਦਾ ਸਿਰ ਹਿੱਲ ਰਿਹਾ ਹੁੰਦਾ। ਉਹ ਪੂਰੇ ਫਿਕਰੇ ਨਾ ਬੋਲ ਸਕਦਾ। ਕਦੇ ਬਹੁਤ ਉਦਾਸ

ਸੁਰਨੰਦ ਭਵਨ

81