ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/124

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਪਣਾ ਆਦਮੀ

ਇੱਕ ਬਸਤਾ ਮੋਢੇ ਲਟਕਦਾ ਇੱਕ ਬਸਤਾ ਹੱਥ ਵਿਚ। ਦੂਜੇ ਹੱਥ ਦੀ ਉਂਗਲ ਲਾਇਆ ਛੋਟਾ ਬੱਚਾ। ਵੱਡਾ ਬੱਚਾ ਮਗਰ ਮਗਰ ਤੁਰਦਾ। ਠੁੰਮਕ ਠੁੰਮਕ, ਨਿੱਕੇ ਨਿੱਕੇ ਪੈਰ ਪੁੱਟਦਾ ਹੋਇਆ। ਬੁੱਢੇ ਦੀ ਉਮਰ ਸੱਤਰ ਸਾਲ ਦੇ ਨੇੜੇ ਤੇੜੇ ਹੋਵੇਗੀ। ਉਹ ਦੇ ਮੂੰਹ ਵਿਚ ਚਾਹੇ ਇੱਕ ਵੀ ਦੰਦ ਬਾਕੀ ਰਹਿ ਗਿਆ ਸੀ, ਪਰ ਉਹ ਦਾ ਚਿਹਰਾ ਮਾਸੂਮ ਸੀ, ਬਾਲਕ ਜਿਹਾ। ਮੱਥੇ ਅਤੇ ਗੱਲਾਂ ਦੀਆਂ ਝੁਰੜੀਆਂ ਬਹੁਤ ਘੱਟ ਦਿਸਦੀਆਂ। ਅੱਖਾਂ ਦੀ ਚਮਕ ਕਾਇਮ ਸੀ। ਬੱਚਿਆਂ ਨੂੰ ਲੈ ਕੇ ਉਹ ਸਵੇਰੇ ਤੇ ਸ਼ਾਮ ਨੂੰ ਗਲੀ ਵਿਚ ਦੀ ਲੰਘਦਾ ਤਾਂ ਅਸੀਂ ਉਹਦੇ ਬਾਰੇ ਤਰ੍ਹਾਂ ਤਰ੍ਹਾਂ ਦੇ ਅਨੁਮਾਨ ਲਾਉਂਦੇ। ਆਂਢੀ ਗੁਆਂਢੀ ਹੋਰ ਲੋਕ ਵੀ ਉਹਦੇ ਬਾਰੇ ਇੰਝ ਹੀ ਤਰ੍ਹਾਂ ਤਰ੍ਹਾਂ ਦਾ ਸੋਚਦੇ ਹੋਣਗੇ। ਕਦੇ ਲੱਗਦਾ, ਉਹ ਨੌਕਰ ਹੈ ਤੇ ਬੱਚਿਆਂ ਨੂੰ ਸਕੂਲ ਛੱਡਣ-ਲਿਆਉਣ ਦੀ ਡਿਊਟੀ ਨਿਭਾਉਂਦਾ ਹੈ। ਕਦੇ ਸੋਚਦੇ, ਇਹ ਬੱਚਾ ਬੱਚੀ ਉਹਦੇ ਪੋਤਰੇ ਹੋਣਗੇ। ਮੇਰੇ ਘਰਵਾਲੀ ਆਖਦੀ-'ਦੋਹਤੇ ਵੀ ਹੋ ਸਕਦੇ ਨੇ, ਬੁੜ੍ਹਾ ਧੀ ਕੋਲ ਰਹਿੰਦਾ ਹੋਊਗਾ।'

