ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੇਰ ਆਪਣੀਆਂ ਕਿਤਾਬਾਂ ਲੈ ਕੇ ਬੈਠ ਜਾਂਦੀ। ਧਰਤੀ 'ਤੇ ਨਿਗਾਹ ਗੱਡ ਕੇ ਉਹ ਚਾਚੀ ਦੇ ਚੱਜ ਦੇਖਦੀ ਰਹਿੰਦੀ। ਗੱਲਾਂ ਸੁਣਦੀ ਜ਼ਰੂਰ, ਪਰ ਗੁੱਸਾ ਨਾ ਕਰਦੀ। ਮਲਕੀਤ ਕੁੜੀ ਦੀ ਚੁੱਪ 'ਤੇ ਵੀ ਖਿਝੀ ਜਾਂਦੀ-"ਢਾਂਡਾ ਨਾ ਹੋਵੇ, ਮੱਟਰ ਬਣ ਕੇ ਬੈਠੀ ਰਹਿੰਦੀ ਐ। ਇੱਕ ਨ੍ਹੀਂ ਖਾਨੇ ਪੈਂਦੀ, ਬੁੱਧੂ ਦੇ।" ਮੁੰਡਾ ਖਿਲੰਦੜਾ ਸੀ। ਚਾਚੀ ਦੀਆਂ ਗੱਲਾਂ 'ਤੇ ਹੱਸਦਾ ਰਹਿੰਦਾ। ਕਦੇ ਕਦੇ ਉਹ ਉਹ ਨੂੰ ਫੜਕੇ ਕੁੱਟ ਵੀ ਦਿੰਦੀ। ਉਹ ਇੱਕ ਨਾ ਜਾਣਦਾ। ਬੱਸ ਹੱਸਦਾ। ਚਾਚੀ ਉਹ ਦੇ ਹਾਸੇ ਤੇ ਪਾਗਲ ਹੋ ਉੱਠਦੀ ਤੇ ਬੇਬੱਸ ਹੋ ਕੇ ਹਾਏ ਹਾਏ ਕਰਦੀ ਮੰਜੇ 'ਤੇ ਪੈ ਜਾਂਦੀ। ਮੁੰਡੇ ਕੋਲ ਉਹ ਵਧੀਕੀਆਂ ਦਾ ਜਵਾਬ ਬੱਸ ਹਾਸਾ ਸੀ। ਹਾਸਾ ਵੀ ਤਾਂ ਇੱਕ ਹਥਿਆਰ ਹੁੰਦਾ ਹੈ, ਜੋ ਅਗਲੇ 'ਤੇ ਤਲਵਾਰ ਦੇ ਫੱਟ ਦਾ ਕੰਮ ਕਰਦਾ ਹੈ।

ਉਸ ਦਿਨ ਸਵੇਰ ਤੋਂ ਹੀ ਉਹ ਉਹ ਨੂੰ ਸਮਝਾਉਣ ਲੱਗਿਆ ਹੋਇਆ ਸੀ ਕਿ ਦੇਖ-"ਕੁੜੀ ਨੇ ਆਵਦੇ ਘਰ ਵਗ ਜਾਣੈ। ਵਿਆਹ ਤੋਂ ਬਾਅਦ ਫੇਰ ਕਦੇ ਕਦੇ ਆਇਆ ਕਰੁ ਵਿਚਾਰੀ। ਮੁੰਡਾ ਕਿਸੇ ਕੰਮ ਵਿਚ ਪੈਜੂ। ਕੀ ਪਤਾ, ਇਹਨੂੰ ਕਿੱਥੇ ਨੌਕਰੀ ਮਿਲੂਗੀ। ਇਹ ਜ਼ਰੂਰੀ ਨਹੀਂ, ਬਈ ਇਹ ਘਰੇ ਈ ਬੈਠਾ ਰਹੂ।"

ਉਹ ਕਹਿ ਰਹੀ ਸੀ-"ਮੈਨੂੰ ਕੀ ਹੇਜ ਇਨ੍ਹਾਂ ਦੀ ਪੜ੍ਹਾਈ ਦਾ। ਇਨ੍ਹਾਂ ਦੀ ਪਾਲਣਾ ਦਾ ਇਨ੍ਹਾਂ ਦੇ ਵਿਆਹ ਕਰਨ ਦਾ? ਮੇਰੇ ਇਹ ਕੀ ਲੱਗਦੇ ਨੇ?"

