ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਉਂ ਲੈਣ 'ਤੇ ਉਹ ਦੋਵੇਂ ਉਹਦੇ ਵੱਲ ਇੱਕ ਬਿੰਦ ਗਹੁ ਨਾਲ ਝਾਕੇ। ਸਿਰ ਜਿਹਾ ਹਿਲਾਇਆ। ਬੋਲੇ ਕੁਝ ਨਹੀਂ। ਉਸ ਵੇਲੇ ਉਹ ਉਥੋਂ ਉੱਠ ਖੜ੍ਹੇ। ਤੇ ਚਲੇ ਗਏ। ਹਾਂ, ਇਹ ਉਹੀ ਸਨ। ਪਰ ਇਹ ਉਹਦੇ ਵੱਲ ਇੰਜ ਸ਼ੱਕ ਭਰੀਆਂ ਨਿਗਾਹਾਂ ਨਾਲ ਕਿਉਂ ਦੇਖ ਰਹੇ ਹਨ? ਇਨ੍ਹਾਂ ਦੀਆਂ ਅੱਖਾਂ ਵਿੱਚ ਭੇਤ ਜਿਹਾ ਕਿਉਂ ਹੈ? ਉਹ ਸਮਝ ਨਾ ਸਕਿਆ।

ਦਸ ਮਿੰਟ ਲੰਘੇ ਤਾਂ ਲੋਕਾਂ ਵਿੱਚ ਗੱਲਾਂ ਹੋਣ ਲੱਗੀਆਂ- 'ਟੈਮ ਤਾਂ ਭਾਈ ਹੋ ਗਿਆ, ਤੋਰੋ ਹੁਣ।'

ਕੋਈ ਕਹਿ ਰਿਹਾ ਸੀ, 'ਦਾਰੂ ਦੂਰੂ ਪੀ ਕੇ ਚੱਲਣਗੇ। ਨਸ਼ਾ-ਪਾਣੀ ਕਰਕੇ। ਇਉਂ ਕਿਵੇਂ ਪੈਰ ਪਟਦੇ ਨੇ ਏਹੇ।'

ਕੋਈ ਹੋਰ ਉੱਚੀ ਆਵਾਜ਼ ਵਿੱਚ ਬੋਲਿਆ-'ਆਖ਼ਰੀ ਬੱਸ ਐ, ਜਿੰਨੀ ਮਰਜ਼ੀ ਭਰ ਲੈਣ, ਇਨ੍ਹਾਂ ਦੇ ਫੈਦੇ 'ਚ ਈ ਐ। ਕਿਹੜਾ ਟਿਕਟ ਕੱਟਣੈ ਕਿਸੇ ਦਾ। ਪੈਸੇ ਫੜ ਫੜ ਝੋਲੇ 'ਚ ਸਿੱਟੀ ਜਾਣਗੇ। ਮਾਲਕਾਂ ਨੂੰ ਕੁਸ ਨੀ ਸਮਝਦੇ ਏਹੇ।'

'ਪਰ ਤੋਰਨ ਤਾਂ ਸਹੀ। ਆਪਾਂ ਨੂੰ ਕੀ, ਟਿਕਟ ਕੱਟਣ ਨਾ ਕੱਟਣ।' ਇੱਕ ਬਜ਼ੁਰਗ ਹੌਲੀ ਦੇ ਕੇ ਬੋਲਿਆ।

ਇੱਕ ਤੀਵੀਂ ਨੇ ਕੋਲ ਦੀ ਲੰਘੇ ਜਾਂਦੇ ਡਰਾਈਵਰ ਨੂੰ ਬੋਲ ਮਾਰਿਆ- ਵੇ ਭਾਈ, ਹੱਕ ਲੈ ਹੁਣ ਮਾਂ ਮੇਰੀ ਨੂੰ। ਜਵਾਕ ਤਾਂ ਅੱਕਲਕਾਣ ਹੋਇਆ ਪਿਐ ਮੇਰਾ। ਤੋਰੇਂਗਾ ਤਾਂ ਚੁੱਪ ਕਰੂ।'

ਐਨੇ ਨੂੰ ਕੰਡਕਟਰ ਨੇ ਸੀਟੀ ਵਜਾਈ। ਡਰਾਈਵਰ ਸਟੇਅਰਿੰਗ ਉੱਤੇ ਆ ਬੈਠਾ। ਉਹਨੇ ਦੇਖਿਆ, ਬਾਹਰ ਖੜ੍ਹੇ ਦੋਵੇਂ ਬੰਦੇ ਪਿਛਲੀ ਬਾਰੀ ਵੱਲ ਅਹੁਲੇ ਤੇ ਚਲਦੀ ਬੱਸ ਨਾਲ ਲਟਕ ਗਏ।