ਮੁੰਡਾ-ਕੁੜੀ ਲਈਂ ਜਾਂਦਾ ਉਹ ਗਲੀ ਦੇ ਹਰ ਘਰ ਵੱਲ ਝਾਕਦਾ-ਸੱਜੇ-ਖੱਬੇ। ਘਰਾਂ ਦੇ ਬਾਰਾਂ ਅੱਗੇ ਬੈਠੀਆਂ ਗੱਪਾਂ ਮਾਰਦੀਆਂ ਜਾਂ ਉਂਝ ਹੀ ਡੌਰੂ ਵਾਂਗ ਮੂੰਹ ਉਤਾਂਹ ਚੁੱਕ ਕੇ ਝਾਕਦੀਆਂ ਵਿਹਲੀਆਂ ਔਰਤਾਂ ਉਹਦੇ ਵੱਲ ਬੇਮਤਲਬ ਅੱਖਾਂ ਟਿਕਾਉਂਦੀਆਂ। ਬੁੱਢਾ ਪੈਰ ਮਲਦਾ ਜਿਵੇਂ ਚਾਹੁੰਦਾ ਹੋਵੇ, ਕੋਈ ਉਹਨੂੰ ਬੁਲਾਵੇ, ਕੋਈ ਉਹਦੇ ਨਾਲ ਗੱਲ ਕਰੇ-ਕੋਈ ਵੀ ਗੱਲ। ਪਰ ਵਿਹਲੀਆਂ ਤੀਵੀਆਂ ਦਾ ਕੀ ਸੀ ਉਹ ਤਾਂ ਸਿਰਫ਼ ਝਾਕਦੀਆ ਸਨ ਤੇ ਝਾਕਦੀਆਂ ਹੀ ਰਹਿੰਦੀਆਂ। ਗਲੀ ਦੇ ਮੋੜ 'ਤੇ ਉਨ੍ਹਾਂ ਦੀ ਨਜ਼ਰ ਪਿਆ ਬੰਦਾ ਗਲੀ ਦੇ ਦੂਜੇ ਮੋੜ ਤੱਕ ਮਜਾਲ ਹੈ, ਉਹ ਉਸ ਬੰਦੇ ਤੋਂ ਨਜ਼ਰ ਪਰ੍ਹੇ ਹਟਾ ਲੈਣ। ਗਲੀ ਦੇ ਅੱਧ ਵਿਚਕਾਰ ਹੀ ਕਿਸੇ ਦੇ ਘਰ ਜਾ ਵੜਿਆ ਆਦਮੀ ਉਨ੍ਹਾਂ ਦੀ ਨਜ਼ਰ ਤੋਂ ਅਚਾਨਕ ਗੁੰਮ ਜਾਂਦਾ ਤਾਂ ਉਨ੍ਹਾਂ ਦੀਆਂ ਤਿੱਖੀਆਂ ਲਾਟ ਵਾਂਗ ਬਲਦੀਆਂ ਅੱਖਾਂ ਦੀਵੇ ਵਾਂਗ ਬੁਝ ਜਾਂਦੀਆਂ। ਮੁੰਡਾ ਕੁੜੀ ਲਈ ਜਾਂਦੇ ਬੁੱਢੇ ਵੱਲ ਕਿਸ ਦਾ ਧਿਆਨ ਸੀ, ਗਲੀ ਵਿਚ ਦੀ ਸੈੋਂਕੜੇ ਲੋਕ ਲੰਘਦੇ ਸਨ। ਗਲੀ ਤਾਂ ਵਗਦੀ ਹੀ ਰਹਿੰਦੀ, ਬਾਰਾਂ ਮਾਸੀਆ ਨਦੀ ਵਾਂਗ।

ਘਰਵਾਲੀ ਆਖਦੀ 'ਬੁੜ੍ਹਾ ਵਾਧੂ ਮੋਢੇ ਤੁੜਾਉਂਦੈ, ਹਿਬੜ ਹਿਬੜ ਜੁੱਤੀਆਂ ਘਸਾਉਂਦਾ ਜਾਂਦੈ, ਹਿਬੜ ਹਿਬੜ ਜੁੱਤੀਆਂ ਘਸਾਉਂਦਾ ਆਉਂਦੈ ਦੋ ਚੱਕਰ ਜਾਣ ਦੇ, ਦੋ ਚੱਕਰ ਆਉਣ ਦੇ, ਪਹਿਲਾਂ ਛੱਡਣ ਜਾਂਦੈ, ਫੇਰ ਲੈਣ ਜਾਂਦੈ, ਕਿਉਂ ਨ੍ਹੀ ਰਿਕਸ਼ੇ

124

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