ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋਵੇਂ ਜਣੀਆਂ ਪਿੰਡ ਗਈਆਂ। ਪੁੱਛ ਕੇ ਘਰ ਪਹੁੰਚੀਆਂ। ਪਤਾ ਲੱਗਿਆ, ਉਹ ਤਾਂ ਹੈ ਹੀ ਨਹੀਂ। ਮਾਮੇ ਦੇ ਮੁੰਡੇ ਨਾਲ ਕਲਕੱਤੇ ਨੂੰ ਚਲਿਆ ਗਿਆ ਹੈ। ਕਲਕੱਤੇ ਉਹਦੇ ਮਾਮੇ ਦੇ ਮੁੰਡੇ ਦੀਆਂ ਟੈਕਸੀਆਂ ਚੱਲਦੀਆਂ ਸਨ। ਸੈਰ ਕਰਨ ਸ਼ੇਖਰ ਉਹਦੇ ਨਾਲ ਚਲਿਆ ਗਿਆ। ਉਨ੍ਹਾਂ ਦੇ ਘਰਦਿਆਂ ਨੂੰ ਵੀ ਉਦੋਂ ਹੀ ਪਤਾ ਲੱਗਿਆ, ਜਦ ਕਲਕੱਤੇ ਤੋਂ ਦਸਾਂ ਦਿਨਾਂ ਬਾਅਦ ਉਹਦੀ ਚਿੱਠੀ ਪਿੰਡ ਆਈ। ਮਾਮੇ ਦਾ ਮੁੰਡਾ ਤੇ ਉਹ ਪਤਾ ਨਹੀਂ ਕਿੱਥੇ ਮਿਲੇ ਤੇ ਉਹ ਉਹਦੇ ਨਾਲ ਕਲਕੱਤੇ ਨੂੰ ਸਿੱਧਾ ਤੁਰ ਗਿਆ।

ਨਤੀਜਾ ਨਿਕਲਿਆ ਤਾਂ ਉਹ ਦੋਵੇਂ ਵਧੀਆ ਨੰਬਰ ਲੈ ਕੇ ਪਾਸ ਹੋਏ। ਆਸ਼ਾ ਦੀ ਮਾਂ ਬਹੁਤ ਖ਼ੁਸ਼, ਆਸ਼ਾ ਖੁਸ਼ ਵੀ ਤੇ ਉਦਾਸ ਵੀ। ਜੇ ਕਿਤੇ ਅੱਜ ਦੇ ਦਿਨ ਸ਼ੇਖਰ ਉਹਦੇ ਕੋਲ ਹੁੰਦਾ।

ਸੱਤਾਂ ਦਿਨਾਂ ਬਾਅਦ ਦੁਪਹਿਰੇ ਜਿਹੇ ਸ਼ੇਖਰ ਲੱਡੂਆਂ ਦਾ ਲਫ਼ਾਫ਼ਾ ਲੈ ਕੇ ਨਵੀਂ ਬਸਤੀ ਉਨ੍ਹਾਂ ਦੇ ਘਰ ਮੂਹਰੇ ਆ ਉੱਤਰਿਆ। ਆਸ਼ਾ ਦੀ ਮਾਂ ਉਹਨੂੰ ਜੱਫੀ ਪਾ ਕੇ ਮਿਲੀ। ਆਸ਼ਾ ਵਿਹੜੇ ਵਿੱਚ ਬੈਠੀ ਭੱਜ ਕੇ ਕਮਰੇ ਵਿੱਚ ਜਾ ਲੁਕੀ। ਸ਼ੇਖਰ ਉਹਦੇ ਮਗਰ ਅੰਦਰ ਗਿਆ ਤਾਂ ਉਹ ਰੋਣੋ ਹੀ ਨਾ ਹਟੇ। ਲਫ਼ਾਫ਼ੇ ਵਿੱਚ ਲੱਡੂ ਕੱਢ ਕੇ ਉਹਨੇ ਆਸ਼ਾ ਦੇ ਮੂੰਹ ਵਿੱਚ ਤੁੰਨ ਦਿੱਤਾ ਤੇ ਉੱਚੀ-ਉੱਚੀ ਹੱਸਣ ਲੱਗਾ। ਆਸ਼ਾ ਦੇ ਹੰਝੂ ਮੁਸਕਰਾਹਟਾਂ ਵਿੱਚ ਬਦਲ ਗਏ। ਮਾਂ ਵੀ ਉਨ੍ਹਾਂ ਕੋਲ ਕਮਰੇ ਵਿੱਚ ਆ ਬੈਠੀ। ਉਹ ਤਿੰਨੇ ਗੱਲਾਂ ਕਰਨ ਲੱਗੇ। ਮਾਂ ਨੇ ਪੁੱਛਿਆ, 'ਪਿੰਡ ਨੂੰ ਚਿੱਠੀ ਤਾਂ ਪਾ 'ਤੀ, ਐਥੇ ਕਿਉਂ ਨਾ ਪਤਾ ਦਿੱਤਾ ਕੋਈ? ਅਸੀਂ ਤਾਂ ਪਿੰਡ ਵੀ ਜਾ ਆਈਆਂ ਤੇਰੇ।'