"ਤੇਰਾ ਇਲਾਜ ਕਰਵਾਉਣ ਦੀ ਮੈਂ ਕੋਈ ਕਸਰ ਛੱਡੀ ਐ? ਕਿਹੜਾ ਡਾਕਟਰ-ਡਾਕਟਰਨੀ ਐ, ਜਿੱਥੇ ਮੈਂ ਤੈਨੂੰ ਲੈ ਕੇ ਨ੍ਹੀ ਗਿਆ? ਪਟਿਆਲੇ, ਲੁਧਿਆਣੇ, ਚੰਡੀਗੜ੍ਹ ਤੇ ਔਹ ਦਿੱਲੀ ਤੱਕ ਆਪਾਂ ਜਾ ਆਏ ਆਂ। ਫੇਰ ਦੇਸੀ ਦੁਆਈਆਂ ਬੂਟੀਆਂ ਤੂੰ ਕਰਕੇ ਦੇਖ ਲੀਆਂ। ਕਿੰਨੀਆਂ ਸਿਆਣੀਆਂ ਬੁੜ੍ਹੀਆਂ ਨੂੰ ਘਰ ਲੁਟਾਇਐ ਤੈਂ। ਗੱਲ ਕਰ, ਰੱਬ ਦੇ ਘਰ ਮਿਹਰ ਨ੍ਹੀਂ, ਉਹ ਜਾਣੇ।"

ਉਹ ਦੀ ਦੋ ਪੁੜਾਂ ਵਿਚਾਲੇ ਜਾਨ ਸੀ। ਨਾ ਤਾਂ ਉਹ ਭਤੀਜੇ ਭਤੀਜੀ ਨੂੰ ਕਿਧਰੇ ਕੱਢ ਸਕਦਾ ਸੀ, ਉਹ ਦੇ ਬਗ਼ੈਰ ਹੋਰ ਕੌਣ ਸੀ, ਉਨ੍ਹਾਂ ਦਾ ਤੇ ਨਾ ਉਹ ਮਲਕੀਤ ਨੂੰ ਧੱਕਾ ਦੇ ਸਕਦਾ ਸੀ, ਆਖ਼ਰ ਔਰਤ ਸੀ ਉਹ ਉਹਦੀ। ਔਰਤ ਬਗ਼ੈਰ ਬੰਦਾ ਅੰਧਾ ਵੀ ਨਹੀਂ ਰਹਿੰਦਾ। ਔਰਤ ਨਾਲ ਹੀ ਘਰ ਹੁੰਦਾ ਹੈ। ਔਰਤ ਨਾਲ ਹੀ ਸੰਸਾਰ ਹੁੰਦਾ ਹੈ, ਬੰਦੇ ਦਾ। ਉਹ ਲੰਮੀ ਸੋਚਦਾ, ਕੁੜੀ ਵਿਆਹੀ ਜਾਵੇਗੀ ਤੇ ਮੁੰਡਾ ਕਿਸੇ ਕੰਮ ਵਿਚ ਪੈ ਕੇ ਘਰ ਨਹੀਂ ਰਹੇਗਾ। ਉਹ ਦੀ ਭਵਿੱਖ ਸੋਚਣੀ ਉਹ ਨੂੰ ਧਰਵਾਸ ਦਿੰਦੀ- ਮਲਕੀਤ ਜਦੋਂ ਇਕੱਲੀ ਰਹਿ ਗਈ ਇਹ ਦੀ ਇਕਾਂਤ ਇਹ ਨੂੰ ਵੱਢ ਵੱਢ ਖਾਇਆ ਕਰੇਗੀ, ਕੰਧਾਂ ਭੂਤਾਂ ਬਣ ਉੱਠਣਗੀਆਂ। ਉਦੋਂ ਇਹ ਮੁੰਡੇ ਬਹੂ ਨੂੰ ਆਪਣੇ ਕੋਲ ਰੱਖਣਾ ਲੋਚੇਗੀ। ਕੁੜੀ ਵੀ ਘਰ ਬਾਰ ਵਾਲੀ ਹੋ ਕੇ ਆਉਂਦੀ ਜਾਂਦੀ ਰਹੇਗੀ- ਕਦੇ ਕਦੇ ਆਇਆ ਕਰੇਗੀ, ਇੱਕ ਅੱਧ ਦਿਨ ਰਹੇਗੀ, ਉਦੋਂ ਫੇਰ ਕੀ ਵਿਰੋਧ ਰਹਿ ਜਾਵੇਗਾ ਇਹ ਕੁੜੀ ਦਾ ਕੁੜੀ ਨਾਲ। ਉਹ ਸੋਚਦਾ ਸਮਾਂ ਹੀ ਸਭ ਤੋਂ ਚੰਗੀ ਦਾਰੂ ਐ ਬੰਦੇ ਦੇ ਦੁੱਖਾਂ ਦੀ। ਸਮਾਂ ਸਭ ਸਿਖਾ ਦਿੰਦਾ ਹੈ।

ਹੁਣ ਜਦੋਂ ਉਹ ਨੇ ਸਾਈਕਲ 'ਤੇ ਲੱਤ ਦਿੱਤੀ, ਦੋ ਪੈਡਲ ਹੀ ਮਾਰੇ ਸਨ, ਉਹ ਨੂੰ ਘਰ ਦਾ ਕਲੇਸ਼ ਸਾਰਾ ਭੁੱਲ ਗਿਆ ਤੇ ਇੱਕ ਨਵਾਂ ਕਲੇਸ ਉਹ ਦੇ ਦਿਮਾਗ਼ ਵਿਚ ਘੁੰਮਣ ਲੱਗਿਆ। ਖਤਰਾਣੀ ਸਾਹਮਣੇ ਖੜ੍ਹੀ ਸੀ। ਢਾਕਾਂ 'ਤੇ ਹੱਥ ਰੱਖੇ ਹੋਏ ਤੇ ਜਿਵੇਂ

108

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