ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਗਨੀ ਉੱਤੋਂ ਦੀ ਤਿੰਨ ਫੇਰੇ ਲਏ ਗਏ। ਲੜਕੀ ਅੱਗੇ ਤੇ ਲੜਕਾ ਪਿੱਛੇ। ਚੌਥੇ ਫੇਰੇ ਲੜਕਾ ਅੱਗੇ ਤੇ ਲੜਕੀ ਪਿੱਛੇ। ਚੌਥਾ ਫੇਰਾ ਤਾਂ ਅਜੇ ਸ਼ੁਰੂ ਹੀ ਹੋਇਆ ਸੀ ਕਿ ਆਸ਼ਾ ਪੈਂਹ ਦੇ ਕੇ ਪਟੜੇ ਉੱਤੇ ਡਿੱਗ ਪਈ। ਬੁੜ੍ਹੀਆਂ ਫੇਰੇ ਦਿਵਾਉਣ ਵਾਲੇ ਇੱਕ ਬੰਦੇ ਨੂੰ ਹਾਲ-ਹਾਲ ਕਰਨ ਲੱਗੀਆਂ। ਓਸੇ ਨੇ ਆਸ਼ਾ ਨੂੰ ਸੰਭਾਲਿਆ ਹੋਇਆ ਸੀ। ਕਹਿ ਰਹੀਆਂ ਸਨ, 'ਵੇ ਭਾਈ, ਤੂੰ ਸਹਾਰਾ ਦੇ ਕੇ ਰੱਖਣਾ ਸੀ ਕੁੜੀ ਨੂੰ।' ਇੱਕ ਹੋਰ ਬੋਲੀ, 'ਵੇ ਸੰਤੂ ਕਾਣਿਆ, ਤੈਨੂੰ ਦਿਸਿਆ ਨਾ?'

ਸੰਤੂ ਦਾ ਜਵਾਬ ਕਿਸੇ ਨੇ ਨਹੀਂ ਸੁਣਿਆ। ਕਿਸੇ ਹੋਰ ਨੇ ਫਟਾ-ਫਟ ਆਸ਼ਾ ਨੂੰ ਬਾਹੋਂ ਫੜ ਕੇ ਖੜ੍ਹਾ ਕੀਤਾ, ਪਰ ਉਹ ਤਾਂ ਫੇਰ ਲੁੜ੍ਹਕ ਗਈ। ਥਾਂ ਦੀ ਥਾਂ ਢੇਰੀ ਹੋ ਗਈ। ਮਾਂ ਨੇ ਆ ਕੇ ਉਹਦਾ ਮੂੰਹ ਨੰਗਾ ਕੀਤਾ। ਉਹਦੀ ਤਾਂ ਦੰਦ ਬੀੜ ਜੁੜੀ ਪਈ ਸੀ। ਸੰਤੁ ਨੇ ਉਹਨੂੰ ਗੋਦੀ ਚੁੱਕਿਆ ਤੇ ਅਗਨੀ ਉੱਤੋਂ ਦੀ ਮੁੰਡੇ ਦੇ ਮਗਰ-ਮਗਰ ਗੇੜਾ ਦਿਵਾ ਦਿੱਤਾ ਤੇ ਫੇਰ ਓਵੇਂ ਹੀ ਸੰਤੂ ਉਹਨੂੰ ਗੋਦੀ ਚੁੱਕ ਕੇ ਅੰਦਰ ਕਮਰੇ ਵਿੱਚ ਲੈ ਗਿਆ।

ਸਪਤ ਪਦੀ ਦਾ ਉਚਾਰਨ ਪੰਡਤ ਨੇ ਆਸ਼ਾ ਦੀ ਗੈਰ-ਹਾਜ਼ਰੀ ਵਿੱਚ ਕਰ ਦਿੱਤਾ ਤੇ ਗੋ-ਦਾਨ ਵੀ, ਮੰਗਲੀਕਰਨ ਹੋਇਆ ਹੀ ਨਹੀਂ।

ਬਰਾਤ ਵਾਲੇ ਹੈਰਾਨ ਸਨ। ਹੇਮ ਚੰਦ ਪੁਰੀ ਚਿੰਤਾ ਵਿੱਚ ਸੀ। ਸੰਤੁ ਵੇਦੀ ਕੋਲ ਆਇਆ ਤੇ ਸਹਿਜ ਸੁਭਾਓ ਜਿਹਾ ਦੱਸਣ ਲੱਗਿਆ-'ਹੁਣ ਠੀਕ ਐ।' ਤੇ ਫੇਰ ਉਹਨੇ ਪੰਡਤ ਨੂੰ ਪੁੱਛਿਆ-'ਫੇਰ ਲੈ ਕੇ ਆਈਏ ਲੜਕੀ ਨੂੰ?'

