ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/109

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉਸੇ ਨੂੰ ਉਡੀਕ ਰਹੀ ਹੋਵੇ। ਉਹ ਜਦੋਂ ਵੀ ਹਰ ਰੋਜ਼ ਘਰੋਂ ਨਿਕਲਦਾ, ਉਹ ਸਾਹਮਣੇ ਆਪਣੇ ਬਾਰ ਦੀ ਉੱਚੀ ਚੌਕੜੀ 'ਤੇ ਖੜ੍ਹੀ ਦੀ ਖੜ੍ਹੀ। ਪਤਾ ਨਹੀਂ ਕਿਉਂ, ਉਹ ਐਨ ਉਸੇ ਵੇਲੇ ਬਾਰ ਵਿਚ ਆ ਖੜ੍ਹਦੀ ਸੀ, ਜਦੋਂ ਭਰਪੂਰ ਸਿੰਘ ਨੇ ਆਪਣੇ ਕੰਮ 'ਤੇ ਜਾਣਾ ਹੁੰਦਾ। ਜਾਂ ਕੀ ਪਤਾ ਦਰਵਾਜ਼ੇ 'ਤੇ ਹਮੇਸ਼ਾ ਹੀ ਇੰਝ ਖੜ੍ਹੇ ਰਹਿਣਾ ਉਹਦੀ ਆਦਤ ਹੋਵੇ। ਆਉਂਦੇ ਜਾਂਦੇ ਬੰਦਿਆਂ ਦਾ ਝਾਕਾ ਲੈਂਦੀ ਹੋਵੇਗੀ।

ਖੱਤਰੀ ਦੀ ਬੱਸ ਅੱਡੇ 'ਤੇ ਚਾਹ ਦੀ ਦੁਕਾਨ ਸੀ। ਸਵੇਰ ਵੇਲੇ ਡਰਾਈਵਰਾਂ-ਕੰਡਕਟਰਾਂ ਲਈ ਆਲੂਆਂ ਵਾਲੇ ਪਰੌਂਠੇ ਵੀ ਬਣਾਉਂਦਾ। ਉਹ ਨੂੰ ਅੰਨ੍ਹੀ ਆਮਦਨ ਸੀ। ਉਨ੍ਹਾਂ ਦੇ ਛੋਟੇ ਛੋਟੇ ਚਾਰ ਜੁਆਕ ਸਨ। ਇੱਕ ਮੁੰਡਾ, ਤਿੰਨ ਕੁੜੀਆਂ। ਖੱਤਰੀ ਬੰਦਾ ਥੰਦਾਰ, ਹਮੇਸ਼ਾ ਮੈਲਾ ਕੁਚੈਲਾ ਰਹਿੰਦਾ। ਉਮਰ ਵਿਚ ਤੀਵੀਂ ਨਾਲੋਂ ਸੀ ਵੀ ਵੱਡਾ। ਤੜਕੇ ਦਿਨ ਚੜ੍ਹਨ ਤੋਂ ਪਹਿਲਾਂ ਘਰੋਂ ਨਿਕਲ ਜਾਂਦਾ ਤੇ ਰਾਤ ਨੂੰ ਡੂੰਘੇ ਹਨੇਰੇ ਵਾਪਸ ਆਉਂਦਾ। ਚਾਰ ਜਵਾਕ ਜੰਮ ਕੇ ਵੀ ਖਤਰਾਣੀ ਦਾ ਨਰੜਾ ਅਜੇ ਵੀ ਕਾਇਮ ਸੀ। ਜਿਵੇਂ ਨਿਰੀ ਸੰਢ ਦੀ ਸੰਢ ਹੋਵੇ। ਢਾਕਾਂ 'ਤੇ ਹੱਥ ਧਰ ਕੇ ਇਉਂ ਖੜਦੀ ਜਿਵੇਂ ਪਟਿਆਲੇ ਵਾਲਾ ਕੇਸਰ ਪਹਿਲਵਾਨ ਖੜ੍ਹਾ ਹੋਵੇ। ਪਾੜ ਖਾਣ ਵਾਲੀਆਂ ਅੱਖਾਂ। ਭਰਪੁਰ ਨੂੰ ਉਹ ਦੇ ਕੋਲੋਂ ਭੈਅ ਆਉਂਦਾ।

