ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/93

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕਮਰੇ ਵਿੱਚ ਗਈ। ਆਸ਼ਾ ਦਾ ਓਹੀ ਹਾਲ। ਉਹਨੂੰ ਲੱਗਿਆ ਜਿਵੇਂ ਹੇਮ ਚੰਦ ਵੀ ਖੜ੍ਹਾ ਖੜ੍ਹਾ ਡਿੱਗ ਪਵੇਗਾ।

ਹੇਮ ਚੰਦ ਬਾਹਰ ਵਿਹੜੇ ਵਿੱਚ ਆਇਆ ਤੇ ਹੁੱਬਕੀਂ-ਹੁੱਬਕੀ ਰੋਣ ਲੱਗਿਆ।

ਭਰਜਾਈ ਨੇ ਆਸ਼ਾ ਨੂੰ ਹੋਸ਼ ਵਿੱਚ ਲਿਆਂਦਾ ਤੇ ਉਹਦੇ ਕੋਲ ਹੀ ਦੂਜੇ ਮੰਜੇ ਉੱਤੇ ਪੈ ਗਈ।

ਹੇਮ ਚੰਦ ਘਰੋਂ ਬਾਹਰ ਹੋ ਗਿਆ। ਭਾਈ ਨੇ ਪਿਛੋਂ ਹਾਕ ਮਾਰੀ ਤਾਂ ਉਹ ਬਣਾ-ਸੰਵਾਰ ਕੇ ਕਹਿੰਦਾ-'ਨਹੀਂ ਵੀਰ, ਮੈਂ ਜਾਂਦਾ ਨ੍ਹੀਂ ਕਿਧਰੇ। ਹੁਣੇ ਆ ਜਾਨਾਂ।'

ਵਿਸਕੀ ਦੀ ਬੋਤਲ ਵਿੱਚ ਪਊਆ ਬੱਚਦੀ ਸ਼ਰਾਬ ਉਹਨੇ ਸਕੂਟਰ ਦੀ ਟੋਕਰੀ ਵਿੱਚ ਰੱਖ ਕੇ ਕਿੱਕ ਮਾਰਕੇ ਸਕੂਟਰ ਨੂੰ ਸਟਾਰਟ ਕਰ ਲਿਆ। ਵੱਡੇ ਭਾਈ ਨੇ ਲੱਖ ਜਤਨ ਕੀਤਾ, ਪਰ ਉਹ ਠਹਿਰਿਆ ਨਹੀਂ। ਬੱਸ ਇਹੀ ਕਹਿੰਦਾ ਰਿਹਾ-'ਨਹੀਂ ਵੀਰ, ਮੈਂ ਕਿਧਰੇ ਨ੍ਹੀਂ ਜਾਂਦਾ, ਹੁਣੇ ਆ ਜਾਨਾਂ।'

ਸ਼ਹਿਰੋਂ ਬਾਹਰ ਉਹ ਵੱਡੀ ਸੜਕ ਪਿਆ ਹੀ ਸੀ ਕਿ ਇੱਕ ਲੋਹੇ ਦੇ ਭਰੇ ਟਰੱਕ ਨਾਲ ਉਹਦੀ ਟੱਕਰ ਹੋ ਗਈ। ਹਨੇਰੀ ਰਾਤ ਸੀ। ਕਿਸੇ ਨੂੰ ਪਤਾ ਲੱਗਦਾ। ਕਿਸੇ ਨੂੰ ਕੌਣ ਪਛਾਣਦਾ ਹੈ ਤੇ ਫੇਰ ਕੌਣ ਕਿਸੇ ਨੂੰ ਚੁੱਕਦਾ ਹੈ, ਸੰਭਾਲਦਾ ਹੈ। ਦੂਜੇ ਦਿਨ ਦੁਪਹਿਰੇ ਜਾ ਕੇ ਉਨ੍ਹਾਂ ਦੇ ਘਰ ਖ਼ਬਰ ਹੋਈ। ਭਰਾ-ਭਰਜਾਈ ਨੰਗੇ ਪੈਰੀਂ ਉੱਠ ਭੱਜੇ।

ਪੋਸਟ ਮਾਰਟਮ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਹੇਮ ਚੰਦ ਦੀ ਲਾਸ਼ ਦਿੱਤੀ ਤਾਂ ਵੱਡਾ ਭਾਈ ਉਹਨੂੰ ਇੱਕ ਟੈਂਪੂ-ਗੱਡੀ ਵਿੱਚ ਪਾ ਕੇ ਘਰ ਲੈ ਆਇਆ। ਸਮਾਜਿਕ ਰਸਮ-ਰਿਵਾਜ ਨਿਭਾਏ ਤੇ ਫਿਰ ਆਂਢੀਆਂ-ਗੁਆਂਢੀਆਂ ਤੇ ਉਸ ਸ਼ਹਿਰ ਵਿੱਚ ਵੱਸਦੇ ਸਕੇ-ਸੰਬੰਧੀਆਂ ਨੇ ਉਹਨੂੰ ਰਾਮ ਬਾਗ ਵਿੱਚ ਲਿਜਾ ਕੇ ਫੂਕ ਦਿੱਤਾ।

