ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਦੇ ਚਿਹਰੇ ਵੱਲ ਝਾਕੇਗੀ ਤਾਂ ਕੀ ਪਤਾ ਕੀ ਪ੍ਰਭਾਵ ਪਵੇਗਾ ਉਹ ਦੇ 'ਤੇ। ਕਹੇਗੀ-"ਤੂੰ ਤਾਂ ਦਿਨਾਂ ਵਿਚ ਹੀ ਬੁੜ੍ਹਾ ਹੋ ਗਿਐਂ। ਕੀ ਹੋਇਆ ਤੈਨੂੰ? ਖ਼ੈਰ...ਉਹ ਨੇ ਆਪਣਾ ਬਰੀਫ਼ ਕੇਸ ਚੁੱਕਿਆ ਤੇ ਬੱਸ ਅੱਡੇ ਨੂੰ ਚੱਲ ਪਿਆ। ਘਰ ਵਾਲੀ ਕੋਲ ਕੋਈ ਬਹਾਨਾ ਲਾਇਆ ਸੀ ਕਿ ਰਾਮਨਗਰ ਉਹ ਦੇ ਦੋਸਤ ਦੀ ਲੜਕੀ ਦਾ ਵਿਆਹ ਹੈ। ਉਹ ਪਰਸੋਂ ਸ਼ਾਮ ਤੱਕ ਵਾਪਸ ਆ ਜਾਵੇਗਾ॥

ਗਰਮੀਆਂ ਦੇ ਦਿਨ ਸਨ। ਦੁਪਹਿਰ ਢਲ ਚੁੱਕੀ ਸੀ। ਪਰਤਾਪਗੜ੍ਹ ਦੇ ਬੱਸ ਅੱਡੇ 'ਤੇ ਬਹੁਤੀ ਭੀੜ ਨਹੀਂ ਸੀ। ਉਹ ਰਾਮ ਨਗਰ ਵਾਲੀ ਬੱਸ ਵਿਚ ਜਾ ਬੈਠਾ। ਉਹ ਦੀਆਂ ਅੱਖਾਂ ਵਿਚ ਕੋਈ ਹਲਕਾ ਹਲਕਾ ਨਸ਼ਾ ਉਤਰਿਆ ਹੋਇਆ ਸੀ।

ਪਰਤਾਪਗੜ੍ਹ ਤੋਂ ਅਗਲਾ ਅੱਡਾ ਦਾਨਪੁਰ ਕੈਂਚੀਆਂ ਦਾ ਸੀ। ਏਧਰ ਉੱਧਰ ਬੱਸਾਂ ਬਦਲਣ ਵਾਲੀਆਂ ਸਵਾਰੀਆਂ ਖੜ੍ਹੀਆਂ ਹੀ ਰਹਿੰਦੀਆਂ। ਏਥੇ ਉਨ੍ਹਾਂ ਬੱਸ ਵਿਚੋਂ ਦੋ ਚਾਰ ਸਵਾਰੀਆਂ ਹੀ ਉਤਰੀਆਂ, ਜਦੋਂ ਕਿ ਚੜ੍ਹਨ ਵਾਲੇ ਦਸ ਬਾਰਾਂ ਸਨ। ਉਹ ਦੋ ਬੰਦਿਆਂ ਵਾਲੀ ਸੀਟ 'ਤੇ ਬੈਠਾ ਹੋਇਆ ਸੀ। ਉਹ ਦੇ ਨਾਲ ਦੂਜੀ ਸੀਟ ਖ਼ਾਲੀ ਪਈ ਸੀ। ਇਸ ਕਰਕੇ ਉਹ ਖੁੱਲ੍ਹਾ ਜਿਹਾ ਹੋ ਕੇ ਬੈਠਾ ਸੀ। ਇੱਕ ਔਰਤ ਚੜ੍ਹੀ, ਹੱਥ ਵਿਚ ਥੈਲਾ, ਘੁੱਟ ਕੱਢਿਆ ਹੋਇਆ, ਕਹਿੰਦੀ-"ਦੇਖੀਂ ਬਾਬਾ, ਹੋਈਂ ਪਰ੍ਹੇ।"

