ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਿਰਦੇ-ਤੁਰਦੇ ਬਾਕੀ ਸਭ ਖ਼ੁਸ਼ ਸਨ, ਸੇਹਰਾ ਗਾਉਣ ਵਾਲੇ ਮੁੰਡੇ ਨੂੰ ਦੋ-ਦੋ, ਪੰਜ-ਪੰਜ ਤੇ ਦਸ-ਦਸ ਦੇ ਨੋਟ ਲਗਾਤਾਰ ਦਿੱਤੇ ਜਾ ਰਹੇ ਸਨ। ਇਹ ਤਾਂ ਕਿਸੇ ਨੂੰ ਯਾਦ ਚੇਤੇ ਵੀ ਨਹੀਂ ਰਹਿ ਗਿਆ ਹੋਵੇਗਾ ਕਿ ਵਿਆਹੁਲੀ ਕੁੜੀ ਨੂੰ ਦੌਰਾ ਪਿਆ ਸੀ।

ਆਸ਼ਾ ਚਾਰ ਕੁ ਸਾਲਾਂ ਦੀ ਹੋਵੇਗੀ ਜਦੋਂ ਉਹਦਾ ਬਾਪ ਮਰ ਗਿਆ। ਉਹ ਰੇਲਵੇ ਵਿੱਚ ਬੁਕਿੰਗ-ਕਲਰਕ ਸੀ ਤੇ ਪਿਛਲੇ ਪੰਦਰਾਂ ਸਾਲਾਂ ਤੋਂ ਉਸ ਸ਼ਹਿਰ ਵਿੱਚ ਟਿਕਿਆ ਹੋਇਆ ਸੀ। ਰੇਲਵੇ-ਕੁਆਟਰਾਂ ਵਿੱਚ ਰਹਿੰਦਾ। ਉਹਨੂੰ ਸਾਰੀ ਮੰਡੀ ਜਾਣਦੀ ਸੀ। ਮੰਡੀ ਦੇ ਦੁਕਾਨਦਾਰਾਂ, ਸਰਕਾਰੀ ਮੁਲਾਜ਼ਮਾਂ ਤੇ ਸ਼ਹਿਰ ਦੇ ਆਮ ਲੋਕਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਨਾਲ ਵਾਹ ਰਹਿੰਦਾ। ਸਵੇਰ ਦੀਆਂ ਗੱਡੀਆਂ ਭੁਗਤਾ ਕੇ ਉਹ ਹੱਥ ਵਿੱਚ ਦੋ ਥੈਲੇ ਫੜਦਾ ਤੇ ਮੰਡੀ ਵਿੱਚ ਨਿੱਕਲ ਜਾਂਦਾ। ਕਿਤੋਂ ਕੁਝ ਤੇ ਕਿਤੋਂ ਕੁਝ ਘਰ ਵਾਸਤੇ ਨਿੱਕ-ਸੁੱਕ ਦੇ ਦੋਵੇਂ ਥੈਲੇ ਭਰੀ ਉਹ ਕੁਆਟਰ ਵਿੱਚ ਪਹੁੰਚਦਾ। ਸਾਰੀ ਮੰਡੀ ਵਿੱਚ ਗੇੜਾ ਦਿੰਦਾ। ਹਰ ਦੁਕਾਨਦਾਰ ਨਾਲ ਉਹਦਾ ਹਾਸਾ-ਮਖੌਲ ਚਲਦਾ ਰਹਿੰਦਾ। ਹਰ ਕੋਈ ਉਹਦੇ ਕੋਲੋਂ ਖ਼ੁਸ਼ ਹੁੰਦਾ। ਕੁਆਟਰ ਵਿੱਚ ਆ ਕੇ ਉਹ ਦਾਤਣ-ਕੁਰਲਾ ਕਰਦਾ ਤੇ ਚਾਹ ਪੀਂਦਾ। ਫੇਰ ਨਹਾ-ਧੋ ਕੇ ਨਵੇਂ ਕੱਪੜੇ ਪਾ ਲੈਂਦਾ। ਨਵੇਂ ਕੱਪੜੇ ਧੋਤੇ ਹੋਏ ਤੇ ਲੋਹਾ ਕੀਤੇ ਹੁੰਦੇ ਬੱਸ। ਹਮੇਸ਼ਾਂ ਹੀ ਖਾਕੀ ਜੀਨ ਦੀ ਪੈਂਟ ਤੇ ਸਫੈਦ ਕਮੀਜ਼। ਦੂਜਾ ਕੱਪੜਾ ਉਹਦੇ ਤਨ ਨੂੰ ਲੱਗਿਆ ਕਦੇ ਕਿਸੇ ਨੇ ਦੇਖਿਆ ਨਹੀਂ ਸੀ। ਸਿਆਲਾਂ ਵਿੱਚ ਨੀਲਾ ਕੋਟ ਜ਼ਰੂਰ ਵਧ ਜਾਂਦਾ।