ਜਦੋਂ ਉਹ ਉਨ੍ਹਾਂ ਦੇ ਘਰ ਬਾਰ ਦੇ ਮੂਹਰੇ ਦੀ ਲੰਘਣ ਲੱਗਦਾ। ਉਹ ਖੰਘੂਰ ਮਾਰਦੀ। ਇਹ ਖੰਘੂਰ ਭਰਪੂਰ ਦਾ ਕਾਲਜਾ ਤੱਛਕੇ ਲੈ ਜਾਂਦੀ। ਜਿਵੇਂ ਗੋਲੀ ਵੱਜੀ ਹੋਵੇ। ਉਹ ਘੁੱਟ ਵੱਟ ਕੇ ਲੰਘ ਜਾਂਦਾ। ਕੁਝ ਵੀ ਨਾ ਕਰ ਸਕਦਾ। ਕਦੇ ਕਦੇ ਉਹ ਦਾ ਜੀਅ ਕਰਦਾ ਕਿ ਉਹ ਵੀ ਮੋੜਵੀਂ ਖੰਘੂਰ ਮਾਰ ਦੇਵੇ। ਪਰ ਅਜਿਹਾ ਕਰਨ ਨਾਲ ਤਾਂ ਕੋਈ ਸਿਆਪਾ ਖੜ੍ਹਾ ਹੋ ਜਾਣ ਦਾ ਡਰ ਸੀ। ਕੀ ਦੀ ਕੀ ਗੱਲ ਬਣ ਜਾਣੀ ਸੀ। ਉਹ ਤਾਂ ਆਪਣੇ ਘਰ ਦੇ ਕਲੇਸ਼ ਕਰਕੇ ਪਹਿਲਾਂ ਹੀ ਦੁਖੀ ਸੀ।

ਖੱਤਰੀ ਕਿਸੇ ਪਿੰਡੋਂ ਏਥੇ ਆ ਕੇ ਵਸਿਆ ਸੀ। ਪਹਿਲਾਂ ਸ਼ਾਇਦ ਕਿਸੇ ਹੋਰ ਸ਼ਹਿਰ ਇਹੀ ਚਾਹ ਦੁੱਧ ਦੀ ਦੁਕਾਨ ਕਰਦਾ ਹੁੰਦਾ। ਉੱਥੇ ਉਹ ਦਾ ਧੰਦਾ ਸੰਵਾਰ ਕੇ ਚਲਿਆ ਨਹੀਂ ਹੋਵੇਗਾ। ਏਥੇ ਉਹ ਦੀ ਗੁੱਲੀ ਦਣ ਪੈ ਗਈ ਤਾਂ ਰਪੌੜ ਇਕੱਠੀ ਕਰ ਲਈ। ਏਥੇ ਪਲਾਟ ਲੈ ਕੇ ਨਵਾਂ ਮਕਾਨ ਵੀ ਪਾ ਲਿਆ। ਇਸ ਮਕਾਨ ਵਿਚ ਉਹ ਪਿਛਲੇ ਚਾਰ ਸਾਲਾਂ ਤੋਂ ਹੀ ਰਹਿਣ ਲੱਗਿਆ ਸੀ। ਭਰਪੂਰ ਦਾ ਮਕਾਨ ਤਾਂ ਏਥੇ ਪਿਛਲੇ ਵੀਹ ਸਾਲਾਂ ਤੋਂ ਸੀ। ਗਲੀ ਵਿਚ ਸ਼ਾਇਦ ਸਭ ਤੋਂ ਪੁਰਾਣਾ ਮਕਾਨ। ਹੁਣ ਤਾਂ ਸਾਰੀ ਗਲੀ ਵਸ ਗਈ ਹੈ। ਪਹਿਲਾਂ ਤਾਂ ਕੋਈ ਕੋਈ ਮਕਾਨ ਹੁੰਦਾ ਸੀ ਏਥੇ। ਵਣ ਵਣ ਦੀ ਲੱਕੜੀ ਇਕਠੀ ਹੋ ਕੇ ਬੈਠੀ ਹੋਈ ਹੈ, ਕੋਈ ਕਿਸੇ ਪਿੰਡ ਦਾ, ਕੋਈ ਕਿਸੇ ਪਿੰਡ ਦਾ। ਇੱਕ ਦੂਜੇ ਦੇ ਖਾਨਦਾਨ ਬਾਰੇ ਕੀ ਜਾਣਦਾ ਹੈ ਕੋਈ। ਬੱਸ ਏਥੇ ਆ ਕੇ ਕਿਸੇ ਘਰ ਨੇ ਦੂਜੇ ਘਰ ਬਾਰੇ ਜਾਣ ਲਿਆ ਸੋ ਜਾਣ ਲਿਆ ਤੇ ਹੁਣ ਇਸ ਖਤਰਾਣੀ ਦਾ ਕੀ ਪਤਾ ਕਿਸ ਤਰ੍ਹਾਂ ਦੀ ਹੈ ਇਹ?

ਉਹ ਕਿਉਂ ਮਾਰਦੀ ਹੈ ਇਸ ਤਰ੍ਹਾਂ ਖੰਘੂਰ? ਉਹ ਚਿੱਤ ਵਿਚ ਹੱਸਦਾ ਵੀ ਬੰਦੇ ਤਾਂ ਖੰਘੂਰਾ ਮਾਰਦੇ ਦੇਖੇ ਸੀ। ਇਹ ਕਦੇ ਨਹੀਂ ਸੁਣਿਆ ਸੀ ਕਿ ਤੀਵੀਂ ਖੰਘੂਰ ਮਾਰਦੀ ਹੋਵੇ-ਉਹ ਵੀ ਸ਼ਰੇਆਮ। ਉਹ ਅਨੁਮਾਨ ਲਾਉਂਦਾ, ਕਿਤੇ ਉਹਦਾ ਸੰਘ ਨਾ ਖਰਾਬ

ਖੰਘੂਰ

109