ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/87

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਕਿਤਾਬ ਹੀ ਲੱਗਦਾ। ਕਿਤਾਬਾਂ ਤੇ ਡੱਬੇ ਨੂੰ ਉਹ ਸਾਈਕਲ ਦੇ ਕੈਰੀਅਰ ਵਿੱਚ ਅੜੁੰਗ ਲੈਂਦਾ। ਭੁੱਖ ਲੱਗੀ ਤੋਂ ਕਾਲਜ ਕੰਟੀਨ ਵਿੱਚ ਬੈਠ ਕੇ ਚਾਹ ਨਾਲ ਰੋਟੀ ਖਾਂਦਾ। ਆਸ਼ਾ ਉਹਦੇ ਨਾਲ ਹੁੰਦੀ ਤਾਂ ਉਹ ਵੀ ਚਾਹ ਪੀਂਦੀ। ਸੁਆਦ ਦੇਖਣ ਵਜੋਂ ਹੀ ਉਹਦੇ ਡੱਬੇ ਵਿਚੋਂ ਅੱਧੀ ਰੋਟੀ ਤੋੜ ਕੇ ਖਾਣ ਲੱਗਦੀ।

ਕਦੇ-ਕਦੇ ਆਸ਼ਾ ਹਿੰਡ ਕਰਦੀ ਤੇ ਸ਼ੇਖਰ ਨੂੰ ਖਿੱਚ ਕੇ ਆਪਣੇ ਘਰ ਲੈ ਜਾਂਦੀ, ਘਰ ਜਾ ਕੇ ਉਹਦੀਆਂ ਰੋਟੀਆਂ ਤਵੇ ਉੱਤੇ ਤੱਤੀਆਂ ਕਰਦੀ ਤੇ ਆਪਣੀਆਂ ਰੋਟੀਆਂ ਵਿਚਕਾਰ ਰੱਖ ਲੈਂਦੀ। ਉਹ ਦੋਵੇਂ ਇਕੱਠੇ ਰੋਟੀ ਖਾਂਦੇ। ਉਹ ਮਾਂ ਨੂੰ ਚੰਗੇ-ਚੰਗੇ ਲੱਗਦੇ। ਜਿਵੇਂ ਮਾਂ ਦਾ ਕੋਈ ਸੰਸਾਰ ਵਸ ਗਿਆ ਹੋਵੇ। ਉਹ ਸ਼ੇਖਰ ਨੂੰ ਤਾੜਨ ਲੱਗਦੀ-"ਪੁੱਤ, ਇਹ ਠੰਢੀਆਂ ਰੋਟੀਆਂ ਕਾਹਨੂੰ ਚੱਕ ਲਿਆਉਨਾਂ ਹੁੰਨੈ? ਐਥੇ ਘਰ ਆ ਕੇ ਆਸ਼ੂ ਨਾਲ ਈ ਖਾ ਲਿਆ ਕਰ ਰੋਟੀ।"

ਉਹ ਹੱਸਦਾ, 'ਨਿੱਤ ਕੌਣ ਦਿੰਦੇ ਦੋੜਾਂ ਮੈਨੂੰ, ਮੰਮੀ ਜੀ।'

'ਲੈ, ਨਿੱਤ ਨੂੰ ਕੀਹ ਐ। ਤੇਰੀਆਂ ਦੋ ਬੁਰਕੀਆਂ ਨਾਲ ਕੀ ਬਖਾਰੀ ਊਣੀ ਹੁੰਦੀ ਐ, ਭਾਈ?'

ਸ਼ੇਖਰ ਤੇ ਮਾਂ ਦੀਆਂ ਗੱਲਾਂ ਸੁਣ ਕੇ ਆਸ਼ਾ ਖ਼ੁਸ਼ ਹੁੰਦੀ। ਉਹਦੀਆਂ ਅੱਖਾਂ ਹੱਸਣ ਲੱਗਦੀਆਂ ਤੇ ਫੇਰ ਕਦੇ-ਕਦੇ ਜਿਸ ਦਿਨ ਉਹਦਾ ਜੀਅ ਕਰਦਾ ਉਹ ਰਾਤ ਵੀ ਉਨ੍ਹਾਂ ਦੇ ਘਰ ਰਹਿ ਪੈਂਦਾ। ਦੋਵੇਂ ਮਾਵਾਂ-ਧੀਆਂ ਇੱਕ ਕਮਰੇ ਵਿੱਚ ਸੌਂਦੀਆਂ ਤੇ ਸ਼ੇਖਰ ਦੂਜੇ ਕਮਰੇ ਵਿੱਚ। ਇਹ ਵੱਖਰੀ ਗੱਲ ਸੀ ਕਿ ਅੱਧੀ ਰਾਤ ਤੱਕ ਤਿੰਨੇ ਜਣੇ ਇੱਕੋ ਥਾਂ ਬੈਠ ਕੇ ਦੁਨੀਆਂ ਭਰ ਦੀਆਂ ਗੱਲਾਂ ਕਰ ਮਾਰਦੇ।