'ਨਹੀਂ ਨਹੀਂ, ਬੱਸ, ਵਿਆਹ ਪੱਧਤੀ ਅਨੁਸਾਰ ਤਾਂ ਸਭ ਹੋ ਗਿਐ। ਹੁਣ ਆਪਣੀ ਸਿਕਸ਼ਾ ਵਿਕਸ਼ਾ ਦਾ ਕਰਨ ਕੁੜੀਆਂ ਜੋ ਕਰਨੈ। ਹਰੀ ਓਮ ਪੰਡਤ ਨੇ ਡਕਾਰ ਮਾਰਿਆ।

ਵੇਦੀ ਕੋਲ ਬੈਠੀਆਂ ਰਿਸ਼ਤੇਦਾਰ ਬੁੜ੍ਹੀਆਂ ਕਹਿ ਰਹੀਆਂ ਹਨ, 'ਵਿਚਾਰੀ ਦੇ ਪਿਓ ਨ੍ਹੀਂ ਨਾ, ਕਿੱਦਣ ਦੀ ਰੋਈ ਜਾਂਦੀ ਐ ਇਹ ਤਾਂ।'

ਕੋਈ ਕਹਿ ਰਹੀ ਸੀ, 'ਮਾਂ ਦਾ ਹੌਲ ਵੱਡੈ ਇਹਨੂੰ ਤਾਂ। ਅਖੇ 'ਕੱਲੀ ਰਹਿ ਜੂਗੀ।'

ਕਿਸੇ ਹੋਰ ਨੇ ਕਿਹਾ, "ਕੋਈ ਭਾਈ-ਭਰਾ ਹੁੰਦਾ ਤਾਂ ਵੀ ਸੀ।'

ਇੱਕ ਹੋਰ ਕਹਿੰਦੀ, 'ਨੱਗਰ-ਖੇੜਾ ਛੱਡਣਾ ਕਿਤੇ ਸੌਖੇ? ਦੰਦਲਾਂ ਨਾ ਪੈਣ ਤਾਂ ਹੋਰ ਕੀ ਹੋਵੇ?'

'ਲੈ ਭੈਣੇ, ਸੁੱਖੀ-ਸਾਂਦੀ ਆਪਣੇ ਘਰ ਜਾਵੇ। ਵਸੇ-ਰਸੇ। ਮਾਂ ਦੇ ਦਿਨ ਵੀ ਨਿੱਕਲ ਜਾਣਗੇ ਕਿਮੇਂ ਨਾ ਕਿਮੇਂ। ਇੱਕ ਸਿਆਣੀ ਬੁੜ੍ਹੀ ਨੇ ਆਖਰੀ ਗੱਲ ਆਖੀ।

ਬਰਾਤ ਵਿਚੋਂ ਇੱਕ ਕੋਈ ਕੋਲ ਖੜ੍ਹੇ ਕੁੜੀ ਵੱਲ ਦੇ ਕਿਸੇ ਰਿਸ਼ਤੇਦਾਰ ਨੂੰ ਪੁੱਛ ਰਿਹਾ ਸੀ, 'ਪਹਿਲਾਂ ਵੀ ਦੌਰਾ ਪੈ ਜਾਂਦਾ ਕੁੜੀ ਨੂੰ?'

"ਨਾ ਨਾ, ਸੁਣਿਆ ਈ ਨ੍ਹੀਂ ਸੀ ਕਦੇ। ਇਹ ਤਾਂ ਹੁਣ..'

'ਹਾਂ ਹੋ ਜਾਂਦੈ ਕਦੇ-।' ਬਰਾਤੀ ਨੇ ਆਪ ਹੀ ਜਵਾਬ ਲੈ ਲਿਆ।

ਹੇਮ ਚੰਦ ਨੂੰ ਪਟੜੇ ਤੋਂ ਉਠਾ ਕੇ ਮੁੜ ਓਥੇ ਹੀ ਬਿਠਾ ਦਿੱਤਾ ਗਿਆ। ਲਾਊਡ ਸਪੀਕਰ ਉੱਤੇ ਇੱਕ ਕੁੜੀ ਨੇ 'ਸਿੱਖਿਆ' ਪੜ੍ਹੀ ਤੇ ਫੇਰ ਬਰਾਤੀਆਂ ਵਲੋਂ ਸਾਈ ਉੱਤੇ ਲਿਆਂਦਾ ਇੱਕ ਸ਼ੁਕੀਨ ਜਿਹਾ ਮੁੰਡਾ ਤੂੰਬੀ ਲੈ ਕੇ 'ਸੇਹਰਾ' ਪੜ੍ਹਨ ਲੱਗਿਆ। ਢੋਲਕ ਦੀ ਥਾਪ ਨੇ ਰੰਗ ਬੰਨ੍ਹ ਦਿੱਤਾ। ਸਾਰੇ ਬਰਾਤੀ, ਕੁੜੀ ਨਾਲ ਰਿਸ਼ਤੇਦਾਰ ਤੇ ਵਿਹੜੇ ਵਿੱਚ

84

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