ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/130

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕਰੋ। ਜੇ ਤੁਸੀਂ ਇਸ ਗੱਲ ਦਾ ਬੁਰਾ ਮਨਾਉਂ ਤਾਂ ਏਥੇ ਈ ਮਿੱਟੀ ਪਾ ਦਿਓ। ਮੈਨੂੰ ਬਦਨਾਮ ਨਾ ਕਰਿਓ।'

ਮੈਂ ਓਸੇ ਵੇਲੇ ਇਕਬਾਲ ਇਕੱਲੀ ਨੂੰ ਸੱਦ ਕੇ ਪਹਿਲਾਂ ਤਾਂ ਬਹੁਤ ਝਿੜਕਿਆ ਕਿ ਤੂੰ ਮੈਨੂੰ ਇਹੋ ਜਿਹਾ ਕਮੀਨਾ ਸਮਝਦੀ ਐਂ, ਪਰ ਤੀਜੇ ਦਿਨ ਯਾਰ ਮੈਂ ਆਪੇ ਈ ਪਿਘਲ ਗਿਆ ਤੇ ਇਕਬਾਲ ਵਿਚ ਵੀ ਜਿਵੇਂ ਜਾਨ ਪੈ ਗਈ। ਹੁਣ ਉਹ ਦੋਵੇਂ ਮੇਰੇ ਕੋਲ ਆਉਂਦੀਆਂ ਨੇ। ਕਾਪੀ ਵਿਚ ਚਿੱਠੀ ਪਾ ਕੇ ਇਕਬਾਲ ਦੇ ਜਾਂਦੀ ਐ ਤੇ ਦੂਜੇ ਦਿਨ ਆਪਣੀ ਚਿੱਠੀ ਉਸੇ ਕਾਪੀ ਵਿਚ ਪਾ ਕੇ ਮੈਂ ਉਨ੍ਹਾਂ ਨੂੰ ਮੋੜ ਦਿੰਦਾ ਹਾਂ। ਬੜਾ ਕੁਸ ਉਹ ਲਿਖਦੀ ਐ। ਬੜਾ ਕੁਸ ਮੈਂ ਲਿਖਿਐ। ਹੁਣ ਤਾਂ ਪੂਰੀ ਤਰ੍ਹਾਂ ਖੁੱਲ੍ਹ ਗਏ ਆਂ। ਯਾਰ ਲਿਖਦੀ ਬੜਾ ਸੋਹਣੈ-ਜ਼ਰੂਰ ਨਾਵਲ ਪੜ੍ਹਦੀ ਹੋਏਗੀ।'

'ਅੱਛਾ! ਅੱਛਾ! ਯਹ ਬਾਤ ਹੈ!' ਨਿਰਮਲ ਸਿੰਘ ਨੂੰ ਸੁਣ ਕੇ ਵੀ ਜਿਵੇਂ ਸੁਆਦ ਜਿਹਾ ਆ ਗਿਆ।

ਵੀਹ ਕੁ ਦਿਨਾ ਬਾਅਦ ਮਦਨ ਮੋਹਨ ਫੇਰ ਨਿਰਮਲ ਸਿੰਘ ਕੋਲ ਆਇਆ। ਇਕਬਾਲ ਸੋਢੀ ਦੀਆਂ ਗੱਲਾਂ ਬਹੁਤ ਉਹ ਕਰਦੇ ਰਹੇ। ਨਾਲ ਦੀ ਕ੍ਰਿਸ਼ਨਾ ਦੀ ਗੱਲ ਵੀ ਚੱਲ ਪੈਂਦੀ। ਗੱਲਾਂ ਗੱਲਾਂ ਵਿਚ ਮਦਨ ਮੋਹਨ ਨੇ ਨਿਰਮਲ ਸਿੰਘ ਨੂੰ ਦੱਸਿਆ-'ਯਾਰ, ਕ੍ਰਿਸ਼ਨਾ ਜਦ ਇਕਬਾਲ ਨਾਲ ਮੇਰੇ ਕੋਲ ਆਉਂਦੀ ਐ ਤਾਂ ਤੇਰਾ ਨਾਉਂ ਬੜਾ ਲੈਂਦੀ ਐ। ਕਦੇ ਪੁੱਛਦੀ ਐ-ਪ੍ਰੋ: ਨਿਰਮਲ ਸਿੰਘ ਜੀ ਹੁਣ ਕਿਹੜੇ ਕਾਲਜ ਵਿਚ ਨੇ? ਕਦੇ ਪੁੱਛਦੀ ਐ ਉਨ੍ਹਾਂ ਦੀ ਕਵਿਤਾ ਨੀ ਹੁਣ ਕਦੇ ਕਿਸੇ ਰਸਾਲੇ 'ਚ ਪੜ੍ਹੀ। ਇਕਬਾਲ ਨੇ ਅੱਡ ਹੋ ਕੇ ਵੀ ਮੈਨੂੰ ਇੱਕ ਦਿਨ ਕਿਹਾ ਸੀ ਕਿ ਪਤਾ ਨੀ ਕ੍ਰਿਸ਼ਨਾ ਕਿਉਂ ਪ੍ਰੋ: ਨਿਰਮਲ ਸਿੰਘ ਜੀ ਨੂੰ ਯਾਦ ਕਰਦੀ ਰਹਿੰਦੀ ਐ।'