ਅਪ੍ਰੈਲ ਵਿੱਚ ਇਮਤਿਹਾਨ ਸਨ। ਮਾਰਚ ਦੇ ਪਹਿਲੇ ਹਫ਼ਤੇ ਹੀ ਉਨ੍ਹਾਂ ਨੂੰ ਫ੍ਰੀ ਕਰ ਦਿੱਤਾ ਗਿਆ। ਇਮਤਿਹਾਨ ਤੋਂ ਪਹਿਲਾਂ ਮਹੀਨਾ ਭਰ ਉਹ ਉਨ੍ਹਾਂ ਦੇ ਘਰ ਰਿਹਾ।

ਸਾਰਾ ਸਾਰਾ ਦਿਨ ਉਹ ਇਕੱਠੇ ਬੈਠੇ ਰਹਿੰਦੇ। ਰਾਤ ਨੂੰ ਵੀ ਅੱਧੀ ਰਾਤ ਤੱਕ ਪੜ੍ਹਦੇ, ਇੱਕੋ ਕਮਰੇ ਵਿੱਚ, ਸੌਣ ਵੇਲੇ ਆਸ਼ਾ ਮਾਂ ਕੋਲ ਆ ਪੈਂਦੀ। ਦੋਵੇਂ ਵਕਤ ਦੀ ਰੋਟੀ ਮਾਂ ਬਣਾਉਂਦੀ। ਜਿੰਨੇ ਵਾਰ ਉਹ ਚਾਹ ਮੰਗਦੇ, ਚਾਹ ਕਰ ਦਿੰਦੀ। ਦੋਵਾਂ ਨੇ ਹੀ ਬੜਾ ਦਿਲ ਲਾ ਕੇ ਪੜ੍ਹਾਈ ਕੀਤੀ। ਇਮਤਿਹਾਨ ਸ਼ੁਰੂ ਹੋਣ ਵਾਲੇ ਦਿਨ ਦੋਵਾਂ ਦੇ ਹੀ ਚਿਹਰੇ ਉਤਰੇ ਹੋਏ ਸਨ, ਅੱਖਾਂ ਅੰਦਰ ਨੂੰ ਧਸੀਆਂ ਹੋਈਆਂ। ਪਰ ਮਨਾਂ ਵਿੱਚ ਇੱਕ ਗਰੂਰ ਸੀ। ਇੱਕ ਸ਼ਕਤੀ। ਦੋਵਾਂ ਦੇ ਹੀ ਪਰਚੇ ਵਧੀਆ ਹੋਏ।

ਇਮਤਿਹਾਨ ਮੁੱਕੇ ਤੋਂ ਸ਼ੇਖਰ ਆਪਣੇ ਪਿੰਡ ਨੂੰ ਚਲਿਆ ਗਿਆ। ਪੰਦਰਾਂ ਦਿਨ ਮੁੜ ਕੇ ਸ਼ਹਿਰ ਨਾ ਆਇਆ। ਵੀਹ ਦਿਨ ਤੇ ਫੇਰ ਮਹੀਨਾ ਨਿੱਕਲ ਗਿਆ। ਆਸ਼ਾ ਉਹਦਾ ਫ਼ਿਕਰ ਕਰਦੀ। ਮਾਂ ਨੇ ਕਈ ਵਾਰ ਯਾਦ ਕੀਤਾ-"ਕੁੜੇ ਆਸ਼ੂ, ਸ਼ੇਖਰ ਤਾਂ ਮੁੜ ਕੇ ਬਹੁੜਿਆ ਈ ਨਾ।"

'ਘਰ ਦਿਆਂ ਨੇ ਕੰਮ ਚ ਪਾ ਲਿਆ ਹੋਣੈ, ਮੰਮੀ। ਪਿਤਾ ਜੀ ਬੜੇ ਲਾਲਚੀ ਨੇ।' ਆਸ਼ਾ ਜਵਾਬ ਕਰਦੀ।

ਇੱਕ ਦਿਨ ਮਾਂ ਨੇ ਸਲਾਹ ਬਣਾਈ-'ਚੱਲ ਉਹਦੇ ਪਿੰਡ ਚੱਲ ਕੇ ਆਈਏ। ਉਹਨੇ ਤਾਂ ਉੱਤਾ ਈ ਨਾ ਵਾਚਿਆ। ਕਿਤੇ ਬੀਮਾਰ ਈ ਨਾ ਹੋਵੇ, ਚੰਦਰਾ।'

ਨਹੀਂ
87