ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੁੱਕੀਆਂ ਸਨ। ਕ੍ਰਿਸ਼ਨਾ ਉਸ ਦੇ ਨਾਲ ਹੀ ਆ ਕੇ ਮਿਲਦੀ ਹੈ। ਕ੍ਰਿਸ਼ਨਾ ਦੀਆਂ ਚਾਰ ਵੱਡੀਆਂ ਚਿੱਠੀਆਂ ਤੇਰੇ ਨਾਂ ਆਈਆਂ ਪਈਆਂ ਹਨ। ਕ੍ਰਿਸ਼ਨਾ ਨੇ ਤੇਰੇ ਲਈ ਇੱਕ ਟੈਰਾਲਿਨ ਦਾ ਬੁਸ਼ਰਟ ਦਿੱਤਾ ਹੈ। ਮੈਂ ਇਕਬਾਲ ਨੂੰ ਇੱਕ ਸੋਨੇ ਦੀ ਛਾਪ ਵੀ ਦਿੱਤੀ ਹੈ।' ਮਦਨ ਮੋਹਨ ਨੇ ਇਹ ਵੀ ਲਿਖਿਆ ਸੀ ਕਿ 'ਮਿਲਿਆ ਤਾਂ ਭਾਵੇਂ ਖੁੱਲ੍ਹ ਕੇ ਨਹੀਂ ਜਾਂਦਾ, ਪਰ ਚਿੱਠੀ ਦਾ ਸਿਲਸਿਲਾ ਨਿੱਕ ਸਰਕਾਰੀ ਡਾਕ ਵਾਂਗ ਚੱਲਦਾ ਹੈ।' ਅਖੀਰ ਵਿਚ ਉਸ ਨੇ ਲਿਖਿਆ ਸੀ ਕਿ 'ਨਿਰਮਲ ਸਿੰਘ ਵਸਾਖੀ ਵਾਲੇ ਪਿੰਡ ਇੱਕ ਰਾਤ ਕੱਟ ਕੇ ਲੋਕਾਂ ਨੂੰ ਸੁੰਘੇ ਕਿ ਕਿਤੇ ਕੋਈ ਉਨ੍ਹਾਂ ਦੀ ਗੱਲ ਤਾਂ ਨਹੀਂ ਕਰਦਾ?'

ਇਸ ਚਿੱਠੀ ਦੇ ਮਿਲਣ ਤੋਂ ਤੀਜੇ ਦਿਨ ਹੀ ਨਿਰਮਲ ਸਿੰਘ ਵਸਾਖੀ ਵਾਲੇ ਪਿੰਡ ਆ ਗਿਆ। ਪੁਰਾਣੇ ਯਾਰ ਦੋਸਤਾਂ ਨਾਲ ਪੀਤੀ ਤੇ ਸੁੰਘਿਆ-ਕੋਈ ਵੀ ਗੱਲ ਮਦਨ ਮੋਹਨ ਦੀ ਨਹੀਂ ਸੀ ਹੋਈ। ਉੱਥੇ ਦੂਜੇ ਦਿਨ ਇਕਬਾਲ ਸਾਈਕਲੌਜੀ ਦੇ ਕਈ ਕਈ ਔਖੇ ਸਵਾਲ ਸਮਝਣ ਲਈ ਪ੍ਰੋ: ਨਿਰਮਲ ਸਿੰਘ ਨੂੰ ਪ੍ਰੋ: ਮਦਨ ਸਿੰਘ ਦੇ ਸਮੇਤ ਘਰ ਸੱਦ ਲਿਆ। ਕ੍ਰਿਸ਼ਨਾ ਵੀ ਓਥੇ ਹੀ ਆ ਗਈ ਝਾਕ ਝਕਈਏ ਤੋਂ ਵੱਧ ਹੋਰ ਕੋਈ ਗੱਲ ਨਾ ਹੋ ਸਕੀ।

'ਇਕਬਾਲ ਨਾਲ ਜਿਹੜਾ ਤੇਰਾ ਚਿੱਠੀ ਪੱਤਰ ਚੱਲਦੈ, ਏਸ ਨੂੰ ਕਦੇ ਥੋਡੇ ਪ੍ਰਿੰਸੀਪਲ 'ਖੁਰਾਣਾ' ਨੇ ਚੈੱਕ ਨੀ ਕੀਤਾ?' ਨਿਰਮਲ ਸਿੰਘ ਨੇ ਮਦਨ ਮੋਹਨ ਤੋਂ ਸਧਾਰਨ ਪੁੱਛਿਆ।

'ਪ੍ਰਿੰਸੀਪਲ 'ਖੁਰਾਣਾ' ਨੂੰ ਤਾਂ ਆਪ ਈ ਵਿਹਲ ਨੀ ਮਿਲਦੀ। ਸਾਰਾ ਸਾਰਾ ਦਿਨ ਦਫ਼ਤਰ 'ਚ ਬੈਠਾ ਮਾਡਲ ਸਕੂਲ ਦੀ ਮੈਡਮ ਨੂੰ ਬੁਲਾ ਕੇ ਗੱਲਾਂ ਮਾਰਦਾ ਰਹਿੰਦੈ।' ਮਦਨ ਮੋਹਨ ਨੇ ਜਵਾਬ ਦਿੱਤਾ।

