ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿੰਦਾ। ਪ੍ਰੋਫੈਸਰਾਂ ਨਾਲ ਬੇਥਵੀਆਂ ਗੱਲਾਂ ਮਾਰਦਾ। ਆਖ਼ਰ ਉਸ ਨੇ ਇੱਕ ਦਿਨ ਕਾਪੀ ਬਜ਼ਾਰੋਂ ਖਰੀਦੀ ਤੇ 'ਮੇਰੇ ਚੰਗੇ ਜੀ' ਸੰਬੋਧ ਕਰਕੇ ਤਿੰਨ ਦਿਨ ਲਿਖਦਾ ਰਿਹਾ। ਪੂਰੇ ਉਣੱਤੀ ਸਫ਼ੇ ਦੀ ਉਹ ਚਿੱਠੀ ਲਿਖ ਕੇ ਨਿਰਮਲ ਸਿੰਘ ਇੱਕ ਰਾਤ ਮਦਨ ਮੋਹਨ ਕੋਲ ਗਿਆ ਤੇ ਕ੍ਰਿਸ਼ਨਾ ਲਈ ਉਹ ਚਿੱਠੀ ਉਸ ਨੂੰ ਦੇ ਆਇਆ।

ਚਿੱਠੀ ਵਿਚ ਭਾਵੁਕ ਹੋ ਕੇ ਪਤਾ ਨਹੀਂ ਕੀ ਕੀ ਲਿਖ ਗਿਆ ਸੀ। ਆਪਣੇ 'ਤੇ ਲਾਹਣਤਾਂ ਪਾਈਆਂ ਸਨ। ਆਪਣੇ ਖ਼ਾਲੀ ਖ਼ਾਲੀ ਦਿਲ ਦੀ ਤਰਜਮਾਨੀ ਕੀਤੀ ਸੀ। ਪਛਤਾਵਾ ਸੀ ਤੇ ਕ੍ਰਿਸ਼ਨਾ ਪ੍ਰਤੀ ਪੋਲਾ ਪੋਲਾ ਤੇ ਗੁੱਝਾ ਗੁੱਝਾ ਗੁੱਸਾ ਸੀ।

ਉਣੱਤੀ ਸਫ਼ੇ ਦੀ ਉਹ ਚਿੱਠੀ ਪੜ੍ਹ ਕੇ ਕ੍ਰਿਸ਼ਨਾ ਦੇ ਪੈਰਾਂ ਥੱਲਿਓਂ ਜਿਵੇਂ ਮਿੱਟੀ ਨਿਕਲ ਗਈ। ਐਡੇ ਵੱਡੇ ਆਦਮੀ ਨੇ ਉਸ ਤੋਂ ਮਾਫ਼ੀਆਂ ਮੰਗੀਆਂ ਸਨ। ਕ੍ਰਿਸ਼ਨਾ ਦਾ ਮਨ ਵਹਿ ਤੁਰਿਆ। ਅਗਲੇ ਐਤਵਾਰ ਹੀ ਮਦਨ ਮੋਹਨ ਦੇ ਪਿੰਡ ਇੱਕ ਮੀਟਿੰਗ ਰੱਖੀ ਗਈ। ਇਹ ਪਿੰਡ ਵਸਾਖੀ ਵਾਲੇ ਪਿੰਡ ਤੋਂ ਕੇਵਲ ਦਸ ਮੀਲ ਦੂਰ ਸੀ। ਇਸ ਮੀਟਿੰਗ 'ਤੇ ਮਦਨ ਮੋਹਨ ਤੇ ਇਕਬਾਲ ਸੋਢੀ ਨੇ ਵੀ ਰੱਜ ਕੇ ਗੱਲਾਂ ਕਰਨੀਆਂ ਸਨ ਤੇ ਕ੍ਰਿਸ਼ਨਾ ਨੇ ਵੀ ਨਿਰਮਲ ਸਿੰਘ ਨਾਲ ਕੋਈ ਗੱਲ ਕਰਨੀ ਸੀ।