ਭਰਾ-ਭਰਜਾਈ ਹੈਰਾਨ ਇਸ ਗੱਲ ਉੱਤੇ ਸਨ ਕਿ ਆਸ਼ਾ ਨੂੰ ਹੁਣ ਦੰਦਲਾਂ ਕਾਹਦੀਆਂ ਪੈ ਰਹੀਆਂ ਹਨ? ਵੱਡੇ ਭਾਈ ਨੂੰ ਉਹ ਜ਼ਹਿਰ ਲੱਗਦੀ। ਉਹਨੇ ਇਸ ਘਰ ਵਿੱਚ ਪੈਰ ਧਰਿਆ ਤਾਂ ਉਹਦੇ ਸੋਨੇ ਵਰਗਾ ਭਰਾ ਅਣਆਈ ਮੌਤ ਦੇ ਰਾਹ ਤੁਰ ਪਿਆ।

ਖ਼ਬਰ ਸੁਣ ਕੇ ਜਦੋਂ ਭਰਾ-ਭਰਜਾਈ ਹਸਪਤਾਲ ਨੂੰ ਭੱਜ ਉੱਠੇ ਤਾਂ ਉਧਰ ਆਸ਼ਾ ਨੂੰ ਦੰਦਲ ਪੈ ਗਈ। ਜੁਆਕਾਂ ਨੇ ਦੰਦਲ ਭੰਨਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਦੰਦਲ ਤਾਂ ਟੁੱਟਦੀ ਨਹੀਂ ਸੀ ਤੇ ਫੇਰ ਗੁਆਂਢੀ ਬੁੜ੍ਹੀਆਂ ਆ ਗਈਆਂ। ਉਹਦੀ ਦੰਦਲ ਭੰਨੀ। ਘੰਟਾ-ਅੱਧਾ ਘੰਟਾ ਉਹ ਸੁਰਤ ਵਿੱਚ ਰਹਿੰਦੀ। ਫੇਰ ਅੱਖਾਂ ਚੜ੍ਹਾਂ ਜਾਂਦੀ। ਲਾਸ਼ ਘਰ ਆਉਣ ਤੱਕ ਗੁਆਂਢੀ ਬੁੜ੍ਹੀਆਂ ਹੀ ਉਹਨੂੰ ਸੰਭਾਲਦੀਆਂ ਰਹੀਆਂ।

ਤੇ ਫੇਰ ਭੋਗ ਵਾਲੇ ਦਿਨ ਤੱਕ ਵੀ ਹਰ ਰੋਜ਼ ਹੀ ਇੱਕ ਵਾਰੀ ਜਾਂ ਦੋ ਵਾਰੀ ਆਸ਼ਾ ਬੇਹੋਸ਼ ਹੋ ਜਾਂਦੀ। ਹਰ ਕੋਈ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਪਰ ਆਸ਼ਾ ਦਾ ਦਿਲ ਖੜ੍ਹਦਾ ਨਹੀਂ ਸੀ। ਉਹਦੀ ਮਾਂ ਆਈ ਤਾਂ ਘਰ ਨੂੰ ਜਿੰਦਾ ਲਾ ਕੇ ਆਈ। ਭੋਗ ਤੱਕ ਉਹਦੇ ਕੋਲ ਰਹੀ। ਉਹਨੂੰ ਸੰਭਾਲਦੀ ਰਹੀ, ਉਹਨੂੰ ਅਜਿਹੀ ਹਾਲਤ ਵਿੱਚ ਛੱਡ ਕੇ ਉਹ ਕਿਉਂ ਜਾਂਦੀ।

ਭੋਗ ਤੋਂ ਬਾਅਦ ਉਹ ਆਸ਼ਾ ਨੂੰ ਆਪਣੇ ਨਾਲ ਲੈ ਆਈ। ਦੋ ਦਿਨ ਆਪਣੇ ਕੋਲ ਰੱਖਿਆ। ਦੋਵੇਂ ਦਿਨ ਆਸ਼ਾ ਨੂੰ ਦੰਦਲ ਨਹੀਂ ਪਈ। ਪਰ ਉਹ ਗੁੰਮ-ਸੁੰਮ ਜਿਹੀ ਜ਼ਰੂਰ

ਨਹੀਂ
93