ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਦੱਸ ਕੇ ਤਾਂ ਜਾਂਦਾ। ਜਾਂ ਓਥੇ ਜਾ ਕੇ ਕੋਈ ਚਿੱਠੀ-ਚੀਰਾ ਈ ਲਿਖਿਆ ਹੁੰਦਾ। ਅਸੀਂ ਤਾਂ ਨਿੱਤ ਫ਼ਿਕਰ ਕਰਦੀਆਂ ਸੀ ਤੇਰਾ। ਸ਼ੇਖਰ, ਤੂੰ ਇਉਂ ਕਿਉਂ ਕੀਤਾ ਭਾਈ?' ਮਾਂ ਨੇ ਨਿਹੋਰਾ ਮਾਰਿਆ।

'ਮਖਿਆ, ਦੇਖੀਏ! ਕੋਈ ਕਿੰਨਾ ਕੁ ਯਾਦ ਕਰਦੈ ਸਾਨੂੰ।' ਕਹਿ ਕੇ ਸ਼ੇਖਰ ਅੱਖਾਂ ਵਿੱਚ ਮੁਸਕਰਾਇਆ ਤੇ ਆਸ਼ਾ ਵੱਲ ਦੇਖ ਗਿਆ।

ਆਸ਼ਾ ਕਪਾਹ ਦੇ ਫੁੱਟ ਵਾਂਗ ਖਿੜ ਉੱਠੀ। ਮਾਂ ਵੀ ਹੱਸਣ ਲੱਗੀ ਤੇ ਫੇਰ ਕਹਿੰਦੀ, 'ਚੰਗਾ, ਮੈਂ ਚਾਹ ਬਣੌਨੀ ਆਂ ਪਹਿਲਾਂ। ਫੇਰ ਤੂੰ ਨ੍ਹਾ ਲੈ। ਐਨੇ ਨੂੰ ਰੋਟੀ ਬਣ ਜੂ। ਪਿੰਡ ਨੂੰ ਤਾਂ ਹੁਣ ਆਥਣੇ ਜਾਈ।'

ਮਾਂ ਰਸੋਈ ਵਿੱਚ ਗਈ 'ਤੇ ਉਹ ਬੈਠੇ-ਬੈਠੇ ਅਗਲੀ ਕਲਾਸ ਵਿੱਚ ਦਾਖ਼ਲ ਹੋਣ ਦੀਆਂ ਗੱਲਾਂ ਕਰਨ ਲੱਗੇ।

ਦੁਰ ਦੇ ਇੱਕ ਸ਼ਹਿਰ ਵਿੱਚ ਆਸ਼ਾ ਦੀ ਭੂਆ ਦੇ ਮੁੰਡੇ ਨਾਲ ਐਫ. ਸੀ. ਆਈ. ਵਿੱਚ ਹੇਮ ਚੰਦ ਨਾਂ ਦਾ ਇੱਕ ਮੁੰਡਾ ਇੰਸਪੈਕਟਰ ਸੀ। ਦੋਵਾਂ ਨੂੰ ਅੰਨ੍ਹੀ ਆਮਦਨ। ਪਰ ਸੀ ਹੇਮ ਚੰਦ ਗ਼ਰੀਬ ਘਰ ਦਾ ਮੁੰਡਾ। ਭੂਆ ਦੇ ਮੁੰਡੇ ਨੇ ਇੱਕ ਦਿਨ ਉਹਦੇ ਨਾਲ ਗੱਲ ਕੀਤੀ। ਉਹ ਮੰਨ ਗਿਆ। ਭੂਆ ਉਸ ਸ਼ਹਿਰ ਆਈ ਤੇ ਆਸ਼ਾ ਦੀ ਮਾਂ ਨੂੰ ਸਾਰੀ ਗੱਲ ਦੱਸੀ। ਉਹ ਕਹਿੰਦੀ, ਇਸ ਨਾਲੋਂ ਕੀ ਚੰਗਾ ਹੈ। ਨਣਦ ਦੇ ਨਾਲ ਹੀ ਉਹ ਦੂਰ ਸ਼ਹਿਰ ਨੂੰ ਚੱਲ ਪਈ। ਮੁੰਡਾ ਦੇਖਿਆ, ਘਰ-ਬਾਰ ਦੇਖਿਆ, ਗੱਲਾਂ ਕੀਤੀਆਂ, ਮੁੰਡਾ ਪਸੰਦ ਆ ਗਿਆ। ਸਵੇਰੇ ਸਾਢੇ ਪੰਜ ਵਜੇ ਦੀ ਪਹਿਲੀ ਬੱਸ ਉਹ ਗਈ ਸੀ। ਸ਼ਾਮ ਨੂੰ ਸੱਤ-ਅੱਠ ਵਜੇ ਵਾਪਸ ਆ ਗਈ।

