ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਸ਼ਨ ਚਿੰਨ੍ਹ

ਮੈਨੂੰ ਅੱਜ ਨੀਂਦ ਨਹੀਂ ਆ ਰਹੀ। ਕਦੇ ਇਸ ਬਾਹੀ ਨਾਲ ਹਿੱਕ ਘੁੱਟਦਾ ਹਾਂ, ਕਦੇ ਉਸ ਨਾਲ। ਜਲੰਧਰ ਰੇਡੀਓ ਕਦੋਂ ਦਾ 'ਜੈ ਹਿੰਦ' ਬੁਲਾ ਗਿਆ ਹੈ। ਲਾਹੌਰ ਵੀ ਨਹੀਂ ਬੋਲ ਰਿਹਾ। ਇੱਕ ਦੋ ਬਦੇਸ਼ੀ ਸਟੇਸ਼ਨ ਜਿਹੜੇ ਚੱਲ ਰਹੇ ਹਨ, ਉਨ੍ਹਾਂ ਦੀ ਮੈਨੂੰ ਸਮਝ ਨਹੀਂ ਆ ਰਹੀ। ਟੇਬਲ ਲੈਂਪ ਧੌਣ ਸੁੱਟੀ ਮੇਜ਼ਪੋਸ਼ ਦੀਆਂ ਡੱਬੀਆਂ ਗਿਣ ਰਿਹਾ ਹੈ। ਰੇਡੀਓ ਦੀ ਸਵਿੱਚ ਬੰਦ ਕਰਕੇ ਮੈਂ ਫਿਰ ਮੰਜੇ ਦੀ ਬਾਹੀ ਨਾਲ ਆਪਣੀ ਹਿੱਕ ਨੂੰ ਘੁੱਟ ਲੈਂਦਾ ਹਾਂ ਤੇ ਸੋਚਦਾ ਹਾਂ ਕਿ "ਉਹ ਕੌਣ ਸੀ?"