ਵਿਆਹ ਤੋਂ ਦਸ ਸਾਲ ਬਾਅਦ ਮਸਾਂ ਕਿਤੇ ਜਾ ਕੇ ਉਹਦੇ ਘਰ ਇਹ ਇੱਕ ਲੜਕੀ ਪੈਦਾ ਹੋਈ। ਉਹਦਾ ਵਿਆਹ ਵੀ ਉਸ ਸ਼ਹਿਰ ਵਿੱਚ ਆ ਕੇ ਹੋਇਆ ਸੀ।

ਉਹ ਦਿਲ ਦਾ ਮਰੀਜ਼ ਸੀ। ਬਹੁਤ ਝੋਰਾ ਉਹ ਇਸ ਗੱਲ ਦਾ ਕਰਦਾ ਕਿ ਉਹਦੇ ਘਰ ਕੋਈ ਮੁੰਡਾ ਕਿਉਂ ਨਹੀਂ। ਉਹ ਮਰਿਆ ਤਾਂ ਸਾਰੀ ਮੰਡੀ ਵਿੱਚ ਹਾਹਾਕਾਰ ਮੱਚ ਗਈ। ਹਰ ਕੋਈ ਬਾਬੂਆਣੀ ਦੇ ਕੁਆਟਰ ਵਿੱਚ ਅਫ਼ਸੋਸ ਕਰਨ ਆਇਆ।

ਰੇਲਵੇ ਵਾਲਿਆਂ ਨੇ ਚਾਰ ਮਹੀਨਿਆਂ ਤੱਕ ਆਸ਼ਾ ਦੀ ਮਾਂ ਤੋਂ ਕੁਆਟਰ ਖ਼ਾਲੀ ਨਹੀਂ ਕਰਵਾਇਆ।

ਪੈਨਸ਼ਨ ਦੇ ਕਾਗ਼ਜ਼ਾਂ ਦੇ ਨਾਲ ਹੀ ਉਹਨੂੰ ਰੇਲਵੇ ਮਹਿਕਮੇ ਵਲੋਂ ਦਸ ਹਜ਼ਾਰ ਰੁਪਿਆ ਇਕੱਠਾ ਵੀ ਮਿਲ ਗਿਆ। ਕੁਝ ਰੁਪਿਆ ਉਸ ਰੇਲਵੇ-ਸਟੇਸ਼ਨ ਦੇ ਮੁਲਾਜ਼ਮਾਂ ਨੇ ਆਪਣੇ ਵਲੋਂ ਇਕੱਠਾ ਕੀਤਾ। ਚਾਰ-ਪੰਜ ਹਜ਼ਾਰ ਮੰਡੀ ਦੇ ਦੁਕਾਨਦਾਰਾਂ ਨੇ ਉਗਰਾਹ ਲਿਆ। ਨਵੀਂ ਬਸਤੀ ਵਿੱਚ ਆਸ਼ਾ ਦੀ ਮਾਂ ਨੇ ਇੱਕ ਛੋਟਾ ਜਿਹਾ ਪਲਾਟ ਲੈ ਕੇ ਕਮਰੇ ਛੁਡਾ ਲਏ।

ਸਿਲਾਈ ਮਸ਼ੀਨ ਦਾ ਕੰਮ ਉਹ ਜਾਣਦੀ ਸੀ। ਆਂਢ-ਗੁਆਂਢ ਵਿਚੋਂ ਕੱਪੜੇ ਆਉਣ ਲੱਗ ਪਏ। ਸੌ ਰੁਪਿਆ ਮਹੀਨਾ ਉਹਦੀ ਪੈਨਸ਼ਨ ਆ ਜਾਂਦੀ। ਉਹ ਵਾਹਵਾ ਰੋਟੀ ਖਾਣ ਲੱਗੀ ਤੇ ਰੱਬ ਦਾ ਸ਼ੁਕਰ ਗੁਜ਼ਾਰਿਆ।

ਅਗਲੇ ਸਾਲ ਹੀ ਉਹਨੇ ਆਸ਼ਾ ਨੂੰ ਸਕੂਲ ਭੇਜ ਦਿੱਤਾ। ਪ੍ਰਾਇਮਰੀ ਸਕੂਲ ਉਸ ਬਸਤੀ ਵਿੱਚ ਨਵਾਂ ਖੁੱਲ੍ਹ ਗਿਆ ਸੀ। ਪੰਜ ਜਮਾਤਾਂ ਕਰਕੇ ਉਹ ਸ਼ਹਿਰ ਦੇ ਗਰਲ ਹਾਈ ਸਕੂਲ ਵਿੱਚ ਜਾਣ ਲੱਗੀ।

ਨਹੀਂ

85