ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/103

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਤਿੰਨੇ ਜੀਅ ਘਰੋਂ ਚਲੇ ਜਾਂਦੇ ਤਾਂ ਰਾਜਿੰਦਰ ਇਕੱਲਾ ਰਹਿ ਜਾਂਦਾ। ਅਖ਼ਬਾਰ ਵੱਧ ਤੋਂ ਵੱਧ ਇੱਕ ਘੰਟਾ ਪੜ੍ਹਿਆ ਜਾ ਸਕਦਾ। ਖ਼ਬਰਾਂ ਤੋਂ ਬਾਅਦ ਰੇਡੀਓ ਪ੍ਰੋਗਰਾਮ ਕਿੰਨਾ ਕੁ ਚਿਰ ਸੁਣੇ ਜਾ ਸਕਦੇ ਹਨ। ਆਖ਼ਰ ਰੇਡੀਓ ਦੀ ਟੂ.ਟੀ. ਉਹ ਨੂੰ ਬੋਰ ਕਰਨ ਲੱਗਦੀ। ਉਹ ਉਹ ਦੀ ਗਰਦਨ ਮਰੋੜ ਕੇ ਪਰ੍ਹਾਂ ਰੱਖ ਦਿੰਦਾ। ਫੇਰ ਕੰਧਾਂ ਦੀ ਚੁੱਪ ਉਹ ਨੂੰ ਪ੍ਰੇਸ਼ਾਨ ਕਰਨ ਲੱਗਦੀ।

ਸ਼ਹਿਰ ਤੋਂ ਬਾਹਰ ਰੇਲਵੇ ਲਾਈਨ ਟੱਪ ਕੇ ਇਹ ਇੱਕ ਨਵੀਂ ਬਸਤੀ ਸੀ। ਰੇਲਵੇ ਸਟੇਸ਼ਨ ਵੱਲ ਤਾਂ ਚਾਲੀ ਪੰਜਾਹ ਮਕਾਨ ਪੈ ਚੁੱਕੇ ਸਨ, ਪਰ ਏਧਰ ਦੂਰ ਪੰਜ ਸੱਤ ਮਕਾਨ ਹੀ ਹਾਲੇ ਬਣੇ ਸਨ। ਇਨ੍ਹਾਂ ਮਕਾਨਾਂ ਤੋਂ ਪਰ੍ਹੇ ਤਾਂ ਫੇਰ ਖੇਤ ਸ਼ੁਰੂ ਹੋ ਜਾਂਦੇ। ਇਹ ਪੰਜ ਸੱਤ ਮਕਾਨ ਇੱਕ ਦੂਜੇ ਤੋਂ ਕਈ ਕਈ ਖ਼ਾਲੀ ਪਲਾਟ ਛੱਡ ਕੇ ਸਨ। ਉਜਾੜ ਜਿਹੀ ਹੋਣ ਕਰਕੇ ਇਹ ਘਰ ਆਪਸ ਵਿਚ ਖ਼ਾਸ ਮੇਲ ਮਿਲਾਪ ਰੱਖਦੇ। ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰਦੇ। ਅਲੱਗ ਅਲੱਗ ਪਿੰਡਾਂ ਦੇ ਲੋਕ ਸਨ, ਅਲੱਗ ਅਲੱਗ ਜ਼ਾਤ ਬਰਾਦਰੀ ਦੇ।

ਜਦੋਂ ਰਾਜਿੰਦਰ ਘਰ ਵਿਚ ਇਕੱਲਾ ਰਹਿ ਜਾਂਦਾ ਤਾਂ ਗੁਆਂਢੀ ਘਰਾਂ ਵਿਚੋਂ ਕੋਈ ਔਰਤ ਉਹ ਦੇ ਕੋਲ ਆਉਂਦੀ ਤੇ ਉਹ ਨੂੰ ਪਾਣੀ ਧਾਣੀ ਪੁੱਛ ਜਾਂਦੀ। ਕੋਈ ਉਹ ਨੂੰ ਚਾਹ ਕਰਕੇ ਦੇ ਜਾਂਦੀ। ਕੋਈ ਬੁੜ੍ਹੀ ਗੇੜਾ ਮਾਰਦੀ ਤੇ ਖਾਸਾ ਖਾਸਾ ਚਿਰ ਏਧਰ ਓਧਰ ਦੀਆਂ ਗੱਲਾਂ ਕਰਦੀ ਬੈਠੀ ਰਹਿੰਦੀ। ਲਖਵਿੰਦਰ ਦੁਪਹਿਰ ਦੀ ਰੋਟੀ ਖਵਾ ਕੇ ਜਾਂਦੀ। ਉਹ ਦਾ ਇੱਕ ਅੱਧ ਲੀੜਾ ਕੱਪੜਾ ਵੀ ਧੋ ਦਿੰਦੀ।

