ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/135

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਾਰਸ਼ਨਿਕ ਗੱਲਾਂ ਅਲਜਬਰੇ ਦਾ ਸਵਾਲ ਸਮਝਣ ਵਾਂਗ ਕਰਦੇ ਰਹੇ। ਕ੍ਰਿਸ਼ਨਾ ਗੱਲ ਗੱਲ ਵਿਚ ਅੱਖਾਂ ਭਰ ਲੈਂਦੀ ਸੀ। ਨਿਰਮਲ ਸਿੰਘ ਨੂੰ ਖੁੱਲ੍ਹ ਕੇ ਗੱਲ ਕਰਨ ਦੀ ਚੱਸ ਸੀ। ਉਸ ਦਿਨ ਉਸ ਨੇ ਕ੍ਰਿਸ਼ਨਾ ਨੂੰ ਹੱਥ ਲਾ ਕੇ ਵੀ ਨਾ ਦੇਖਿਆ। ਤਿੰਨ ਘੰਟੇ ਦੀ ਇਸ ਖੁਸਰੀ ਜਿਹੀ ਮੀਟਿੰਗ ਤੋਂ ਬਾਅਦ ਕ੍ਰਿਸ਼ਨਾ ਆਪਣੇ ਮਾਮੇ ਦੇ ਘਰ ਨੂੰ ਚਲੀ ਗਈ ਤੇ ਉਹ ਤਿੰਨੇ ਮਦਨ ਮੋਹਨ ਦੇ ਘਰ ਨੂੰ। ਜਦ ਉਹ ਤਿੰਨੇ ਘਰ ਪਹੁੰਚੇ ਤਾਂ ਮਦਨ ਮੋਹਨ ਦੀ ਅਤਿ ਸਿਆਣੀ ਮਾਂ ਕੁਦਾੜ ਕੇ ਮਦਨ ਮੋਹਨ 'ਤੇ ਚੜ੍ਹ ਗਈ। ਜਦ ਉਹ ਬਾਹਰਲੇ ਘਰਾਂ ਵੱਲ ਤੂੜੀ ਵਾਲੇ ਕੋਠੇ ਵਿਚ ਮੀਟਿੰਗ ਵਿਚ ਰੁੱਝੇ ਹੋਏ ਸਨ ਤਾਂ ਓਧਰ ਕ੍ਰਿਸ਼ਨਾ ਦਾ ਮਾਮਾ ਤਿੰਨ ਵਾਰੀ ਮਦਨ ਮੋਹਨ ਦੇ ਘਰ ਦਾ ਪਤਾ ਲੈ ਗਿਆ ਸੀ, ਪੁੱਛਦਾ ਸੀ-'ਕ੍ਰਿਸ਼ਨਾ ਐਥੋਂ ਦਾ ਨਾਂ ਲੈ ਕੇ ਆਈ ਐ ਪੜ੍ਹਨ। ਪ੍ਰੋਫੈਸਰ ਸਾਹਿਬ ਆਪ ਸੱਦ ਕੇ ਲਿਆਏ ਐ।' ਘਰ ਵਿਚ ਸੋਗ ਪਿਆ ਦੇਖ ਕੇ ਮਕੈਨਿਕ ਦੋਸਤ ਤੇ ਪ੍ਰੋ: ਨਿਰਮਲ ਸਿੰਘ ਜੀ ਤਾਂ ਉਸ ਵੇਲੇ ਉਥੋਂ ਖਿਸਕ ਗਏ। ਮਾਮੇ ਦੇ ਘਰ ਕ੍ਰਿਸ਼ਨਾ ਨਾਲ ਪਤਾ ਨਹੀਂ ਕਿਹੋ ਜਿਹਾ ਵਰਤਾਓ ਹੋਇਆ।

ਨਿਰਮਲ ਸਿੰਘ ਨੇ ਆਉਣ ਸਾਰ ਕ੍ਰਿਸ਼ਨਾ ਦੀਆਂ ਸਾਰੀਆਂ ਚਿੱਠੀਆਂ ਟੁਕੜੇ ਟੁੱਕੜੇ ਕਰ ਕੇ ਚੁੱਲ੍ਹੇ ਦੀ ਭੇਟ ਕਰ ਦਿੱਤੀਆਂ।