ਮਦਨ ਮੋਹਨ ਦੇ ਘਰ ਹੀ ਇੱਕ ਵੱਖਰੀ ਬੈਠਕ ਵਿਚ ਇਹ ਮੀਟਿੰਗ ਹੋਈ। ਕੁਦਰਤੀ ਤੌਰ 'ਤੇ ਇਸ ਸਮੇਂ ਪਟਿਆਲੇ ਤੋਂ ਮਦਨ ਮੋਹਨ ਦਾ ਇੱਕ ਦੋਸਤ ਵੀ ਆ ਗਿਆ। ਉਹ ਪਟਿਆਲੇ ਕਿਸੇ ਵੱਡੀ ਵਰਕਸ਼ਾਪ ਦਾ ਹੈੱਡ ਮਕੈਨਿਕ ਸੀ। ਉਹ ਬੰਦਾ ਵੀ ਇਸ਼ਕ ਵਿਚ ਮੱਚਿਆ ਹੋਇਆ ਸੀ। ਹੁਣ ਉਹ ਵਿਆਹਿਆ ਹੋਇਆ ਸੀ, ਪਰ ਵਿਆਹ ਤੋਂ ਪਹਿਲਾਂ ਉਸ ਨੇ ਇੱਕ ਲੜਕੀ ਨੂੰ ਕਈ ਸਾਲ ਰੱਜ ਕੇ ਪਿਆਰ ਕੀਤਾ ਸੀ। ਉਸ ਦੇ ਉਸ ਪਿਆਰ ਵਿਚ ਲਿੰਗ ਵਾਸ਼ਨਾ ਦਾ ਭੋਰਾ ਵੀ ਅੰਸ਼ ਨਹੀਂ ਸੀ। ਚਾਰ ਪੰਜ ਸਾਲ ਉਹ ਲਗਾਤਾਰ ਰਾਤ ਨੂੰ ਮਿਲਦੇ ਰਹੇ ਸਨ। ਰਾਤ ਨੂੰ ਉਹ ਸੌਣ ਵੇਲੇ ਦੋਵੇਂ ਆਪਣੇ ਆਪਣੇ ਘਰ ਸਾਰੇ ਟੱਬਰ ਨੂੰ ਦੁੱਧ ਵਿਚ ਇੱਕ ਐਸੀ ਦਵਾਈ ਪਿਆ ਦਿੰਦੇ, ਜਿਸ ਨਾਲ ਸਾਰੀ ਰਾਤ ਜਾਗ ਨਹੀਂ ਸੀ ਆਉਂਦੀ। ਉਹ ਇੱਕ ਦੂਜੇ ਲਈ ਜਾਨ ਦਿੰਦੇ ਸਨ ਤੇ ਇੱਕ ਜਾਨ ਹੋ ਗਏ। ਪਰ ਜ਼ਾਤ ਬਰਾਦਰੀ ਮਸਲਿਆਂ ਕਰਕੇ ਉਨ੍ਹਾਂ ਦਾ ਵਿਆਹ ਨਾ ਹੋ ਸਕਿਆ। ਉਹ ਅਜੇ ਵੀ ਮਹੀਨੇ ਦੋ ਮਹੀਨਿਆਂ ਬਾਅਦ ਮਿਲ ਲੈਂਦੇ ਸਨ। ਮਿਲ ਕੇ ਰੋਂਦੇ ਸਨ ਤੇ ਮਿਲ ਕੇ ਪਲ ਦੋ ਪਲ ਹੱਸਦੇ ਸਨ। ਉਸ ਦੀ ਪ੍ਰੇਮਿਕਾ ਹੁਣ ਇੱਕ ਪਟਵਾਰੀ ਨੂੰ ਵਿਆਹੀ ਹੋਈ ਸੀ ਤੇ ਉਹ ਉਸ ਨੂੰ ਮਿਲਣ ਆਇਆ ਮਦਨ ਮੋਹਨ ਨੂੰ ਮਿਲਣ ਆ ਜਾਂਦਾ ਸੀ। ਉਸ ਦੀ ਪ੍ਰੇਮਿਕਾ ਦੇ ਸਹੁਰੇ ਮਦਨ ਮੋਹਨ ਦੇ ਪਿੰਡ ਵਾਲੀ ਸੜਕ 'ਤੇ ਹੀ ਸਨ। ਸੋ, ਅੱਜ ਵੀ ਏਸੇ ਤਰ੍ਹਾਂ ਮਦਨ ਮੋਹਨ ਦਾ ਉਹ ਮਕੈਨਿਕ ਦੋਸਤ ਆ ਗਿਆ ਸੀ।

ਇਸ ਮੀਟਿੰਗ ਵਿਚ ਨਿਰਮਲ ਸਿੰਘ, ਮਦਨ ਮੋਹਨ, ਇਕਬਾਲ, ਕ੍ਰਿਸ਼ਨਾ ਤੇ ਮਕੈਨਿਕ ਦੋਸਤ ਕਈ ਘੰਟੇ ਗੱਲਾਂ ਕਰਦੇ ਰਹੇ। ਮਕੈਨਿਕ ਦੋਸਤ ਸਾਰਾ ਸਮਾਂ ਪਿਆਰ ਦੇ ਨਿਯਮ ਦੱਸਦਾ ਰਿਹਾ।ਕ੍ਰਿਸ਼ਨਾ ਕਦੇ ਰੋ ਪੈਂਦੀ ਤੇ ਕਦੇ ਚੁੱਪ ਕਰ ਜਾਂਦੀ। ਇਕਬਾਲ ਖਿੜ ਖਿੜ ਹੱਸਦੀ। ਮਦਨ ਮੋਹਨ ਚੌੜਾ ਹੋਇਆ ਬੈਠਾ ਸੀ। ਨਿਰਮਲ ਸਿੰਘ ਇਉਂ ਬੈਠਾ ਸੀ ਜਿਵੇਂ ਮੱਲੋ-ਮੱਲੀ ਫੜ ਕੇ ਬਿਠਾਇਆ ਹੋਵੇ। ਅਖ਼ੀਰ ਦੋਵੇਂ ਪ੍ਰੋਫ਼ੈਸਰਾਂ ਤੇ ਦੋਵੇਂ ਕੁੜੀਆਂ ਨੇ ਫ਼ੈਸਲਾ ਕੀਤਾ ਕਿ ਕਿ ਸ਼ਾਮੀ ਸੱਤ ਵਜੇ ਨਹਿਰ ਦੇ ਕੋਲ ਸਿਵਿਆਂ ਵਿਚ ਉੱਗੇ ਵੱਡੇ ਵੱਡੇ ਕਰੀਰਾਂ ਦੀ ਓਟ ਵਿਚ ਮਿਲਿਆ ਜਾਵੇ।

ਵਸਾਖੀ ਵਾਲਾ ਪਿੰਡ

131