ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉੱਤੇ ਸਿੱਧੀ ਪਾ ਦਿੱਤਾ ਗਿਆ। ਕੋਈ ਜਣਾ ਭੱਜ ਕੇ ਕਿਸੇ ਡਾਕਟਰ ਤੋਂ ਦਵਾਈ ਲੈ ਕੇ ਆਇਆ। ਦਵਾਈ ਉਹਨੂੰ ਪਿਆਈ ਗਈ। ਉਹਨੂੰ ਸੁਰਤ ਤਾਂ ਸੀ ਪਰ ਉਹ ਸ਼ਰਮ ਦੀ ਮਾਰੀ ਆਪਣੇ ਸਾਹਾਂ ਨੂੰ ਵੀ ਘੁੱਟ-ਘੁੱਟ ਰੱਖਦੀ। ਉਹ ਕਿੰਨੀ ਨਮੋਸ਼ੀ ਮੰਨ ਗਈ ਸੀ।

ਹੇਮ ਚੰਦ ਮੁੜ ਕੇ ਉਹਦੇ ਕਮਰੇ ਵਿੱਚ ਨਹੀਂ ਆਇਆ। ਉਹਦੀਆਂ ਦੋਵੇਂ ਭੈਣਾਂ ਹੀ ਉਸ ਰਾਤ ਆਸ਼ਾ ਕੋਲ ਸੁੱਤੀਆਂ। ਉਹ ਸਾਰੀ ਅਹਿਲ ਪਈ ਰਹੀ। ਨਾ ਕੁਝ ਬੋਲੀ। ਨਾ ਉੱਠੀ-ਬੈਠੀ।

ਸਾਰੇ ਰਿਸ਼ਤੇਦਾਰ, ਸਭ ਕੁੜੀਆਂ-ਕੱਤਰੀਆਂ ਦੋ-ਦੋ, ਚਾਰ ਚਾਰ ਦਿਨ ਲਾ ਕੇ ਆਪੋ ਆਪਣੇ ਘਰ ਨੂੰ ਚਲੀਆਂ ਗਈਆਂ। ਵੱਡੀ ਭਰਜਾਈ ਨੇ ਇੱਕ ਦਿਨ ਹੇਮ ਚੰਦ ਨੂੰ ਆਖਿਆ ਕਿ ਉਹ ਅੱਜ ਰਾਤ ਆਸ਼ਾ ਕੋਲ ਮੰਜਾ ਡਾਹ ਕੇ ਪਵੇ।

ਸੁਹਾਗ-ਰਾਤ ਤੋਂ ਦੂਜੀ ਰਾਤ ਹੇਮ ਚੰਦ ਘਰ ਨਹੀਂ ਆਇਆ ਸੀ। ਜਿੱਥੇ ਉਹਦੀ ਪੋਸਟਿੰਗ ਸੀ, ਓਥੇ ਨੂੰ ਸਕੂਟਰ ਲੈ ਕੇ ਚਲਿਆ ਗਿਆ। ਉਹਨੇ ਪਹਿਲਾਂ ਸ਼ਰਾਬ ਕਦੇ ਨਹੀਂ ਪੀਤੀ ਸੀ। ਪੋਸਟਿੰਗ ਵਾਲੇ ਸ਼ਹਿਰ ਜਾ ਕੇ ਉਸ ਰਾਤ ਨੂੰ ਉਹਨੇ ਪਹਿਲੀ ਵਾਰ ਸ਼ਰਾਬ ਪੀਤੀ ਤੇ ਰੱਜ ਕੇ ਰੋਇਆ। ਉਹਦੇ ਸਾਥੀ ਸਾਰੀ ਰਾਤ ਉਹਨੂੰ ਪੁੱਛਦੇ ਰਹੇ, ਪਰ ਉਹਨੇ ਕੁਝ ਨਹੀਂ ਦੱਸਿਆ। ਰੋਂਦਾ ਰਿਹਾ ਤੇ ਮਨ-ਆਈਆਂ ਊਲ-ਜਲੂਲ ਗੱਲਾਂ ਬੋਲੀ ਗਿਆ।

ਇੱਕ ਹਫ਼ਤੇ ਬਾਅਦ ਉਹ ਘਰ ਆਇਆ। ਉਹ ਵੀ ਤਦ ਜੇ ਉਹਦਾ ਵੱਡਾ ਭਾਈ ਉਹਨੂੰ ਲੈ ਕੇ ਆਇਆ। ਹਫ਼ਤਾ ਭਰ ਉਹ ਹਰ ਰੋਜ਼ ਸ਼ਰਾਬ ਪੀਂਦਾ ਰਿਹਾ ਸੀ। ਡਿਊਟੀ ਉੱਤੇ ਵੀ ਕਿਸੇ-ਕਿਸੇ ਦਿਨ ਨਹੀਂ ਗਿਆ ਸੀ।