ਕਾਰਨਿਸ 'ਤੇ ਪਿਆ ਟਾਈਮਪੀਸ ਇਉਂ ਲੱਗਦਾ ਹੈ, ਜਿਵੇਂ ਅੱਜ ਉਸ ਦੀ 'ਟਿੱਕ ਟਿੱਕ' ਕੁਝ ਉੱਚੀ ਹੋ ਗਈ ਹੈ ਜਾਂ ਸ਼ਾਇਦ ਕਮਰੇ ਵਿਚ ਚੁੱਪ ਵਧ ਗਈ ਹੈ ਜਾਂ ਸ਼ਾਇਦ ਰਾਤ ਡੂੰਘੀਆਂ ਸੋਚਾਂ ਵਿਚ ਉਤਰ ਚੁੱਕੀ ਹੈ। "ਟਿੱਕ ਟਿੱਕ" "ਟਿੱਕ ਟਿੱਕ".... ਟਾਈਮਪੀਸ ਇੱਕੋ ਸਾਹ ਬੋਲ ਰਿਹਾ ਹੈ। "ਟਿੱਕ ਟਿੱਕ" ਤੋਂ ਬਿਨਾਂ ਇੱਕ ਆਵਾਜ਼ ਹੋਰ ਵੀ ਆ ਰਹੀ ਹੈ। ਉਹ ਆਵਾਜ਼ ਵੀ "ਟਿੱਕ ਟਿੱਕ" ਨਾਲ ਰਲਦੀ ਮਿਲਦੀ ਹੈ। ਇੱਕ ਖੂੰਜੇ ਵਿਚ ਉੱਪਰ ਥੱਲੇ ਪਏ ਦੋ ਟਰੱਕਾਂ 'ਤੇ ਇੱਕ ਅਟੈਚੀ ਕੇਸ ਖੁੱਲ੍ਹਾ ਪਿਆ ਹੈ। ਉਸ ਖੂੰਜੇ ਵੱਲ ਕਿਤੇ ਕਿਸੇ ਚੂਹੀ ਦੀ "ਟੁੱਕ ਟੁੱਕ" ਸੁਣਦੀ ਹੈ। ਸ਼ਾਇਦ ਡਬਲ ਰੋਟੀ ਦਾ ਕੋਈ ਪੀਸ ਉਸ ਦੇ ਅੜਿੱਕੇ ਆ ਗਿਆ ਹੈ ਜਾਂ ਸ਼ਾਇਦ ਉਸ ਨੇ ਮੇਰੀ ਨਵੀਂ ਜੁੱਤੀ ਨੂੰ ਹੀ ਵਾਢਾ ਧਰ ਲਿਆ ਹੋਵੇ। ਮੰਜੇ ਥੱਲੇ ਪਈਆਂ ਬਾਥਰੂਮ ਚੱਪਲਾਂ ਵਿਚੋਂ ਇੱਕ ਚੱਪਲ ਚੁੱਕਦਾ ਹਾਂ ਤੇ ਫ਼ਰਸ਼ ਤੇ ਦੋ ਤਿੰਨ ਵਾਰ ਉਸ ਨੂੰ ਮਾਰ ਕੇ ਖੜਕਾ ਕਰਦਾ ਹਾਂ ਤੇ ਮੂੰਹ ਨਾਲ ਕੋਈ ਆਵਾਜ਼ ਕੱਢਦਾ ਹਾਂ। ਚੂਹੀ ਦੀ "ਟੁੱਕ ਟੁੱਕ" ਬੰਦ ਹੋ ਜਾਂਦੀ ਹੈ। ਮੈਨੂੰ ਨੀਂਦ ਨਹੀਂ ਆ ਰਹੀ। ਟੇਬਲ ਲੈਂਪ ਦੀ ਸਵਿੱਚ ਬੰਦ ਦਿੰਦਾ ਹਾਂ। ਮੰਜੇ ਦੀ ਦੂਜੀ ਬਾਹੀ ਨਾਲ ਘੁੱਟ ਲੈਂਦਾ ਹਾਂ। ਆਪਣੇ ਦਿਮਾਗ਼ ਵਿਚੋਂ ਸਾਰੀਆਂ ਸੋਚਾਂ ਛੱਡ ਕੇ ਮੈਂ ਸੌਂ ਜਾਣਾ ਚਾਹੁੰਦਾ ਹਾਂ, ਪਰ ਨੀਂਦ ਨਹੀਂ ਆ ਰਹੀ। ਨੀਂਦ ਜਿਵੇਂ ਖੰਭ ਲਾ ਕੇ ਦੂਰ ਕਿਤੇ ਦਰਖ਼ਤਾਂ ਦੀਆਂ ਟਹਿਣੀਆਂ 'ਤੇ ਜਾ ਬੈਠੀ ਹੈ। ਇੱਕੋ ਸਵਾਲ ਜਿਸ ਨੇ ਮੇਰੇ ਦਿਮਾਗ਼ ਵਿਚ ਚੱਕਰ ਬੰਨ੍ਹਿਆ ਹੋਇਆ ਹੈ, ਉਹ ਇਹ ਹੈ ਕਿ "ਉਹ ਸੀ ਕੌਣ?"

ਅੱਜ ਦੋ ਕੁ ਵਜੇ ਚਾਹ ਪੀਣ ਜਦ ਮੈਂ "ਕੈਫਟੇਰੀਆ ਵੱਲ ਗਿਆ ਸਾਂ। ਦਰਵਾਜਿਓਂ ਅੰਦਰ ਖੂੰਜੇ ਪਈ ਇੱਕ ਟੇਬਲ 'ਤੇ ਝੁਕਿਆ ਸਾਂ ਤੇ ਫਿਰ ਸਾਰੇ ਕੈਫਟੇਰੀਆ ਵਿਚ ਨਿਗਾਹ ਘੁਮਾਈ ਸੀ ਤਾਂ ਦੇਖਿਆ ਸੀ ਕਿ ਕੰਦਲਾ ਵਿਚਕਾਰਲੇ ਥਮਲੇ ਕੋਲ ਟੇਬਲ 'ਤੇ ਖੱਬੀ ਬਾਂਹ ਪਸਾਰੀ ਕੌਫ਼ੀ ਦੀਆਂ ਚੁਸਕੀਆਂ ਲੈ ਰਹੀ ਸੀ। ਉਸ ਨੂੰ ਦੇਖ ਕੇ ਮੇਰੀਆਂ

ਪ੍ਰਸ਼ਨ ਚਿੰਨ੍ਹ

13