ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ 'ਜਨਤਾ ਟਰੈਕਟਰਜ਼' ਦੇ ਮਾਲਕ ਨੂੰ ਮਨ ਵਿੱਚ ਗਾਲ੍ਹਾਂ ਕੱਢਣ ਲੱਗਦਾ- ਕੰਜਰ ਦੇ ਕਰਿਆੜ ਨੇ ਚੰਗੀ ਕੀਤੀ ਮੇਰੇ ਨਾਲ? ਬੰਦਾ ਭੇਜ ਕੇ ਰਕਮ ਕਾਹਨੂੰ ਮੰਗਵੌਣੀ ਸੀ। ਟਰੈਕਟਰ ਤਾਂ ਆਏ ਨ੍ਹੀ, ਬੰਦਾ ਪਹਿਲਾਂ ਈ ਡੱਕਰ ਤਾ ਕੁੱਤੀ ਜਾਤ ਨੇ।'

ਟਰੈਕਟਰ ਡੀਲਰ ਦਾ ਵੀ ਕਸੂਰ ਨਹੀਂ ਸੀ। ਫੋਨ ਆਇਆ ਸੀ। ਟਰੈਕਟਰ ਸਵੇਰ ਦੇ ਚੱਲੇ ਹੋਏ ਸਨ, ਦੁਪਹਿਰ ਤੱਕ ਉਨ੍ਹਾਂ ਨੇ ਪਹੁੰਚ ਜਾਣਾ ਸੀ। ਏਸੇ ਕਰਕੇ ਤਾਂ ਉਹਨੇ ਚਾਰੇ ਥਾਈਂ ਬੰਦਾ ਭੇਜਿਆ ਸੀ ਕਿ ਰਕਮ ਲੈ ਆਓ ਤੇ ਆਪਣੇ ਆਪਣੇ ਟਰੈਕਟਰ ਲੈ ਜਾਓ। ਰਸਤੇ ਵਿੱਚ ਜ਼ਰੂਰ ਕੋਈ ਦੁਰਘਟਨਾ ਵਾਪਰ ਗਈ ਹੋਵੇਗੀ।

ਸੁਰਜੀਤ ਨੇ ਪੰਜ ਵਜੇ ਤੱਕ ਟਰੈਕਟਰਾਂ ਦੀ ਉਡੀਕ ਕੀਤੀ। ਬਾਕੀ ਤਿੰਨ ਗਾਹਕ ਤਾਂ ਆਏ ਹੀ ਨਹੀਂ ਸਨ। ਰਕਮ ਤਿਆਰ ਨਹੀਂ ਕਰ ਸਕੇ ਹੋਣਗੇ। ਜਾਂ ਸ਼ਾਇਦ ਉਂਜ ਹੀ ਨਾ ਆਏ ਹੋਣ। ਕੋਈ ਸਿਆਣਪ ਸੋਚ ਲਈ ਹੋਵੇਗੀ। ਉਹਨੇ ਆਪਣੇ ਉੱਤੇ ਲਾਹਣਤਾਂ ਪਾਈਆਂ ਕਿ ਉਹ ਕਿਉਂ ਆਇਆ ਐਨੀ ਰਕਮ ਲੈ ਕੇ।

ਉਹ ਬੱਸ ਅੱਡੇ ਉੱਤੇ ਆਇਆ। ਉਹਦੇ ਪਿੰਡ ਨੂੰ ਜਾਣ ਵਾਲੀ ਆਖ਼ਰੀ ਬੱਸ ਜਾ ਚੁੱਕੀ ਸੀ। ਉਸ ਸ਼ਹਿਰ ਵਿੱਚ ਉਹਦੀ ਕੋਈ ਠਾਹਰ ਨਹੀਂ ਸੀ। ਮਾੜੀ-ਮੋਟੀ ਸਿਆਣ-ਗਿਆਣ ਸੀ। ਉਹਦੇ ਕੋਲ ਸੱਠ ਹਜ਼ਾਰ ਦੀ ਰਕਮ ਸੀ। ਖ਼ਤਰਾ ਪੂਰਾ ਸੀ। ਉਹਨੇ ਸੋਚਿਆ, ਉਹ ਆਪਣੀ ਮਾਸੀ ਦੇ ਪਿੰਡ ਖਾਨਪੁਰ ਚਲਿਆ ਜਾਵੇ। ਦੂਜੇ ਦਿਨ ਮੁੜ ਆਵੇਗਾ ਹੋ ਸਕਦਾ ਹੈ, ਕੱਲ੍ਹ ਤੱਕ ਟਰੈਕਟਰ ਵੀ ਆ ਜਾਣ। ਖਾਨਪੁਰ ਨੂੰ ਜਾਣ ਵਾਲੀ ਬੱਸ ਅਜੇ ਚੱਲਣੀ ਸੀ। ਪਰ ਕੀ ਪਤਾ ਸੀ ਉਹਨੂੰ ਕਿ ਉਸ ਨੇ ਆਪਣੀ ਜਾਨ ਚਮੜੇ ਦੇ ਬੈਗ ਵਿੱਚ ਬੰਦ ਕਰਕੇ ਆਪਣੀ ਮੁੱਠੀ ਵਿੱਚ ਰੱਖੀ ਹੋਈ ਹੈ। ਸੱਠ ਹਜ਼ਾਰ ਰੁਪਿਆ ਉਹਦੀ ਜਾਨ ਸੀ ਜਿਸ ਉਤੇ ਦੋ ਖੂੰਖਾਰ ਬਘਿਆੜ ਲੰਬੀਆ ਜੀਭਾਂ ਕੱਢੀ ਲਗਾਤਾਰ ਲਪਕ ਰਹੇ ਸਨ।