ਲਖਵਿੰਦਰ ਦਾ ਪਤੀ ਸ਼ਹਿਰ ਵਿਚ ਬਿਜਲੀ ਦੇ ਸਮਾਨ ਦੀ ਦੁਕਾਨ ਕਰਦਾ ਸੀ। ਉਨ੍ਹਾਂ ਦਾ ਚਾਰ ਕੁ ਸਾਲ ਦਾ ਇੱਕ ਮੁੰਡਾ ਸੀ। ਹਾਲੇ ਉਹ ਨੂੰ ਸਕੂਲ ਨਹੀਂ ਭੇਜਣ ਲੱਗੇ ਸਨ।

ਇੱਕ ਹੋਰ ਔਰਤ ਸੀ ਬਿਮਲਾ। ਉਹ ਦੇ ਪਤੀ ਦੀ ਕੱਪੜੇ ਦੀ ਦੁਕਾਨ ਸੀ। ਉਨ੍ਹਾਂ ਦੇ ਚਾਰ ਬੱਚੇ ਸਨ-ਤਿੰਨ ਕੁੜੀਆਂ, ਇੱਕ ਮੁੰਡਾ। ਵੱਡੀ ਕੁੜੀ ਵਿਆਹੀ ਹੋਈ ਸੀ। ਇੱਕ ਕੁੜੀ ਕਾਲਜ ਜਾਂਦੀ ਤੇ ਛੋਟੇ ਮੁੰਡਾ ਕੁੜੀ ਸਕੂਲ ਪੜ੍ਹਦੇ ਸਨ।

ਇੱਕ ਸੀ-ਨਿਰਮਲ ਕੌਰ। ਰੇਲਵੇ ਸਟੇਸ਼ਨ ਦੇ ਨਾਲ ਹੀ ਉਨ੍ਹਾਂ ਦੀ ਲੱਕੜਾਂ ਦੀ ਟਾਲ ਸੀ। ਬਾਬੂ ਸਿੰਘ ਨੂੰ ਬਹੁਤ ਆਮਦਨ ਸੀ। ਉਹ ਪਿੰਡ ਵਿਚ ਜਾ ਕੇ ਸਸਤੇ ਭਾਅ ਦਰੱਖ਼ਤ ਪੁਟਵਾ ਲਿਆਉਂਦਾ, ਆਰੇ ਤੋਂ ਚਿਰਵਾ ਕੇ ਫੱਟ ਬਾਲੇ ਅੱਡ ਕੱਢ ਲੈਂਦਾ ਤੇ ਫਾਲਤੂ ਲੱਕੜ ਨੂੰ ਬਾਲਣ ਬਣਾ ਬਣਾ ਕੇ ਵੇਚਦਾ-ਕੰਡੇ 'ਤੇ ਐਨ ਪੂਰਾ ਤੋਲ ਦਿੰਦਾ, ਸੋਨੇ ਵਾਂਗੂੰ। ਮਜ਼ਾਲ ਐ, ਕਿਸੇ ਨੂੰ ਪਾਓ ਭਰ ਲੱਕੜ ਦਾ ਟੁਕੜਾ ਵੱਧ ਚਲਿਆ ਜਾਵੇ। ਵਾਕੜ ਵਾਕੜ ਦਾ ਹਿਸਾਬ ਲੈਂਦਾ। ਨਿਰਮਲ ਕੌਰ ਹਰ ਤੀਜੇ ਸਾਲ ਜੁਆਕ ਜੰਮਦੀ। ਮੁੰਡੇ ਤੋਂ ਬਾਅਦ ਚਾਰ ਕੁੜੀਆਂ ਹੋ ਚੁੱਕੀਆਂ ਸਨ। ਉਹ ਚਾਹੁੰਦੀ ਸੀ, ਮੁੰਡਿਆਂ ਦੀ ਜੋੜੀ ਹੋਵੇ। "ਕੱਲੀ ਹੋਵੇ ਨਾ ਵਣਾਂ ਵਿਚ ਲੱਕੜੀ...।" ਬਾਬੂ ਸਿੰਘ ਦੀ ਸ਼ਾਹੀ ਠਾਠ ਸੀ। ਇੱਕ ਪਊਆ ਆਥਣੇ ਨਿੱਤ ਪੀਂਦਾ, ਰੋਟੀ ਖਾਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ।

ਗੁਰਦਿਆਲ ਕੁਰ ਮੱਚੀ ਬੁਝੀ ਔਰਤ ਘਰੇ ਹੁੰਦੀ ਤਾਂ ਆਪਣੀਆਂ ਦੋਵੇਂ ਨੂੰਹਾਂ ਨੂੰ ਬੁੜ ਬੁੜ ਕਰਦੀ ਰਹਿੰਦੀ। ਘਰੋਂ ਬਾਹਰ ਗੁਆਂਢੀਆਂ ਦੇ ਜਾ ਕੇ ਉਨ੍ਹਾਂ ਦੀਆਂ ਚੁਗਲੀਆਂ ਕਰਦੀ। ਕਦੇ ਖੁਸਰਿਆਂ ਵਾਂਗ ਹੱਥ 'ਤੇ ਹੱਥ ਮਾਰ ਕੇ ਤਾੜੀ ਪਾਉਂਦੀ ਤੇ ਉੱਚਾ ਉੱਚਾ

ਕਸਰ
103