'ਕਿਉਂ ਪਿੰਡ ਕੀ ਕਰਨ ਗਈਆਂ ਸੀ?'

'ਤੈਨੂੰ ਮਿਲਣ, ਤੂੰ ਤਾਂ ਜਿਉਂ ਇਮਤਿਹਾਨ ਦਿੱਤਾ ਤੇ ਬੱਸ ਮੁੜਕੇ ਕੋਈ ਉੱਘ ਨਾ ਸੁੱਘ।' ਮਾਂ ਨੇ ਆਖਿਆ।

'ਮਖਿਆ, ਕਲਕੱਤਾ ਦੇਖ ਆਈਏ। ਰਿਜ਼ਲਟ ਪਿੱਛੋਂ ਤਾਂ ਫੇਰ ਓਹੀ ਸਿੜ੍ਹੀ ਸਿਆਪਾ ਛਿੜ ਪੈਣੈ ਪੜ੍ਹਾਈ ਦਾ।'

'ਰਿਜ਼ਲਟ ਦਾ ਕਿਵੇਂ ਪਤਾ ਲੱਗਿਆ ਓਥੇ?' ਆਸ਼ਾ ਨੇ ਪੁੱਛਿਆ।

'ਪੰਜਾਬ ਦੇ ਸਾਰੇ ਅਖ਼ਬਾਰ ਪਹੁੰਚਦੇ ਨੇ। ਕਲਕੱਤਾ ਤਾਂ ਪੰਜਾਬ ਐ ਇੱਕ ਤਰ੍ਹਾਂ ਦਾ। ਰਿਜ਼ਲਟ ਦੇਖਿਆ ਤੇ ਭੱਜ ਆਏ ਜੁਆਨ।'

'ਬੜਾ ਬੋਲਣ ਲੱਗ ਪਿਐ।" ਆਸ਼ਾ ਤਿੜਕ ਉੱਠੀ। ਏਸ ਤੜਕਾਹਟ ਵਿੱਚ ਨਖ਼ਰਾ ਤਾਂ ਸੀ, ਪਰ ਮੋਹ ਵੀ ਅੰਤਾਂ ਦਾ ਸੀ।

'ਕਿਉਂ?'

'ਕਲਕੱਤੇ ਦਾ ਪਾਹ ਲੱਗ ਗਿਆ ਦਿਸਦੈ।'

'ਕਦੋਂ ਆਇਐ, ਕਲਕੱਤਿਓਂ?' ਮਾਂ ਨੇ ਪੁੱਛਿਆ।

'ਬੱਸ, ਆ ਹੀ ਰਹਿਆਂ ਏਸ ਗੱਡੀ। ਪਿੰਡ ਤਾਂ ਹਾਲੇ ਗਿਆ ਵੀ ਨ੍ਹੀਂ, ਮੰਮੀ।'

'ਸਾਮਾਨ ਤੇਰਾ?' ਆਸ਼ਾ ਪੁੱਛਣ ਲੱਗੀ।

'ਸਾਮਾਨ ਹੋਰ ਕਿਹੜਾ? ਬੱਸ ਆਹੀ ਇੱਕ ਏਅਰ ਬੈਗ ਐ। ਇਹਦੇ ਵਿੱਚ ਈ ਐ, ਸਾਰੀ ਸ੍ਰਿਸ਼ਟੀ।' ਉਹਨੇ ਲਾਚੜ ਕੇ ਜਵਾਬ ਦਿੱਤਾ।

88

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