ਹੋਵੇ। ਪਰ ਬਿਮਾਰ ਗਲ ਦੀ ਖੰਘੂਰ ਤੇ ਸ਼ਰਾਰਤੀ ਗਲ ਦੀ ਖੰਘੂਰ ਵਿਚ ਤਾਂ ਬਹੁਤ ਫ਼ਰਕ ਹੁੰਦਾ ਹੈ। ਉਹ ਨੂੰ ਪੱਕਾ ਯਕੀਨ ਸੀ ਕਿ ਉਹ ਜਾਣ ਬੁੱਝ ਕੇ ਖੰਘੂਰ ਮਾਰਦੀ ਹੈ।
ਦੋ ਕਾਰਨ ਹੋ ਸਕਦੇ ਨੇ, ਉਹ ਨਿਰਣਾ ਕਰਨ ਲੱਗਦਾ-ਜਾਂ ਤਾਂ ਉਹ ਉਹ ਦੇ ਘਰ ਦਾ ਕਲੇਸ਼ ਸੁਣ ਕੇ ਖੰਘੂਰ ਮਾਰਦੀ ਹੈ, ਇੱਕ ਤਰ੍ਹਾਂ ਨਾਲ ਉਹ ਦਾ ਮਜ਼ਾਕ ਉਡਾਉਂਦੀ ਹੋਵੇਗੀ ਜਾਂ ਫਿਰ ਖੰਘੂਰ ਮਾਰ ਕੇ ਉਹ ਨੂੰ ਆਕਰਸ਼ਿਤ ਕਰਦੀ ਹੈ, ਉਹਦੇ 'ਤੇ ਡੋਰੇ ਸੁੱਟਦੀ ਹੈ। ਉਹ ਨੂੰ ਫਸਾਉਣਾ ਚਾਹੁੰਦੀ ਹੈ। ਚਾਹੁੰਦੀ ਹੋਵੇਗੀ, ਇਹ ਦੀ ਆਪਣੀ ਤੀਵੀਂ ਨਾਲ ਤਾਂ ਬਣਦੀ ਨਹੀਂ, ਮੈਂ ਕਿਉਂ ਨਾ ਗੱਠ ਲਵਾਂ ਇਹਨੂੰ। ਖੱਤਰੀ ਤਾਂ ਸਾਰਾ ਦਿਨ ਪੈਸਾ ਕਮਾਉਣ ਵਿਚ ਖਚਿਤ ਰਹਿੰਦਾ ਹੈ। ਘਰ ਆਉਂਦਾ ਹੈ ਤਾਂ ਥੱਕਿਆ ਟੁੱਟਿਆ। ਭਿੱਜ ਕੇ ਕਦੇ ਗੱਲ ਹੀ ਨਹੀਂ ਕਰਦਾ।
ਭਰਪੂਰ ਸਿੰਘ ਘਰੋਂ ਦਸ ਕਦਮ ਵੀ ਨਹੀਂ ਗਿਆ ਹੋਵੇਗਾ ਕਿ ਮੁੜ ਆਇਆ। ਉਹ ਦੀ ਔਰਤ ਉਹ ਨੂੰ ਵਾਪਸ ਘਰ ਵੜਦਾ ਦੇਖ ਕੇ ਹੈਰਾਨ ਹੋਈ। ਉਹ ਦੀਆਂ ਅੱਖਾਂ ਨੇ ਪੁੱਛਿਆ-"ਕਿਉਂ, ਕੀ ਹੋ ਗਿਆ?"
ਭਰਪੂਰ ਸਿੰਘ ਕਹਿੰਦਾ-"ਤੂੰ ਭਲਾਂ ਘਰੋਂ ਨਿਕਲ ਕੇ ਗਲੀ ਵਿਚ ਜਾਹ। ਦੇਖੀਂ...!"
"ਕੀ ਦੇਖਾਂ?" ਉਹ ਹੋਰ ਵੀ ਹੈਰਾਨ।
ਦੇਖੀਏ, ਤੈਨੂੰ ਵੀ ਮਾਰਦੈ ਕੋਈ...।"
"ਕੀ ਮਾਰਦੈ?"
"ਚੱਲ, ਰਹਿਣ ਦੇ।" ਉਹ ਨੇ ਮਨ ਦੀ ਗੱਲ ਮਨ ਵਿਚ ਰੱਖੀ ਤੇ ਫੇਰ ਪਾਣੀ ਦਾ ਗਲਾਸ ਮੰਗਿਆ। ਕਹਿੰਦਾ-"ਲੇਟ ਤਾਂ ਹੁਣ ਹੋਈ ਗਏ ਆਂ, ਚੱਲ ਹੋਰ ਲੇਟ ਸਹੀ।"
ਉਹ ਬੈਠਾ ਬੈਠਾ ਘਰ ਵਿਚ ਮੁੱਕੀਆਂ ਚੀਜ਼ਾਂ ਦੀ ਜਾਣਕਾਰੀ ਲੈਣ ਲੱਗਿਆ। ਫੇਰ ਕੁੱਝ ਚਿਰ ਬਾਅਦ ਉੱਠ ਕੇ ਆਪਣੇ ਦਰਵਾਜ਼ੇ ਤੋਂ ਬਾਹਰ ਗਰਦਨ ਕੱਢੀ ਤੇ ਦੇਖਿਆ, ਖਤਰਾਣੀ ਆਪਣੇ ਬਾਰ ਵਿਚ ਨਹੀਂ ਖੜ੍ਹੀ ਸੀ। ਉਹ ਦਬਾ ਸੈੱਟ ਆਪਣੇ ਸਾਈਕਲ ਨੂੰ ਹੱਥ ਪਾਇਆ ਤੇ ਪੈਡਲਾਂ ਨੂੰ ਅੱਡੀ ਦੇ ਕੇ ਔਹ ਗਿਆ।
ਮਲਕੀਤ ਕੌਰ ਬਹੁਤ ਹੈਰਾਨ ਕਿ ਅੱਜ ਉਹ ਦਾ ਘਰ ਵਾਲਾ ਇਹ ਪਾਗਲਪਨ ਜਿਹਾ ਕੀ ਘੋਟ ਰਿਹਾ ਹੈ।
110
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