ਮਦਨ ਮੋਹਨ ਦੀਆਂ ਇਹ ਗੱਲਾਂ ਸੁਣ ਕੇ ਨਿਰਮਲ ਸਿੰਘ ਵੀ ਭਾਵੁਕ ਜਿਹਾ ਹੋ ਗਿਆ। ਦੂਜੇ ਦਿਨ ਜਦ ਉਹ ਅੱਡੇ 'ਤੇ ਉਸ ਨੂੰ ਬੱਸ ਚੜ੍ਹਾਉਣ ਗਿਆ ਤਾਂ ਇੱਕ ਪਰਚੀ ਜਿਹੀ ਕ੍ਰਿਸ਼ਨਾ ਦੇ ਨਾਉਂ 'ਤੇ ਲਿਖ ਕੇ ਉਸ ਨੂੰ ਫੜਾ ਦਿੱਤੀ, ਜਿਸ ਵਿਚ ਲਿਖਿਆ ਸੀ-'ਮਦਨ ਮੋਹਨ ਤੋਂ ਤੇਰੀਆਂ ਗੱਲਾਂ ਸੁਣ ਕੇ ਮੈਨੂੰ ਤੇਰੇ ਨਾਲ ਕੁਝ ਮੋਹ ਜਿਹਾ ਹੋ ਗਿਆ ਹੈ। ਜੇ ਤੇਰੇ ਦਿਲ ਵਿਚ ਵੀ ਕੋਈ ਅੱਗ ਹੈ ਤਾਂ ਲਿਖ।'

ਕੁੜੀਆਂ ਉਹ ਦੋਵੇਂ ਵਸਾਖੀ ਵਾਲੇ ਪਿੰਡ ਦੇ ਰਹਿਣ ਵਾਲੀਆਂ ਸਨ।

ਇੱਕ ਵਾਰੀ ਫੇਰ ਜਦ ਮਦਨ ਮੋਹਨ ਨਿਰਮਲ ਸਿੰਘ ਕੋਲ ਆਇਆ ਤਾਂ ਉਹਦਾ ਚਿਹਰਾ ਉਤਰਿਆ ਹੋਇਆ ਸੀ। 'ਯਾਰ, ਤੇਰੀ ਪਰਚੀ ਜੀ ਨੇ ਤਾਂ ਵਕਾਰ ਦਾ ਸਵਾਲ ਬਣਾ 'ਤਾ। ਕ੍ਰਿਸ਼ਨਾ ਪਰਚੀ ਪੜ੍ਹਨ ਸਾਰ ਇਕਬਾਲ 'ਤੇ ਭੜਕ ਪਈ। ਕਹਿੰਦੀ-'ਮੈਂ ਹੁਣ ਤੀਕ ਉਨ੍ਹਾਂ ਨੂੰ ਟੀਚਰ ਸਮਝਦੀ ਆ ਰਹੀ ਆਂ, ਇਹ ਉਨ੍ਹਾਂ ਨੇ ਕੀ ਕੀਤਾ?' ਮੇਰੇ ਲਈ ਹੁਣ ਇਹ ਯਾਰ ਵਕਾਰ ਦਾ ਸਵਾਲ ਐ। ਖ਼ੈਰ ਇਹਦੇ ਵਿਚ ਮੈਂ ਈ ਦੋਸ਼ੀ ਆਂ, ਤੂੰ ਨਹੀਂ।'

ਮਦਨ ਮੋਹਨ ਦੀ ਇਹ ਸਾਰੀ ਗੱਲ ਸੁਣ ਕੇ ਨਿਰਮਲ ਸਿੰਘ ਦੀ ਹੋਸ਼ ਠਿਕਾਣੇ ਆ ਗਈ। ਮਦਨ ਮੋਹਨ ਤਾਂ ਚਲਿਆ ਗਿਆ, ਪਰ ਨਿਰਮਲ ਸਿੰਘ ਦੇ ਕਾਲਜੇ ਨੂੰ ਅੱਗ ਲੱਗੀ ਰਹੀ। ਕਾਲਜ ਉਹ ਜਾਂਦਾ ਤੇ ਵਿਦਿਆਰਥੀਆਂ ਨੂੰ ਉੱਖੜੇ ਉੱਖੜੇ ਲੈਕਚਰ

130
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