ਪਹਿਲੇ ਅੱਡੇ ਉੱਤੇ ਬੱਸ ਰੁਕੀ ਤਾਂ ਉਥੇ ਚੌਦਾਂ ਪੰਦਰਾਂ ਸਵਾਰੀਆਂ ਉੱਤਰ ਗਈਆਂ। ਖੜ੍ਹੇ ਬੰਦਿਆਂ ਨੂੰ ਸਾਹ ਜਿਹਾ ਆ ਗਿਆ। ਉਹ ਦੋਵੇਂ ਬੰਦੇ ਰਾਹ ਜਿਹਾ ਬਣਾਉਂਦੇ ਉਹਦੀ ਸੀਟ ਕੋਲ ਆ ਖੜ੍ਹੇ। ਉਹਨੇ ਦੇਖਿਆ, ਉਹ ਬਿੰਦੇ-ਝੱਟੇ ਉਹਦੇ ਬੈਗ ਵੱਲ ਕਣੱਪਾ ਜਿਹਾ ਝਾਕ ਜਾਂਦੇ।

ਕੰਡਕਟਰ ਨੇ ਸਭ ਦੇ ਟਿਕਟ ਕੱਟੇ। ਦੂਰ ਦੀਆਂ ਸਵਾਰੀਆਂ ਦੇ ਉਹ ਹੁਣ ਟਿਕਟ ਕੱਟ ਰਿਹਾ ਸੀ। ਉਹਨੇ ਆਪਣਾ ਟਿਕਟ ਖਾਨਪੁਰ ਦਾ ਕਟਵਾਇਆ ਤਾਂ ਉਹਦੇ ਸਿਰ ਉੱਤੇ ਖੜ੍ਹੇ ਦੋਵੇਂ ਬੰਦੇ ਪਿਛਾਂਹ ਹਟ ਗਏ ਤੇ ਦੂਜੀਆਂ ਸਵਾਰੀਆਂ ਵਿੱਚ ਥਾਂ ਬਣਾ ਕੇ ਬੈਠ ਗਏ। ਉਹਨੇ ਪਿਛਾਂਹ ਮੁੜ ਕੇ ਦੇਖਿਆ, ਉਨ੍ਹਾਂ ਨੇ ਵੀ ਖਾਨਪੁਰ ਦੇ ਟਿਕਟ ਹੀ ਕਟਵਾਏ ਸਨ। ਉਹਨੇ ਇਹ ਵੀ ਦੇਖਿਆ, ਖਾਨਪੁਰ ਦੀ ਹੋਰ ਸਵਾਰੀ ਕੋਈ ਨਹੀਂ ਸੀ। ਹੁੰਦੀ ਤਾਂ ਖਾਨਪੁਰ ਦਾ ਨਾਉਂ ਲੈ ਕੇ ਟਿਕਟ ਨਾ ਕਟਵਾਉਂਦਾ।

ਖਾਨਪੁਰ ਦੇ ਬੱਸ-ਅੱਡੇ ਤੋਂ ਖਾਨਪੁਰ ਅੱਧੀ ਮੀਲ ਉੱਤੇ ਸੀ। ਜਦੋਂ ਨੂੰ ਬੱਸ ਉਥੇ ਪਹੁੰਚਣੀ ਸੀ, ਕਾਫ਼ੀ ਹਨੇਰਾ ਹੋ ਜਾਣਾ ਸੀ। ਉਹਦੇ ਬੈਗ ਵਿੱਚ ਸੱਠ ਹਜ਼ਾਰ ਰੁਪਏ ਦੇ ਨੋਟ ਸਨ। ਅੱਧ ਮੀਲ ਵਿੱਚ ਤਾਂ ਭਾਵੇਂ ਉਹਨੂੰ ਕੋਈ ਟੁਕੜੇ ਕਰ ਕੇ ਸੁੱਟ ਜਾਵੇ। ਕੌਣ ਪੁੱਛੇਗਾ ਫੇਰ? ਉਹਦੇ ਮਨ ਵਿੱਚ ਇਹ ਗੱਲ ਪੱਕੀ ਬੈਠ ਗਈ ਕਿ ਉਹ ਦੋਵੇਂ ਬੰਦੇ ਉਹਦੇ ਮਗਰ ਲੱਗੇ ਹੋਏ ਹਨ। ਖਾਨਪੁਰ ਦੇ ਰਾਹ ਵਿੱਚ ਉਹ ਉਹਨੂੰ ਛੱਡਣਗੇ ਨਹੀਂ।

ਮੁੱਲ

97