ਉਹਦਾ ਬੋਲ ਸੁਣ ਕੇ ਜਗਦੇਵ ਇਕਦਮ ਝੂਠਾ ਪੈ ਗਿਆ। ਜਿਵੇਂ ਉਹ ਦੀ ਦੇਹ ਵਿਚ ਉੱਕਾ ਹੀ ਜਾਨ ਨਾ ਰਹੀ ਹੋਵੇ, ਪਰ ਅਗਲੇ ਬਿੰਦ ਉਹ ਨੇ ਹੁਸ਼ਿਆਰੀ ਫੜ ਲਈ, ਉਹ ਦਾ ਜੀਅ ਕੀਤਾ ਕਿ ਉਹ ਉਸ ਤੀਵੀਂ ਦੇ ਗਲ ਵਿਚ ਹੱਥ ਪਾ ਕੇ ਉਹ ਨੂੰ ਸੀਟ ਤੋਂ ਥੱਲੇ ਪਟਕਾ ਮਾਰੇ। ਉਹ ਕੈੜੀਆਂ ਅੱਖਾਂ ਨਾਲ ਉਸ ਔਰਤ ਵੱਲ ਝਾਕਣ ਲੱਗਿਆ। ਪੁੱਛਣਾ ਚਾਹੁੰਦਾ ਸੀ-"ਕਿਉਂ ਭਾਈ, ਕੀ ਦੇਖਿਆ ਤੂੰ ਮੇਰੇ 'ਚ ਬਾਬੇ ਆਲਾ?" ਪਰ ਉਹ ਘੁੱਟ ਹੀ ਵੱਟ ਗਿਆ। ਔਰਤ ਨੇ ਮੂੰਹ ਉੱਤੋਂ ਪੱਲਾ ਢਿੱਲਾ ਕਰ ਦਿੱਤਾ ਸੀ। ਅਗਲੀ ਸੀਟ ਦੇ ਡੰਡੇ ਤੇ ਰੱਖੇ ਉਹ ਦੇ ਇੱਕ ਹੱਥ 'ਤੇ ਉਹ ਦੇ ਅੱਧ ਨੰਗੇ ਚਿਹਰੇ ਤੋਂ ਪਤਾ ਲੱਗਦਾ ਸੀ, ਜਿਵੇਂ ਉਹ ਅੱਧਖੜ ਉਮਰ ਦੀ ਹੋਵੇ। ਉਹ ਦੇ ਸਿਰ ਦੇ ਵਾਲ ਖਿਚੜੀ ਸੀ। ਉਹ ਨੇ ਬਾਬਾ ਕਹਿ ਕੇ ਜਗਦੇਵ ਸਿੰਘ ਦੀ ਜਮ੍ਹਾਂ ਹੀ ਪੱਟੀ ਮੇਸ ਕਰ ਦਿੱਤੀ ਸੀ। ਹਾਲੇ ਤੱਕ ਉਹ ਉਸ ਔਰਤ ਵੱਲ ਹੀ ਦੇਖੀ ਜਾ ਰਿਹਾ ਸੀ। ਜਿਵੇਂ ਬੱਸ ਵਿਚ ਉਹੀ ਇੱਕ ਹੋਵੇ। ਬਾਕੀ ਸਵਾਰੀਆਂ ਜਗਦੇਵ ਸਿੰਘ ਲਈ ਗੈਰ ਹਾਜ਼ਰ ਸਨ।

ਦਾਨਪੁਰ ਕੈਂਚੀਆਂ ਤੋਂ ਤੀਜਾ ਅੱਡਾ ਘੁੰਮਣ ਸੀ। ਘੁੰਮਣ ਉਹ ਦਾ ਆਪਣਾ ਪਿੰਡ ਸੀ। ਉਹ ਨੂੰ ਪਿੰਡ ਛੱਡੇ ਨੂੰ ਪੰਦਰਾਂ ਸੋਲਾਂ ਸਾਲ ਹੋ ਚੁੱਕੇ ਸਨ। ਉੱਥੇ ਉਨ੍ਹਾਂ ਦੀ ਜ਼ਮੀਨ ਸੀ। ਡੇਰਾ ਸੀ। ਉਹ ਸਾਧ ਸਨ। ਡੇਰੇ ਵਿਚ ਠਾਕਰਾਂ ਦੀ ਪੂਜਾ ਕਰਦੇ। ਜਨਮ ਅਸ਼ਟਮੀ ਵਾਲੇ ਦਿਨ ਮਾਲ੍ਹ ਪੂੜੇ ਪਕਾਉਂਦੇ। ਉਸ ਦਿਨ ਜਿਹੜਾ ਠਾਕਰਾਂ ਨੂੰ ਮੱਥਾ ਟੇਕਣ ਜਾਂਦਾ ਤੇ ਚੜ੍ਹਾਵਾ ਚੜਾਉਂਦਾ, ਉਹ ਨੂੰ ਮਾਲ੍ਹ ਪੂੜਿਆਂ ਦਾ ਪ੍ਰਸ਼ਾਦ ਦਿੰਦੇ। ਪਿੰਡ ਉਨ੍ਹਾਂ ਨੂੰ ਪੂਜਦਾ ਸੀ। ਉਨ੍ਹਾਂ ਦੇ ਡੇਰੇ ਦਾ ਬੱਚਾ ਜੰਮਦੇ ਹੀ ਬਾਬਾ ਕਹਾਉਣ ਲੱਗਦਾ। ਚਾਲੀ ਚਾਲੀ, ਪੰਜਾਹ ਪੰਜਾਹ ਵਰ੍ਹਿਆਂ ਦੇ ਮਰਦ ਔਰਤਾਂ ਉਹ ਨੂੰ ਦਸ ਵਰ੍ਹਿਆਂ ਦੇ ਮੁੰਡੇ ਨੂੰ ਵੀ ਬਾਬਾ ਆਖਦੇ। ਬੱਸ ਉਹ ਆਪਣੀ ਮਾਂ ਦਾ ਹੀ ਜਗਦੇਵ ਸੀ ਜਾਂ ਹਾਣੀ ਮੁੰਡਿਆਂ ਵਿਚ ਦੇਬਾ, ਬਾਕੀ ਸਾਰੇ 'ਬਾਬਾ' ਸਕੂਲ ਪੜ੍ਹਨ ਭੇਜਿਆ, ਉਹ ਪਤਾ ਨਹੀਂ ਕਿਵੇਂ ਜਗਦੇਵ

ਨਾ ਦੱਸਣ ਵਾਲਾ ਸੁੱਖ

113