ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੁੱਲ

ਚਮੜੇ ਦੇ ਨਿੱਕੇ ਬੈਗ ਨੂੰ ਬੜੇ ਧਿਆਨ ਨਾਲ ਉਹਨੇ ਆਪਣੇ ਪੱਟਾਂ ਉੱਤੇ ਰੱਖਿਆ ਹੋਇਆ ਸੀ। ਬੈਗ ਦੀ ਬੱਧਰੀ ਪੌਂਚੇ ਵਿੱਚ ਪਾ ਕੇ ਹੱਥ ਨਾਲ ਉਹਨੂੰ ਘੁੱਟ ਕੇ ਫੜ ਲਿਆ ਸੀ। ਬੱਸ ਸਵਾਰੀਆਂ ਨਾਲ ਤੂੜੀ ਦੇ ਕੋਠੇ ਵਾਂਗ ਭਰੀ ਹੋਈ ਸੀ। ਆਖ਼ਰੀ ਬੱਸ ਸੀ। ਸੀਟਾਂ ਵਿਚਕਾਰ ਬੰਦੇ ਇੱਕ ਦੂਜੇ ਉੱਤੇ ਚੜ੍ਹੇ ਹੋਏ ਖੜ੍ਹੇ ਸਨ। ਹਰ ਕੋਈ ਦੂਜੇ ਨੂੰ ਦੋਸ਼ ਦੇ ਰਿਹਾ ਸੀ। ਕੋਈ ਉੱਚਾ ਬੋਲਦਾ ਤਾਂ ਤੀਜੀ ਥਾਂ ਖੜ੍ਹਾ ਬੰਦਾ ਠੰਢਾ ਛਿੜਕਦਾ-'ਓਏ ਖੜ੍ਹਾ ਰਹਿ ਭਾਈ, ਏਵੇਂ ਜਿਵੇਂ ਨਰਬਾਹ ਈ ਕਰ ਲੈਣੇ ਨਾ।' ਇੱਕ ਲੱਤ ਦੇ ਭਾਰ ਕੋਈ ਬਹੁਤ ਤੰਗ ਖੜ੍ਹਾ ਬੁੜ੍ਹਕ ਪੈਂਦਾ- 'ਤੂੰ ਕੀ ਡੂਢਾ ਦਿੱਤਾ ਵਿਐ।' ਅੰਦਰ ਭਾਵੇਂ ਤਿਲ ਸੁੱਟਣ ਲਈ ਥਾਂ ਨਹੀਂ ਸੀ, ਫੇਰ ਵੀ ਹੋਰ ਸਵਾਰੀਆਂ ਚੜ੍ਹਦੀਆਂ ਆ ਰਹੀਆਂ ਸਨ। ਬੱਸ ਚੱਲਣ ਵਿੱਚ ਅਜੇ ਦਸ ਮਿੰਟ ਬਾਕੀ ਸਨ। ਦਸ ਮਿੰਟ ਦਸ ਘੰਟਿਆਂ ਵਰਗੇ। ਸ਼ੁਕਰ ਸੀ ਕਿ ਉਹ ਅੱਡੇ ਵਿੱਚ ਬੱਸ ਦੇ ਆਉਂਦਿਆਂ ਹੀ ਡਰਾਈਵਰ ਵਾਲੀ ਬਾਰੀ ਵਿੱਚ ਦੀ ਧੁੱਸ ਦੇ ਕੇ ਚੜ੍ਹ ਆਇਆ ਤੇ ਇਹ ਸੀਟ ਲੈ ਲਈ, ਨਹੀਂ ਤਾਂ ਉਹਨੂੰ ਵੀ ਦੂਜਿਆ ਵਾਂਗ ਖੜ੍ਹਨਾ ਪੈਂਦਾ ਤੇ ਵੱਖੀਆਂ ਭੰਨਾਉਣੀਆਂ ਪੈਂਦੀਆਂ। ਉਹਦਾ ਧਿਆਨ ਭੀੜ ਵੱਲੋਂ ਹਟ ਕੇ ਝੱਟ ਪੱਟਾਂ ਵਿਚਕਾਰ ਰੱਖੇ ਆਪਣੇ ਨਿੱਕੇ ਬੈਗ ਉੱਤੇ ਆ ਟਿਕਦਾ ਤੇ ਉਹ ਬੈਗ ਦੀ ਬੱਧਰੀ ਨੂੰ ਘੁੱਟ ਕੇ ਫੜ ਲੈਂਦਾ। ਉਹ ਖਿੜਕੀ ਵਿੱਚ ਦੀ ਬਾਹਰ ਖੜ੍ਹੇ ਲੋਕਾਂ ਨੂੰ ਦੇਖਣ ਲੱਗਦਾ ਤਾਂ ਦੋ ਬੰਦੇ ਉਹਨੂੰ ਲਗਾਤਾਰ ਘੂਰ ਘੂਰ ਤਾੜ ਰਹੇ ਹੁੰਦੇ। ਉਹ ਸੋਚਦਾ, ਉਹ ਕਿਉਂ ਝਾਕ ਰਹੇ ਹਨ ਇਸ ਤਰ੍ਹਾਂ ਉਹਦੇ ਵੱਲ? ਉਹ ਤਾਂ ਉਨ੍ਹਾਂ ਨੂੰ ਜਾਣਦਾ ਹੀ ਨਹੀਂ। ਉਹਨੇ ਤਾਂ ਉਹਨਾਂ ਨੂੰ ਪਹਿਲਾਂ ਕਦੇ ਦੇਖਿਆ ਹੀ ਨਹੀਂ। ਤੇ ਫੇਰ ਇੱਕ ਦਮ ਉਸ ਨੂੰ ਯਾਦ ਆਇਆ ਕਿ ਜਦ ਉਹ 'ਜਨਤਾ ਟਰੈਕਟਰਜ਼' ਵਾਲਿਆਂ ਦੇ ਦਫ਼ਤਰ ਵਿੱਚ ਬੈਠਾ ਸੀ ਤਾਂ ਉਹ ਉਥੇ ਆਏ ਸਨ। ਉਨ੍ਹਾਂ ਨੇ ਮਾਲਕ ਨਾਲ ਨਵਾਂ ਟਰੈਕਟਰ ਖਰੀਦਣ ਬਾਰੇ ਗੱਲਾਂ ਕੀਤੀਆਂ ਸਨ। ਮਾਲਕ ਨੇ ਦੱਸਿਆ ਸੀ ਕਿ ਚਾਰ ਟਰੈਕਟਰ ਅੱਜ ਆਉਣ ਵਾਲੇ ਹਨ। ਜਿਨ੍ਹਾਂ ਨੇ ਬਿਆਨਾ ਫੜਾਇਆ ਹੋਇਆ ਹੈ, ਉਹ ਚਾਰੇ ਟਰੈਕਟਰ ਉਨ੍ਹਾਂ ਨੂੰ ਹੀ ਦਿੱਤੇ ਜਾਣਗੇ। ਉਹ ਆਪਣਾ ਬਿਆਨਾ ਅੱਜ ਫੜਾ ਜਾਣ ਤਾਂ ਅਗਲੀ ਵਾਰੀ ਨੂੰ ਉਨ੍ਹਾਂ ਨੂੰ ਟਰੈਕਟਰ ਮਿਲ ਜਾਵੇਗਾ। ਮਾਲਕ ਨੇ ਉਹਦੇ ਵੱਲ ਇਸ਼ਾਰਾ ਕਰਕੇ ਤੇ ਜ਼ਰਾ ਮੁਸਕਰਾ ਕੇ ਦੱਸਿਆ-'ਇਹ ਦੇਖੋ, ਕਾਕਾ ਜੀ ਰਕਮ ਵੀ ਲਈ ਬੈਠੇ ਨੇ ਤੇ ਟਰੈਕਟਰ ਉਡੀਕ ਰਹੇ ਨੇ। ਪਰ ਟਰੈਕਟਰ ਚੱਲੇ ਹੋਏ ਤਾਂ ਸਵੇਰ ਦੇ ਨੇ। ਪਹੁੰਚੇ ਈ ਨ੍ਹੀਂ। ਪਤਾ ਨ੍ਹੀਂ ਰਸਤੇ 'ਚ ਕੀ ਹੋ ਗਿਆ। ਕਿਤੇ ਕੋਈ ਐਕਸੀਡੈਂਟ ਈ ਨਾ ਹੋ ਗਿਆ ਹੋਵੇ।' ਰਕਮ ਦਾ

96

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