ਦੂਜੇ ਅੱਡੇ ਉਤੇ ਬੱਸ ਰੁਕੀ ਤਾਂ ਬਹੁਤ ਸਾਰੀਆ ਸਵਾਰੀਆਂ ਉਤਰ ਗਈਆਂ। ਦੋ-ਤਿੰਨ ਸਵਾਰੀਆਂ ਹੀ ਚੜ੍ਹੀਆਂ ਸਨ। ਇਸ ਅੱਡੇ ਉੱਤੇ ਸ਼ਰਾਬ ਦਾ ਠੇਕਾ ਸੀ। ਸ਼ਰਾਬ ਖਰੀ ਮਿਲ ਜਾਂਦੀ। ਖਾਸ ਕਰਕੇ ਬੱਸਾਂ ਵਾਲਿਆਂ ਨੂੰ ਤਾਂ ਉਹ ਅਣਲੱਗ ਹੀ ਦੇ ਦਿੰਦੇ। ਬੱਸ ਵਾਲੇ ਬੋਤਲ ਲੈਣ ਲੱਗਦੇ ਤਾਂ ਬੱਸ ਵਿੱਚ ਬੈਠੀਆਂ ਹੋਰ ਸਵਾਰੀਆਂ ਵੀ ਉਤਰ ਜਾਂਦੀਆਂ ਤੇ ਬੋਤਲਾਂ ਖਰੀਦ ਲੈਂਦੀਆਂ। ਠੇਕੇ ਵਾਲਿਆਂ ਨੂੰ ਕੀ ਮਾੜਾ ਸੀ। ਕੰਡਕਟਰ ਨੂੰ ਉਹ ਇੱਕ ਬੋਤਲ ਅਣਲੱਗ ਦੇ ਕੇ ਚਾਰ-ਪੰਜ ਬੋਤਲਾਂ ਨਿਰਾ ਪਾਣੀ ਵੇਚ ਲੈਂਦੇ। ਕੰਡਕਟਰ ਤੇ ਡਰਾਈਵਰ ਬੋਤਲ ਲੈਣ ਗਏ ਤਾਂ ਸੁਰਜੀਤ ਵੀ ਉਨ੍ਹਾਂ ਦੇ ਪਿੱਛੇ ਉਤਰ ਗਿਆ। ਉਹਦੇ ਮਗਰ ਲੱਗੇ ਆਦਮੀਆਂ ਨੇ ਸੋਚਿਆ ਹੋਵੇਗਾ ਕਿ ਉਹ ਵੀ ਬੋਤਲ ਲੈਣ ਗਿਆ ਹੈ। ਜਿਸ ਲਈ ਉਹ ਬੱਸ ਵਿੱਚ ਹੀ ਨੀਵੀਂ ਪਾ ਕੇ ਬੈਠੇ ਰਹੇ।

ਡਰਾਈਵਰ ਨੂੰ ਥੋੜ੍ਹਾ ਪਰ੍ਹੇ ਲਿਜਾ ਕੇ ਸੁਰਜੀਤ ਨੇ ਆਪਣਾ ਦੁੱਖ ਦੱਸਿਆ। ਧੌਲਦਾੜੀਆ ਡਰਾਈਵਰ ਕੋਈ ਭਲਾ ਲੋਕ ਸੀ। ਉਸ ਨੇ ਸੁਰਜੀਤ ਨੂੰ ਸਲਾਹ ਦਿੱਤੀ ਕਿ ਉਹ ਖਾਨਪੁਰ ਤੋਂ ਪਹਿਲਾਂ ਹੀ ਕਿਸੇ ਅੱਡੇ ਉਤੇ ਉੱਤਰ ਜਾਵੇ। ਉਸ ਅੱਡੇ ਦੀਆਂ ਸਾਰੀਆਂ ਸਵਾਰੀਆਂ ਉਤਰਨ ਤੋਂ ਬਾਅਦ ਉਹ ਇਕਦਮ ਉਤਰੇ। ਨਾਲ ਹੀ ਨਾਲ ਉਹ ਬੱਸ ਭਜਾ ਕੇ ਲੈ ਜਾਵੇਗਾ। ਉਹਦੇ ਮਗਰ ਲੱਗੇ ਬੰਦੇ ਮੂੰਹ ਦੇਖਦੇ ਰਹਿ ਜਾਣਗੇ। ਉਹ

98

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