ਆਸ਼ਾ ਨੂੰ ਦੱਸਿਆ ਤਾਂ ਉਹ ਚੁੱਪ ਦੀ ਚੁੱਪ ਰਹਿ ਗਈ। ਨਾ ਹਾਂ, ਨਾ ਨਾਂਹ।

ਉਨ੍ਹਾਂ ਦਿਨਾਂ ਵਿੱਚ ਬੀ. ਏ. ਫਾਈਨਲ ਦਾ ਇਮਤਿਹਾਨ ਹੋ ਚੁੱਕਿਆ ਸੀ। ਸ਼ੇਖਰ ਕਦੇ ਉਨ੍ਹਾਂ ਦੇ ਘਰ ਨਹੀਂ ਆਇਆ। ਆਸ਼ਾ ਉਸ ਨੂੰ ਉਡੀਕਦੀ ਰਹਿੰਦੀ। ਚਾਹੁੰਦੀ ਸੀ, ਉਹ ਸ਼ੇਖਰ ਨੂੰ ਦੱਸੇ। ਕਦੇ-ਕਦੇ ਉਹ ਢੇਰੀ ਢਾਹ ਦਿੰਦੀ ਤੇ ਸ਼ੇਖਰ ਦੇ ਆਉਣ ਦੀ ਆਸ ਮੁਕਾ ਬੈਠਦੀ। ਕੀ ਪਤਾ ਉਹਦਾ। ਪਿੰਡ ਹੋਵੇ ਜਾਂ ਨਾ। ਪਿਛਲੇ ਸਾਲ ਵਾਂਗ ਫੇਰ ਨਾ ਕਿਤੇ ਕਲਕੱਤੇ ਨੂੰ ਚਲਿਆ ਗਿਆ ਹੋਵੇ।

ਵੀਹ ਦਿਨ ਮਸਾਂ ਲੰਘੇ ਹੋਣਗੇ ਕਿ ਭੂਆ ਦਾ ਮੁੰਡਾ ਹੇਮ ਚੰਦ ਨੂੰ ਨਾਲ ਲੈ ਕੇ ਓਥੇ ਆ ਗਿਆ। ਘਰ ਬੈਠ ਕੇ ਚਾਰਾਂ ਨੇ ਚਾਹ ਪੀਤੀ ’ਤੇ ਏਧਰ-ਓਧਰ ਦੀਆਂ ਗੱਲਾਂ ਕੀਤੀਆਂ। ਹੇਮ ਚੰਦ ਨੂੰ ਕੁੜੀ ਪਸੰਦ ਆ ਗਈ।

ਆਸ਼ਾ ਦੀ ਫੇਰ ਵੀ ਨਾ ਹਾਂ ਨਾ ਨਾਂਹ।

ਬੀ. ਏ. ਦਾ ਨਤੀਜਾ ਨਿੱਕਲਣ ਤੋਂ ਪਹਿਲਾਂ ਹੀ ਵਿਆਹ ਧਰ ਦਿੱਤਾ ਗਿਆ। ਦੋਵੇਂ ਪਾਸੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ। ਬਾਰਾਂ ਦਿਨ ਬਾਕੀ ਸਨ ਕਿ ਬੀ.ਏ. ਦਾ ਨਤੀਜਾ ਨਿੱਕਲ ਗਿਆ। ਆਸ਼ਾ ਤੇ ਸ਼ੇਖਰ ਦੋਵੇਂ ਪਹਿਲਾਂ ਵਾਂਗ ਹੀ ਵਧੀਆ ਨੰਬਰ ਲੈ ਕੇ ਪਾਸ ਹੋਏ। ਸੱਚੀ ਗੱਲ ਸੀ, ਪਹਿਲਾਂ ਵਾਂਗ ਹੀ ਉਹ ਕਲਕੱਤੇ ਨੂੰ ਬਿਨਾਂ ਦੱਸੇ ਚਲਿਆ ਗਿਆ ਸੀ। ਪਹਿਲਾਂ ਵਾਂਗ ਹੀ ਲੱਡੂਆਂ ਦਾ ਲਿਫ਼ਾਫ਼ਾ ਲੈ ਕੇ ਘਰ ਆਇਆ।

ਨਹੀਂ

89