"ਖੁਰਾਣਾ? ਖੁਰਾਣਾ ਤਾਂ ਯਾਰ ਇਹਾ ਜਾ ਲੱਗਦਾ ਨੀ।' ਨਿਰਮਲ ਸਿੰਘ ਨੇ ਪੱਕੀ ਗੱਲ ਪੁੱਛਣੀ ਚਾਹੀ।

'ਲੈ.. ਫੱਕੀ ਉੱਡੀ ਪਈ ਐ।' ਮਦਨ ਮੋਹਨ ਬੋਲਿਆ ਤੇ ਦੱਸਿਆ ਕਿ ਇੱਕ ਦਿਨ ਦੀ ਕਿਸੇ ਬੰਦੇ ਦੀ ਅੱਖੀਂ ਦੇਖੀ ਗੱਲ ਐ-ਖੁਰਾਣਾ ਤੇ ਮੈਡਮ ਉਨ੍ਹਾਂ ਦੇ ਮਾਡਲ ਸਕੂਲ ਦੇ ਦਫ਼ਤਰ ਵਿਚ ਬੈਠੇ ਸੰਗਤਰਿਆਂ ਦੀਆਂ ਫਾੜੀਆਂ ਇੱਕ ਦੂਜੇ ਦੇ ਹੱਥੋਂ ਖੋਹ ਖੋਹ ਕੇ ਖਾ ਰਹੇ ਸਨ। ਦਫ਼ਤਰ ਦਾ ਇੱਕ ਦਰਵਾਜ਼ਾ ਬੰਦ ਸੀ। ਬਾਹਰੋਂ ਕਿਸੇ ਨੇ ਦਰਵਾਜ਼ਾ ਖੜਕਾਇਆ। ਖੁਰਾਣਾ ਚਿਟਕਣੀ ਖੋਲ੍ਹੇ, ਚਿਟਕਣੀ ਖੁੱਲ੍ਹੇ ਨਾ। ਉਸ ਦੀ ਵੱਖੀ ਵਿਚ ਚੂੰਢੀ ਵੱਢ ਕੇ ਤਿੱਖੇ ਨੱਕ ਵਾਲੀ ਮੈਡਮ ਕਹਿੰਦੀ-'ਬੰਦੇ ਦਾ ਪੁੱਤ ਹੋ ਕੇ ਨਿੱਕੀ ਜਿਹੀ ਚਿਟਕਣੀ ਨੀ ਖੁੱਲ੍ਹਦੀ, ਹੋਰ ਕੀ ਤੂੰ ਲੱਲ੍ਹਰ ਲਾਏਂਗਾ।' ਤੇ ਮੈਡਮ ਨੇ ਚਿਟਕਣੀ ਖੋਲ੍ਹ ਦਿੱਤੀ ਤੇ ਦੱਸ ਫੇਰ, 'ਖੁਰਾਣਾ' ਜਿਹੜਾ ਮੈਡਮ ਤੋਂ ਵੱਖੀਆਂ 'ਚ ਚੂੰਢੀਆਂ ਵਢਾਉਂਦੈ ਹੋਰ ਕੀ ਉਹ ਮਹਾਤਮਾ ਗਾਂਧੀ ਐ?'

ਦਸ ਕੁ ਦਿਨਾਂ ਬਾਅਦ ਮਦਨ ਮੋਹਨ ਨੇ ਇੱਕ ਮੀਟਿੰਗ ਆਪਣੇ ਪਿੰਡ ਹੋਰ ਰੱਖ ਲਈ। ਇਸ ਮੀਟਿੰਗ ਵਿਚ ਇਕਬਾਲ ਤਾਂ ਨਾ ਆ ਸਕੀ, ਕ੍ਰਿਸ਼ਨਾ ਇਕੱਲੀ ਆਈ। ਸਬੰਬ ਨਾਲ ਉਹੀ ਮਕੈਨਿਕ ਦੋਸਤ ਫੇਰ ਆ ਧਮਕਿਆ। ਮਦਨ ਮੋਹਨ ਦੇ ਘਰ ਤੋਂ ਚੌਥੇ ਅਗਵਾੜ ਇੱਕ ਤੂੜੀ ਵਾਲੇ ਕੋਠੇ ਵਿਚ ਇਹ ਮੀਟਿੰਗ ਹੋਈ। ਮਕੈਨਿਕ ਦੋਸਤ ਤੇ ਮਦਨ ਮੋਹਨ ਤਾਂ ਹੋਰ ਥਾਂ ਬੈਠੇ ਰਹੇ ਅਤੇ ਨਿਰਮਲ ਸਿੰਘ ਤੇ ਕ੍ਰਿਸ਼ਨਾ ਪਿਆਰ ਦੀਆਂ

134

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