ਵੱਡੀ ਭਰਜਾਈ ਦੇ ਕਹਿਣ ਉੱਤੇ ਉਹ ਮੰਨ ਗਿਆ। ਉਸ ਦਿਨ ਉਸ ਨੇ ਸ਼ਰਾਬ ਨਹੀਂ ਪੀਤੀ ਸੀ। ਪਰ ਜਿਉਂ ਹੀ ਉਹ ਅੰਦਰ ਕਮਰੇ ਵਿੱਚ ਗਿਆ। ਆਸ਼ਾ ਚੀਕ ਮਾਰ ਕੇ ਮੰਜੇ ਤੋਂ ਥੱਲੇ ਡਿੱਗ ਪਈ। ਕੰਬੀ ਜਾਵੇ ਤੇ ਰੋਈ ਜਾਵੇ। ਹੇਮ ਚੰਦ ਓਸੇ ਵੇਲੇ ਘਰੋਂ ਬਾਹਰ ਹੋ ਗਿਆ। ਆਸ਼ਾ ਨੂੰ ਵੱਡੀ ਭਰਜਾਈ ਨੇ ਸੰਭਾਲਿਆ।

ਅੱਧੀ ਰਾਤ ਹੇਮ ਚੰਦ ਘਰ ਆਇਆ। ਸ਼ਰਾਬ ਦੇ ਨਸ਼ੇ ਵਿੱਚ ਉਹਨੂੰ ਕੋਈ ਹੋਸ਼ ਨਹੀਂ ਸੀ। ਆਇਆ, ਬੂਟ ਲਾਹ ਕੇ ਸਣੇ ਪੈਂਟ-ਬੁਰਸ਼ਟ ਵਿਹੜੇ ਵਿੱਚ ਅਣਵਿਛੇ ਮੰਜੇ ਉੱਤੇ ਲੇਟ ਗਿਆ ਤੇ ਸੌਂ ਗਿਆ। ਰੋਟੀ ਪਤਾ ਨਹੀਂ ਖਾਧੀ ਸੀ ਜਾਂ ਨਹੀਂ।

ਵੱਡੀ ਭਰਜਾਈ ਆਸ਼ਾ ਕੋਲ ਅੰਦਰ ਕਮਰੇ ਵਿੱਚ ਜਾ ਸੁੱਤੀ।

ਦੂਜੇ ਦਿਨ ਹੇਮ ਚੰਦ ਡਿਊਟੀ ਉੱਤੇ ਨਹੀਂ ਗਿਆ। ਅੱਠ ਵਜੇ ਤੱਕ ਸੁੱਤਾ ਹੀ ਪਿਆ ਰਿਹਾ। ਫੇਰ ਉੱਠਿਆ, ਬੁਰਸ਼ ਕੀਤਾ, ਚਾਹ ਪੀਤੀ ਤੇ ਲੈਟਰਿਨ ਜਾ ਕੇ ਬਾਥਰੂਮ ਵਿੱਚ ਨਹਾਉਣ ਬੈਠ ਗਿਆ। ਅੱਧਾ ਘੰਟਾ ਨਹਾਉਂਦਾ ਹੀ ਰਿਹਾ।

ਬਣ ਸੰਵਰ ਕੇ ਤੇ ਨਵੇਂ ਕੱਪੜੇ ਪਾ ਕੇ ਉਹ ਸ਼ਹਿਰ ਵਿੱਚ ਘੁੰਮਣ-ਫਿਰਨ, ਤੁਰ ਪਿਆ। ਸ਼ਰਾਬ ਨਹੀਂ ਪੀਤੀ। ਦੁਪਹਿਰ ਦੀ ਰੋਟੀ ਸਾਰੇ ਟੱਬਰ ਵਿੱਚ ਬੈਠ ਕੇ ਖਾਧੀ। ਆਸ਼ਾ ਨੇ ਵੀ। ਤੇ ਫੇਰ ਸਭ ਖਾਣੇ ਦੇ ਮੇਜ਼ ਤੋਂ ਉੱਠ ਕੇ ਚਲੇ ਗਏ। ਜਿਵੇ ਜਾਣ-ਬੁਝ ਕੇ ਹੀ ਦੂਰ ਹੋ ਗਏ ਹੋਣ। ਆਸ਼ਾ ਚੁੱਪ ਕੀਤੀ ਨੀਵੀਂ ਪਾ ਕੇ ਕੁਰਸੀ ਉੱਤੇ ਬੈਠੀ ਹੋਈ ਸੀ। ਏਧਰ-ਓਧਰ ਝਾਕ ਕੇ ਤੇ ਉਹਨੂੰ ਇਕੱਲੀ ਬੈਠੀ ਦੇਖ ਕੇ ਹੇਮ ਚੰਦ ਨੇ ਉਹਦੀ ਠੋਡੀ

ਨਹੀਂ

91