ਉੱਧਰੋਂ ਮਦਨ ਮੋਹਨ ਦੀ ਚਿੱਠੀ ਆਈ-'ਮੈਂ ਤੇਰੇ ਕਹਿਣ 'ਤੇ ਇਕਬਾਲ ਦੀਆਂ ਪਚਵੰਜਾ ਚਿੱਠੀਆਂ ਛਾਤੀ 'ਤੇ ਪੱਥਰ ਰੱਖ ਕੇ ਪਾੜ ਦਿੱਤੀਆਂ ਹਨ ਤੇ ਨਹਿਰ ਦੀ ਭੇਟਾ ਕਰ ਦਿੱਤੀਆਂ ਹਨ। ਹੁਣ ਅੱਗੇ ਤੋਂ ਜਿਹੜੀ ਚਿੱਠੀ ਉਸ ਦੀ ਆਵੇਗੀ, ਉਸ ਨੂੰ ਪਾੜ ਕੇ ਘਰ ਵਾਲੀ ਖੂਹੀ ਵਿਚ ਹੀ ਸਿੱਟ ਲਿਆ ਕਰਾਂਗਾ। ਇਸ ਖੂਹੀ ਦਾ ਪਾਣੀ ਮੈਂ ਪੀਂਦਾ ਹਾਂ। ਇਕਬਾਲ ਦੀਆਂ ਚਿੱਠੀਆਂ ਦੇ ਤਵੀਤ ਪੀ ਕੇ ਮੈਨੂੰ ਵਿਸ਼ਵਾਸ ਹੈ ਕਿ ਮੇਰੇ ਇਸ਼ਕ ਨੂੰ ਸੋਕੇ ਦੀ ਬਿਮਾਰੀ ਨਹੀਂ ਲੱਗੇਗੀ। ਚਿੱਠੀ ਦੇ ਅੰਤ ਵਿਚ ਉਸ ਨੇ ਭਾਵੁਕ ਹੋ ਕੇ ਲਿਖਿਆ ਸੀ ਕਿ ਜਿਸ ਰਾਤ ਉਸ ਨੇ ਚਿੱਠੀਆਂ ਪਾਣੀ ਦੀ ਭੇਟ ਕੀਤੀਆਂ, ਉਸ ਰਾਤ ਗੁਰਦੁਆਰੇ ਲਾਊਡ ਸਪੀਕਰ 'ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਗੂੰਜ ਰਿਹਾ ਸੀ ਤੇ ਉਸ ਨੂੰ ਚਿੱਠੀਆਂ ਦੇ ਟੁਕੜੇ ਪਾਣੀ ਦੀ ਹਿੱਕ 'ਤੇ ਤੁਰੇ ਜਾਂਦੇ ਇਉਂ ਲੱਗਦੇ ਸਨ, ਜਿਵੇਂ ਕਿਸ਼ਤੀਆਂ ਵਿਚ ਕਿਸੇ ਉੱਜੜੇ ਜਾਂਦੇ ਕਾਫ਼ਲੇ ਦਾ ਸਮਾਨ ਲੱਦਿਆ ਜਾ ਰਿਹਾ ਹੋਵੇ।

ਓਧਰ ਇਕਬਾਲ ਦੇ ਘਰ ਵੀ ਕਜੀਆ ਛਿੜ ਗਿਆ ਸੀ। ਉਸ ਦਾ ਪਿਤਾ ਕਹਿੰਦਾ ਸੀ—ਪ੍ਰੋ: ਮਦਨ ਮੋਹਨ ਦਾ ਚੌਥੇ ਪੰਜਵੇਂ ਦਿਨ ਘਰ ਆਉਣ ਦਾ ਕੀ ਮਤਲਬ? ਪੜ੍ਹਨੈ ਤਾਂ ਕਾਲਜ ਵਿਚ ਪੜ੍ਹੋ, ਪੜ੍ਹਾਓ।'

ਕ੍ਰਿਸ਼ਨਾ ਦੇ ਗਵਾਂਢ ਵਿਚ ਇਕ ਵਿਆਹ ਸੀ। ਮਦਨ ਮੋਹਨ ਵੀ ਉਸ ਵਿਆਹ ਵਿਚ ਸ਼ਾਮਲ ਸੀ। ਕ੍ਰਿਸ਼ਨਾ ਤੇ ਇਕਬਾਲ ਨੇ ਇਕ ਸਾਂਝੀ ਚਿੱਟ ਇਕ ਛੋਕਰੇ ਦੇ ਹੱਥ ਮਦਨ ਮੋਹਨ ਨੂੰ ਫੜਾਉਣੀ ਚਾਹੀ। ਚਿੱਟ ਫੜਾਉਂਦੇ ਉਸ ਛੋਕਰੇ ਨੂੰ ਕ੍ਰਿਸ਼ਨਾ ਦੇ ਇੱਕ ਗਵਾਂਢੀ ਮੁੰਡੇ ਨੇ ਦੇਖ ਲਿਆ ਤੇ ਚਿੱਟ ਖੋਹ ਲਈ। ਫੇਰ ਤਾਂ ਪਤਾ ਲੱਗਣ 'ਤੇ ਕ੍ਰਿਸ਼ਨਾ ਦੇ ਪਿਤਾ ਨੇ ਕ੍ਰਿਸ਼ਨਾ 'ਤੇ ਉਹ ਗਜ਼ਬ ਲਿਆਂਦਾ ਕਿ ਰਹੇ ਰੱਬ ਦਾ ਨਾਉਂ। ਡਰ ਕੇ ਕ੍ਰਿਸ਼ਨਾ ਨੇ ਪ੍ਰੋ: ਨਿਰਮਲ ਸਿੰਘ ਦੀਆਂ ਸਾਰੀਆਂ ਚਿੱਠੀਆਂ ਪੁਰਜ਼ਾ ਪੁਰਜ਼ਾ ਕਰ ਦਿੱਤੀਆਂ।

ਹੁਣ ਪੂਰਾ ਬਲੈਕ ਆਊਟ ਸੀ।

ਵਸਾਖੀ ਵਾਲਾ ਪਿੰਡ

135